ਕਿਸਾਨੀ ਖ਼ੁਦਕੁਸੀਆ ‘ਤੇ ਅਕਾਲੀ ਚਾਹੁੰਦੇ ਸਨ ਕੰਮ ਰੋਕੋ ਪ੍ਰਸਤਾਵ ‘ਤੇ ਬਹਿਸ
ਚੰਡੀਗੜ (ਅਸ਼ਵਨੀ ਚਾਵਲਾ) । ਵਿਧਾਨ ਸਭਾ ਦੇ ਸਦਨ ਅੰਦਰ ਵੀਰਵਾਰ ਨੂੰ ਕੰਮ ਰੋਕੋ ਪ੍ਰਸਤਾਵ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਰੱਜ ਕੇ ਹੰਗਾਮਾ ਕੀਤਾ ਪਰ ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਕੰਮ ਰੋਕੋ ਪ੍ਰਸਤਾਵ ਨੂੰ ਰੱਦ ਕਰਦੇ ਹੋਏ ਬਹਿਸ ਕਰਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਜਿਸ ਦਾ ਕਾਰਨ ਪ੍ਰਸਤਾਵ ਠੀਕ ਸਮੇਂ ਸਿਰ ਨਾ ਪੁੱਜਣ ਬਾਰੇ ਦੱਸਿਆ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਪ੍ਰਸਤਾਵ ਲੈਣ ਵਾਲੇ ਕਰਮਚਾਰੀ ਦੀ ਬਰਖ਼ਾਸਤਗੀ ਤੱਕ ਮੰਗ ਲਈ। ਜਿਸ ਤੋਂ ਬਾਅਦ ਕਾਫ਼ੀ ਦੇਰ ਹੰਗਾਮਾ ਕਰਨ ਪਿੱਛੋਂ ਅਕਾਲੀ ਵਿਧਾਇਕ ਆਪਣੇ ਬੈਂਚ ‘ਤੇ ਜਾ ਕੇ ਬੈਠ ਗਏ।
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਪਰਮਿੰਦਰ ਢੀਂਡਸਾ ਅਤੇ ਬਿਕਰਮ ਮਜੀਠੀਆ ਨੇ ਜ਼ੀਰੋ ਕਾਲ ਦੌਰਾਨ ਖੜੇ ਹੁੰਦੇ ਹੋਏ ਕਿਹਾ ਉਨਾਂ ਵਲੋਂ ਇੱਕ ਕੰਮ ਰੋਕੋ ਪ੍ਰਸਤਾਵ ਭੇਜਿਆ ਗਿਆ ਸੀ, ਜਿਸ ‘ਤੇ ਬਹਿਸ ਹੋਣੀ ਚਾਹੀਦੀ ਹੈ। ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਉਨਾਂ ਦਾ ਪ੍ਰਸਤਾਵ ਸਵੇਰੇ 9:30 ‘ਤੇ ਪੁੱਜਾ ਹੈ, ਜਦੋਂ ਕਿ ਨਿਯਮਾਂ ਅਨੁਸਾਰ 2 ਘੰਟੇ ਪਹਿਲਾਂ ਪਹੁੰਚਣਾ ਚਾਹੀਦਾ ਹੈ। ਬਿਕਰਮ ਮਜੀਠੀਆ ਨੇ ਕਿਹਾ ਕਿ ਉਨਾਂ ਵੱਲੋਂ ਬੀਤੀ ਰਾਤ ਹੀ ਤਿਰਲੋਕ ਨਾਥ ਦੇ ਨਾਂਅ ਕਰਮਚਾਰੀ ਨੂੰ ਇਹ ਪ੍ਰਸਤਾਵ ਰਿਸੀਵ ਕਰਵਾ ਦਿੱਤਾ ਸੀ।
ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਉਹ ਅਧਿਕਾਰਤ ਅਧਿਕਾਰੀ ਨਹੀਂ ਹੈ ਅਤੇ ਇਹ ਪ੍ਰਸਤਾਵ ਖ਼ੁਦ ਵਿਧਾਨ ਸਭਾ ਦੀ ਸਕੱਤਰ ਨੂੰ ਦੇਣਾ ਚਾਹੀਦਾ ਸੀ, ਜਿਸ ਕਾਰਨ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ। ਬਿਕਰਮ ਮਜੀਠੀਆ ਨੇ ਕਿਹਾ ਕਿ ਵਿਧਾਨ ਸਭਾ ਦੇ ਕਰਮਚਾਰੀ ਨੇ ਪ੍ਰਸਤਾਵ ਰਸੀਵ ਕਰਦੇ ਹੋਏ ਉਨਾਂ ਨੂੰ ਗੁਮਰਾਹ ਕੀਤਾ ਹੈ, ਇਸ ਲਈ ਉਸ ਖ਼ਿਲਾਫ਼ ਕਾਰਵਾਈ ਕਰਦੇ ਹੋਏ ਮੁਅੱਤਲ ਕਰਨ ਦੇ ਨਾਲ ਹੀ ਨੌਕਰੀ ਤੋਂ ਵੀ ਬਰਖ਼ਾਸਤ ਕੀਤਾ ਜਾਏ। ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਇਹ ਗਲਤ ਹੈ, ਇੰਜ ਨਹੀਂ ਹੋ ਸਕਦਾ ਹੈ। ਜਿਸ ‘ਤੇ ਕਾਫ਼ੀ ਦੇਰ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਹੰਗਾਮਾ ਕਰਦੇ ਰਹੇ ਅਤੇ ਬਾਅਦ ਵਿੱਚ ਆਪਣੇ ਬੈਂਚ ‘ਤੇ ਜਾ ਕੇ ਬੈਠ ਗਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।