ਹਰਪ੍ਰੀਤ ਸਿੰਘ ਬਰਾੜ
ਕੇਂਦਰ ਸਰਕਾਰ ਨੇ ਪਿਛਲੇ ਦਿਨੀਂ ਆਪਣੇ ਬਜਟ ‘ਚ ਲੁਭਾਉਣ ਵਾਲੇ ਐਲਾਨ ਤਾਂ ਜਰੂਰ ਕਰ ਦਿੱਤੇ ਸਨ। ਪਰ ਸਿੱਖਿਆ ਜਿਹਾ ਸਭ ਤੋਂ ਜਿਆਦਾ ਅਹਿਮ ਅਤੇ ਬੁਨਿਆਦੀ ਖੇਤਰ ਅਣਛੂਹਿਆ ਹੀ ਰਿਹਾ। ਸਰਕਾਰ ਆਪਣੀ ਪਿੱਠ ਥਾਪੜਦੀ ਰਹੀ ਕਿ ਉਸ ਨੇ ਰੱਖਿਆ ਬਜਟ ਦੀ ਰਕਮ ‘ਚ ਵਾਧਾ ਕਰ ਦਿੱਤਾ, ਚੰਗਾ ਹੁੰਦਾ ਕਿ ਸਿੱਖਿਆ ਦੇ ਬਜਟ ‘ਚ ਵਾਧਾ ਕਰਕੇ ਸਰਕਾਰ ਨੇ ਸਹੀ ਕਦਮ ਚੁੱਕਿਆ ਹੁੰਦਾ। ਅਜਾਦੀ ਤੋਂ ਲੈਕੇ ਅੱਜ ਤੱਕ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਮੁੱਢਲੇ ਏਜੰਡੇ ‘ਚ ਸਿੱਖਿਆ ਕਦੇ ਨਹੀਂ ਰਹੀ। ਹੋਰ ਦੇਸ਼ਾਂ ‘ਚ ਸਿੱਖਿਆ ‘ਤੇ ਸਾਰੇ ਬਜਟ ਜਾਂ ਜੀਡੀਪੀ ਦੀ ਜਿੰਨੀ ਫੀਸਦ ਰਕਮ ਖਰਚ ਕੀਤੀ ਜਾਂਦੀ ਹੈ ਸਾਡੇ ਦੇਸ਼ ‘ਚ ਉਸ ਦਾ ਇਕ ਚੌਥਾਈ ਜਾਂ ਛੇਵਾਂ ਹਿੱਸ ਹੀ ਖਰਚ ਕੀਤਾ ਜਾਂਦਾ ਹੈ । ਦੇਸ਼ ਭਰ ‘ਚ ਕਿਸਾਨਾਂ ਦੀ ਹਾਲਤ ਦਾ ਰੋਣਾ ਹੀ ਰੋਇਆ ਜਾਂਦਾ ਹੈ ਅਤੇ ਉਨ੍ਹਾਂ ਦੀ ਕਰਜਾ ਮੁਆਫੀ ਲਈ ਹਜਾਰਾਂ ਕਰੋੜ ਰੁਪਏ ਲੁਟਾ ਦਿੱਤੇ ਜਾਂਦੇ ਹਨ। ਜੇਕਰ ਅਸੀਂ ਸਿੱਖਿਆ ‘ਤੇ ਜੋਰ ਦੇਣਾ ਸ਼ੁਰੂ ਕਰੀਏ ਤਾਂ ਦੇਸ਼ ਦਾ ਕਿਸਾਨ ਸਿੱਖਿਅਤ ਹੋ ਕੇ ਖੇਤੀਬਾੜੀ ਦੇ ਨਵੇਂ ਅਤੇ ਵਿਗਿਆਨਕ ਤਰੀਕੇ ਅਪਣਾਵੇਗਾ। ਕਿਸਾਨ ਪੈਦਾਵਾਰ ‘ਚ ਵਾਧਾ ਕਰੇਗਾ, ਫਿਜ਼ੂਲਖਰਚੀ ਘੱਟ ਕਰਕੇ ਖੇਤੀ ਨੂੰ ਫਾਇਦੇਮੰਦ ਬਣਾਵੇਗਾ।
ਅੱਜ ਦੇਸ਼ ‘ਚ ਖੇਤੀ ਜਾਂ ਕਿਸਾਨਾਂ ਦੀ ਦਸ਼ਾ ਸਿਰਫ ਸਰਕਾਰ ਦੇ ਕਾਰਨ ਹੀ ਖਸਤਾ ਨਹੀਂ ਹੈ। ਇਸਦੇ ਲਈ ਕਿਸਾਨ ਵੀ ਘੱਟ ਕਸੂਰਵਾਰ ਨਹੀਂ ਹੈ। ਕਿਸਾਨ ਅੱਜ ਵੀ ਆਪਣੀ ਪੁਰਾਣੀ ਸੋਚ ਨਾਲ ਖੇਤੀ ਕਰਦਾ ਹੈ। ਉਹ ਅੱਜ ਵੀ ਸਸਤਾ ਬੀਜ ਲੈਣ ਦੇ ਚੱਕਰ ‘ਚ ਨਕਲੀ ਅਤੇ ਘਟੀਆ ਬੀਜ ਲੈ ਲੈਂਦਾ ਹੈ। ਦੋ ਸਪ੍ਰੇਆਂ ਨੂੰ ਮਿਲਾ ਕੇ ਛਿੜਕਾਅ ਕਰਦਾ ਹੈ। ਖਾਦਾਂ ਦਾ ਇਸਤੇਮਾਲ ਸਹੀ ਤਰੀਕੇ ਨਾਲ ਨਹੀਂ ਹੁੰਦਾ ਹੈ। ਖੇਤਾਂ ‘ਚ ਫਸਲਾਂ ਦੇ ਰਹਿੰਦ ਖੂੰਹਦ ਨੂੰ ਸਾੜਿਆ ਜਾਂਦਾ ਹੈ ਅਤੇ ਜੈਵਿਕ ਖੇਤੀ ਨੂੰ ਅਪਣਾਉਣ ‘ਚ ਕਿਸਾਨ ਅੱਜ ਵੀ ਦਿਲਚਸਪੀ ਨਹੀਂ ਲੈਂਦਾ ਹੈ। ਜਦੋਂ ਚਾਰੇ ਪਾਸੇ ਸਿੱਖਿਆ ਦਾ ਪਸਾਰ ਹੋਵੇਗਾ, ਕਿਸਾਨਾਂ ਦੇ ਪੁੱਤਰ ਕਿਤਾਬਾਂ ਦੇ ਪਾਠਕ੍ਰਮ ‘ਚ ਖੇਤੀਬਾੜੀ ਬਾਰੇ ਪੜਣਗੇ ਤਾਂ ਯਕੀਨਨ ਹੀ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਹੋਣ ਲੱਗਣਗੇ। ਸਿੱਖਿਆ ਦੇਸ਼ ਦੀ ਹਰ ਸਮੱਸਿਆ , ਹਰ ਬਿਮਾਰੀ , ਹਰ ਕਮੀ ਦਾ ਇਲਾਜ ਹੈ, ਸਿੱਖਿਆ ਦੇਣ ਤੋਂ ਪਹਿਲਾਂ ਪੂਰੇ ਸਮਾਜ ‘ਚ ਇਹੀ ਜਾਗਰੂਕਤਾ ਲਿਆਂਦੀ ਜਾਣੀ ਜਰੂਰੀ ਹੈ, ਕਿ ਸਿੱਖਿਆ ਕਿਉਂ ਹਾਸਲ ਕੀਤੀ ਜਾਣੀ ਚਾਹੀਦੀ ਹੈ? ਦੇਸ਼ ਦੇ ਕਈ ਵਰਗਾਂ ‘ਚ ਅੱਜ ਵੀ ਇਹ ਭਰਮ ਭੁਲੇਖਾ ਹੈ ਕਿ ਸਿੱਖਿਆ ਨੌਕਰੀ ਲੱਗਣ ਦਾ ਖਾਸ ਤੌਰ ‘ਤੇ ਸਰਕਾਰੀ ਨੌਕਰੀ ਦਾ ਇਕ ਜਰੀਆ ਹੈ। ਇਹ ਧਾਰਣਾ ਬਿਲਕੁਲ ਨਿਰਅਧਾਰ ਅਤੇ ਗੁੰਮਰਾਹਕੁਨ ਹੈ।
ਸਿੱਖਿਆ ਹਰ ਇਨਸਾਨ ਨੂੰ ਜਿੰਦਗੀ ਦਾ ਸਾਹਮਣਾ ਕਰਨ ਦੇ ਲਈ ਸਮਰੱਥ ਬਣਾਉਂਦੀ ਹੈ। ਉਹ ਮਨੁੱਖ ਨੂੰ ਇਸ ਲਾਇਕ ਬਣਾਉਂਦੀ ਹੈ ਕਿ ਉਹ ਆਤਮ ਨਿਰਭਰ ਹੋ ਕੇ ਚੰਗੀ ਜਿੰਦਗੀ ਬਤੀਤ ਕਰੇ ਅਤੇ ਜਿੰਮੇਵਾਰ ਨਾਗਰਿਕ ਬਣਕੇ ਸਮਾਜ ਅਤੇ ਦੇਸ਼ ਦੇ ਪ੍ਰਤੀ ਆਪਣੇ ਫਰਜ ਨਿਭਾਵੇ। ਜੇਕਰ ਉਹ ਸਿੱਖਿਆ ਪ੍ਰਾਪਤ ਕਰਦਾ ਹੈ ਤਾਂ ਪੂਰੀ ਜਿੰਮੇਵਾਰੀ ਦੇ ਨਾਲ ਅਜਿਹਾ ਕਰੇ। ਨਕਲ ਮਾਰ ਕੇ, ਪਾਠਪੁਸਤਕਾਂ ਦੀ ਥਾਂ ਕੁੰਜੀਆਂ ਅਤੇ ਗਾਈਡਾਂ ਦੀ ਮਦਦ ਨਾਲ ਸਿਰਫ ਪਾਸ ਹੋਣ ਲਾਇਕ ਨੰਬਰ ਹਾਸਲ ਕਰਨਾ ਹੀ ਸਿੱਖਿਆ ਪ੍ਰਾਪਤ ਕਰਨਾ ਨਹੀਂ ਹੈ। ਵਿੱਦਿਆ ਪ੍ਰਾਪਤ ਕਰਨ ਦਾ ਅਰਥ ਹੈ ਕਿ ਪਾਠਕ੍ਰਮ ਦੀਆਂ ਸਾਰੀਆਂ ਪਾਠਪੁਸਤਕਾਂ ਨੂੰ ਪੜ੍ਹਨਾ, ਪੂਰੇ ਕੋਰਸ ਨੂੰ ਸਮਝਣਾ ਅਤੇ ਖੇਡਾਂ ਵਿੱਚ ਸਰਗਰਮ ਹੋਣਾ, ਸਹਿਸਿੱਖਿਆਤਮਕ ਗਤੀਵਿਧੀਆਂ ਅਤੇ ਸਮਾਜ ਸੇਵਾ ਦੇ ਕਾਰਜਾਂ ਵਿੱਚ ਸਰਗਰਮ ਰਹਿਣਾ , ਇਹੀ ਅਸਲੀ ਸਿੱਖਿਆ ਹੈ।
ਜਦੋਂ ਕਿਸਾਨ ਦੇ ਪੁੱਤਰ ਨੂੰ ਸਿੱਖਿਆ ਮਿਲੇਗੀ ਤਾਂ ਕਿਤੇ ਨਾ ਕਿਤੇ ਉਸ ਦੀ ਖੇਤੀ ਬਾੜੀ ਪ੍ਰਤੀ ਰੁਚੀ ਵੀ ਵਧੇਗੀ। ਭਾਵੇਂ ਉਸ ਦੇ ਪਾਠਕ੍ਰਮ ਜਾਂ ਕਿਤਾਬਾਂ ਵਿਚ ਖੇਤੀਬਾੜੀ ਹੈ ਜਾਂ ਨਹੀਂ , ਉਸ ਨੂੰ ਕਿਤਾਬਾਂ , ਰਸਾਲਿਆਂ , ਅਖਬਾਰਾਂ ਅਤੇ ਖੋਜ ਪੱਤਰਾਂ ਰਾਹੀਂ ਲਾਇਬ੍ਰੇਰੀ ਵਿਚ ਬੈਠ ਕੇ ਆਪਣੀ ਖੇਤੀ ਨੂੰ ਸਮਝਣ ਅਤੇ ਉਸ ਨੂੰ ਹੋਰ ਬਿਹਤਰ ਬਣਾਉਣ ਬਾਰੇ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈ। ਉਹ ਇਕ ਵਿਦਿਆਰਥੀ ਦੇ ਰੂਪ ‘ਚ ਕਿਸੇ ਵਿਗਿਆਨ ਕੇਂਦਰ , ਖੇਤੀਬਾੜੀ ਖੋਜ ਕੇਂਦਰ ਅਤੇ ਉੱਨਤ ਕਿਸਾਂਨਾਂ ਦੇ ਫਾਰਮਾਂ ‘ਤੇ ਜਾਵੇ । ਉਹ ਖੇਤੀ ਵਿੱਚ ਦਿਲਚਸਪੀ ਦਿਖਾਵੇ ਅਤੇ ਅਗਾਂਹਵਧੂ ਕਿਸਾਨਾਂ ਦੇ ਤਜ਼ਰਬਿਆਂ ਨੂੰ ਆਪਣੀ ਖੇਤੀ ਵਿਚ ਲਾਗੂ ਕਰਨ ਦੀ ਕੋਸ਼ਿਸ਼ ਕਰੇ। ਇਹੀ ਗੱਲ ਜਿੰਦਗੀ ਦੇ ਹੋਰ ਖੇਤਰਾਂ ‘ਚ ਵੀ ਲਾਗੂ ਹੁੰਦੀ ਹੈ। ਇਕ ਵਪਾਰੀ ਜਾਂ ਉੱਦਮੀ ਦਾ ਪੁੱਤਰ ਆਪਣੀ ਪੜ੍ਹਾਈ ਦੌਰਾਨ ਆਪਣੇ ਪਰਿਵਾਰਕ ਕਿੱਤੇ ਦੇ ਬਾਰੇ ਨਵੀਆਂ ਤਕਨੀਕੀ ਅਤੇ ਵਿਵਹਾਰਕ ਜਾਣਕਾਰੀ ਗਿਆਨ ਦੇ ਰੂਪ ‘ਚ ਸਿੱਖ ਸਕਦਾ ਹੈ। ਆਪਣੇ ਮੋਬਾਇਲ ਜਾਂ ਕੰਪਿਊਟਰ ਵਿੱਚ ਫਿਜੂਲ ਸਮੱਗਰੀ, ਚੁਟਕਲੇ ਜਾਂ ਸੰਗੀਤ ਦੀ ਥਾਂ , ਆਪਣੇ ਖੇਤਰ ਨਾਲ ਸਬੰਧਤ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੋ। ਇਹ ਸਰਾਸਰ ਝੂਠ ਹੈ ਕਿ ਸਰਕਾਰੀ ਨੌਕਰੀਆਂ ਤੋਂ ਬਿਨਾਂ ਬੇਰੋਜਗਾਰੀ ਖਤਮ ਨਹੀਂ ਕੀਤੀ ਜਾ ਸਕਦੀ। ਬੇਰੁਜ਼ਗਾਰੀ ਸਰਕਾਰ ਨਹੀਂ ਖਤਮ ਕਰਦੀ , ਸਮਾਜ ਅਤੇ ਉਦਯੋਗ ਵੀ ਨਹੀਂ ਖਤਮ ਕਰਦੇ।
ਤੁਸੀਂ ਆਪਣੇ ਚਾਰੇ ਪਾਸੇ ਨਜਰ ਘੁਮਾਓ, ਤਾਂ ਤੁਹਾਨੂੰ ਅਹਿਜੇ ਕ੍ਰਾਂਤੀਕਾਰੀ ਨੌਜੁਵਾਨ ਮਿਲ ਜਾਣਗੇ, ਜਿਨ੍ਹਾਂ ਨੇ ਆਈਆਈਟੀ ਅਤੇ ਆਈਆਈਐਮ ਦੀਆਂ ਸਭ ਤੋਂ ਉੱਚੀਆਂ ਡਿਗਰੀਆਂ ਹਾਸਲ ਕਰਕੇ , ਸਭ ਤੋਂ ਉ-ੱਚੀਆਂ ਤਨਖਾਹਾਂ ਛੱਡ ਕੇ ਬੇਹੱਦ ਸਧਾਰਣ ਕੰਮ ਨੂੰ ਚੁਣਿਆ ਅਤੇ ਚੁਣੌਤੀ ਸਵੀਕਾਰ ਕੀਤੀ। ਦੇਸ਼ ‘ਚ ਸਭ ਤੋਂ ਵੱਡੀ ਬਿਮਾਰੀ ਇਹ ਹੈ ਕਿ ਜਿਆਦਾਤਰ ਨੌਜਵਾਨ ਸਰਕਾਰੀ ਨੌਕਰੀਆਂ ਹਾਸਲ ਕਰਕੇ ਹਰਾਮ ਦੀ ਕਮਾਈ ਕਰਨਾ ਚਾਹੁੰਦੇ ਹਨ, ਹਰ ਜਿੰਮੇਵਾਰੀ ਤੋਂ ਬਚਣਾ ਚਾਹੁੰਦੇ ਹਨ। ਜੇਕਰ ਉਹ ਆਪਣੇ ਅੰਦਰ ਕਾਬਲੀਅਤ ਪੈਦਾ ਕਰਕੇ ਆਪਣਾ ਕੰਮ ਸ਼ੁਰੂ ਕਰਨ ਤਾਂ ਉਹ ਕਿਤੇ ਜਿਆਦਾ ਅਣਖ ਵਾਲਾ ਕੰਮ ਹੋਵੇਗਾ, ਅਤੇ ਅੰਦਰੋ ਸੰਤੁਸ਼ਟੀ ਦੇਵੇਗਾ ਅਤੇ ਉਸ ਵਿੱਚ ਘੱਟ ਸਮੇਂ ‘ਚ ਜਿਆਦਾ ਸਫਲਤਾ ਮਿਲਣ ਦੀ ਸੰਭਾਵਨਾ ਹੈ। ਇਸੇ ਲਈ ਸਿੱਖਿਆ ਦਾ ਬਜਟ ਵਧਾਉਣ ਦੀ ਗੱਲ ਕੀਤੀ ਜਾਂਦੀ ਹੈ ਸਿੱਖਿਆ ਮਨੁੱਖ ਨੂੰ ਜਿਆਦਾ ਸਮਰੱਥਾ, ਜਿਆਦਾ ਹੌਂਸਲੇ ਵਾਲਾ ਬਣਾਉਂਦੀ ਹੈ। ਮਨੁੱਖ ਵਿਚ ਖੁਆਇਸ਼ ਹੋਵੇ ਪਰ ਖੁਆਇਸ਼ ਨੂੰ ਪੂਰਾ ਕਰਨ ਦੇ ਲਾਇਕ ,ਹੁਨਰ, ਸਮਰੱਥਾ ਅਤੇ ਯੋਗਤਾ ਵੀ ਹੋਣੀ ਬਹੁਤ ਜਰੂਰੀ ਹੈ। ਸਿਰਫ ਸਿੱਖਿਆ ਹੀ ਇਨ੍ਹਾਂ ਗੁਣਾਂ ਨੂੰ ਪੂਰਾ ਕਰ ਸਕਦੀ ਹੈ।
ਬਠਿੰਡਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।