ਅਮਰਿੰਦਰ ਸਿੰਘ ਨੂੰ ਦੱਸਿਆ ਵਿਸਵਾਸ਼ਘਾਤੀ, ਮੰਗਿਆ ਖ਼ੁਦਕੁਸ਼ੀਆਂ ਦਾ ਹਿਸਾਬ
ਚੰਡੀਗੜ੍ਹ (ਅਸ਼ਵਨੀ ਚਾਵਲਾ) | ਪੰਜਾਬ ‘ਚ ਖ਼ੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਪੀੜਤ ਪਰਿਵਾਰਾਂ ਨੂੰ ਲੈ ਕੇ ਮੰਗਲਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਦੇ ਬਾਹਰ ਪੁੱਜ ਗਿਆ ਪੁਲਿਸ ਨੇ ਚੌਂਕ ‘ਚ ਇਕੱਠੇ ਹੋਏ ਆਗੂਆਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਤਾਂ ਵੱਡੀ ਗਿਣਤੀ ‘ਚ ਆਏ ਅਕਾਲੀਆਂ ਨੇ ਮੌਕੇ ‘ਤੇ ਹੀ ਸੜਕ ਵਿਚਕਾਰ ਬੈਠਦੇ ਹੋਏ ਧਾਰਨਾ ਮਾਰ ਦਿੱਤਾ।
ਪੀੜਤ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਖ਼ੁਦ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਵੀ ਆ ਕੇ ਬੈਠ ਗਏ ਸੁਖਬੀਰ ਬਾਦਲ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨਾਂ ਦੇ ਮੁਕੰਮਲ ਕਰਜ਼ਿਆਂ ਨੂੰ ਮੁਆਫ ਕਰਨ ਤੇ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਇੱਕ ਸਰਕਾਰੀ ਨੌਕਰੀ ਸਣੇ 10 ਲੱਖ ਰੁਪਏ ਮੁਆਵਜ਼ਾ ਦੇਣ ਦੇ ਵਾਅਦਿਆਂ ਤੋਂ ਮੁਕਰਨ ‘ਤੇ ਇਨਸਾਫ ਦੀ ਮੰਗ ਕੀਤੀ
ਉਨ੍ਹਾਂ ਪੀੜਤ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਅਕਾਲੀ ਦਲ ਉਨ੍ਹਾਂ ਦੀ ਲੜਾਈ ਲੜੇਗਾ ਤੇ ਉਨ੍ਹਾਂ ਨੂੰ ਹਰ ਹੀਲੇ ਇਨਸਾਫ ਦਿਵਾਏਗਾ।
ਇਸ ਮੌਕੇ ਪਰਕਾਸ਼ ਸਿੰਘ ਬਾਦਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ, ਅਧਿਆਪਕਾਂ ਤੇ ਸਰਕਾਰੀ ਕਰਮਚਾਰੀਆਂ ਨੂੰ ਮਿਲਣ ਤੋਂ ਇਨਕਾਰ ਕਰਨਾ ਬਹੁਤ ਹੀ ਅਣਮਨੁੱਖੀ ਤੇ ਕਠੋਰ ਵਤੀਰਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਦੁਖੀ ਲੋਕ ਉਸ ਨੂੰ ਆਪਣੀਆਂ ਸ਼ਿਕਾਇਤਾਂ ਤੋਂ ਜਾਣੂ ਕਰਵਾਉਣਾ ਚਾਹੁੰਦੇ ਹਨ ਤਾਂ ਉਹ ਇਨ੍ਹਾਂ ਪੀੜਤਾਂ ਨੂੰ ਮਿਲ ਕੇ ਦੁਖੜੇ ਸੁਣਨ ਦੀ ਥਾਂ ਉਨ੍ਹਾਂ ਦਾ ਸਵਾਗਤ ਪੁਲਿਸ ਦੇ ਡੰਡਿਆਂ ਤੇ ਪਾਣੀ ਦੀਆਂ ਤੋਪਾਂ ਨਾਲ ਕਰਦਾ ਹੈ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਪੁੱਛੇ ਸਵਾਲ ਕਿ ਅਕਾਲੀ-ਭਾਜਪਾ ਸਰਕਾਰ ਨੇ ਕਿਸਾਨਾਂ ਲਈ ਕੀ ਕੀਤਾ ਸੀ ਦਾ ਹਵਾਲਾ ਦਿੰਦਿਆਂ ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ 15 ਸਾਲਾਂ ਤੱਕ ਕਿਸਾਨਾਂ ਨੂੰ ਮੁਫਤ ਬਿਜਲੀ ਦੇ ਰੂਪ ‘ਚ ਹਰ ਸਾਲ 6 ਹਜ਼ਾਰ ਕਰੋੜ ਰੁਪਏ ਦੀ ਰਾਹਤ ਦਿੱਤੀ ਹੈ, ਜੋ ਕਿ ਕੈਪਟਨ ਦੇ ਮੁਕੰਮਲ ਕਰਜ਼ਾ ਮੁਆਫੀ ਦੇ ਵਾਅਦੇ ਦੀ ਰਾਸ਼ੀ ਤੋਂ ਕਿਤੇ ਵੱਧ ਹੈ। ਉਨ੍ਹਾਂ ਕਿਹਾ ਕਿ ਅਸੀਂ ਫਸਲੀ ਨੁਕਸਾਨ ਦਾ ਮੁਆਵਜ਼ਾ 2 ਹਜ਼ਾਰ ਰੁਪਏ ਪ੍ਰਤੀ ਏਕੜ ਤੋਂ ਵਧਾ ਕੇ 8 ਹਜ਼ਾਰ ਰੁਪਏ ਪ੍ਰਤੀ ਏਕੜ ਕਰਨ ਵਰਗੇ ਮਿਸਾਲੀ ਫੈਸਲੇ ਵੀ ਲਏ ਹਨ।
ਵਿਧਾਨ ਸਭਾ ਨੇੜੇ ਧਰਨੇ ‘ਤੇ ਬੈਠੇ ਪੀੜਤ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹੁਣ ਕਾਂਗਰਸ ਅਕਾਲੀ ਦਲ ਕਿਸਾਨਾਂ ਦੀ ਹੋ ਰਹੀ ਦੁਰਦਸ਼ਾ ਦਾ ਮਸਲਾ ਪਹਿਲਾਂ ਸੂਬੇ ਦੇ ਰਾਜਪਾਲ ਕੋਲ ਲੈ ਕੇ ਜਾਵੇਗਾ ਤੇ ਫਿਰ ਜੇਕਰ ਲੋੜ ਪਈ ਤਾਂ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਵਾਉਣ ਲਈ ਇੱਕ ਰਾਜ ਪੱਧਰੀ ਅੰਦੋਲਨ ਸ਼ੁਰੂ ਕਰੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।