ਬੰਗਾਲ ਦਾ ਹਾਈ ਵੋਲਟੇਜ਼ ਡਰਾਮਾ ਲੋਕ ਸਭਾ ਚੋਣਾਂ ਦੀ ਸਿਆਸੀ ਜ਼ੋਰ-ਅਜ਼ਮਾਈ ਤੋਂ ਵੱਧ ਕੁਝ ਨਹੀਂ ਲੱਗ ਰਿਹਾ ਇਸ ਵਾਰ ਬੰਗਾਲ ਦਾ ਮਾਹੌਲ ਉੱਤਰ ਪ੍ਰਦੇਸ਼ ਦੇ ਚੁਣਾਵੀ ਮਾਹੌਲ ਵਰਗਾ ਬਣ ਗਿਆ ਹੈ ਕੇਂਦਰ ਸਰਕਾਰ ਤੇ ਮਮਤਾ ਸਰਕਾਰ ਦਰਮਿਆਨ ਜੰਗ ਦਾ ਅਖਾੜਾ ਤਾਂ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਦੀ ਹੋਈ ਰੈਲੀ ਤੋਂ ਪਹਿਲਾਂ ਹੀ ਭਖ਼ ਗਿਆ ਸੀ ਜਦੋਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਰੈਲੀ ਦੌਰਾਨ ਭਾਜਪਾ ਵਰਕਰਾਂ ‘ਤੇ ਹਮਲਾ ਕਰਨ ਦਾ ਦੋਸ਼ ਲੱਗਾ ਚਿੱਟਫੰਡ ਮਾਮਲੇ ‘ਚ ਸੀਬੀਆਈ ਅਧਿਕਾਰੀਆਂ ਵੱਲੋਂ ਕੋਲਕਾਤਾ ਦੇ ਪੁਲਿਸ ਕਮਿਸ਼ਨਰ ਦੀ ਗ੍ਰਿਫ਼ਤਾਰੀ ਦੀ ਤਿਆਰੀ ਤੇ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਧਰਨਾ ਲਾਏ ਜਾਣ ਨਾਲ ਦੇਸ਼ ਅੰਦਰ ਸੰਵਿਧਾਨਕ ਸੰਕਟ ਖੜ੍ਹਾ ਹੋ ਗਿਆ ਸੀ।
ਇਸ ਘਟਨਾਚੱਕਰ ਨੇ ਮਮਤਾ ਬੈਨਰਜੀ ਨੂੰ ਸ਼ੁਹਰਤ ਖੱਟਣ ਦਾ ਪੂਰਾ ਮੌਕਾ ਦਿੱਤਾ ਮਮਤਾ ਨੇ ਧਰਨੇ ਵਾਲੀ ਥਾਂ ‘ਤੇ ਹੀ ਸਾਰਾ ਕੰਮ ਕਰਕੇ ਆਪਣੇ-ਆਪ ਨੂੰ ਬੰਗਾਲ ਦੀ ਹੀਰੋ ਬਣਾ ਹੀ ਲਿਆ ਉਨ੍ਹਾਂ ਵੱਲੋਂ ਸੂਬੇ ਦੀ ਪੁਲਿਸ ਦੀ ਕੀਤੀ ਗਈ ਪ੍ਰਸੰਸਾ ਵੀ ਉਨ੍ਹਾਂ ਲਈ ਫਾਇਦੇਮੰਦ ਰਹੀ ਜੇਕਰ ਸੀਬੀਆਈ ਪੁਲਿਸ ਕਮਿਸ਼ਨਰ ਨੂੰ ਗ੍ਰਿਫ਼ਤਾਰ ਕਰਨ ‘ਚ ਕਾਮਯਾਬ ਹੋ ਜਾਂਦੀ ਤਾਂ ਬੰਗਾਲ ਸਰਕਾਰ ਤੇ ਤ੍ਰਿਣਮੂਲ ਕਾਂਗਰਸ ਪਾਰਟੀ ਦੀ ਸ਼ਾਨ ਨੂੰ ਵੱਟਾ ਲੱਗ ਜਾਣਾ ਸੀ ਮਮਤਾ ਨੇ ਜ਼ੋਰਦਾਰ ਪੈਂਤਰਾ ਵਰਤਦਿਆਂ ਜਿੱਥੇ ਨਾ ਸਿਰਫ ਆਪਣੀ ਸਰਕਾਰ ਲਈ ਰੱਖਿਆਤਮਕ ਪੈਂਤਰਾ ਵਰਤਿਆ, ਉੱਥੇ ਭਾਜਪਾ ਤੇ ਕੇਂਦਰ ਪ੍ਰਤੀ ਹਮਲਾਵਰ ਰੁਖ਼ ਵੀ ਅਪਣਾਇਆ ਸੁਪਰੀਮ ਕੋਰਟ ਵੱਲੋਂ ਪੁਲਿਸ ਕਮਿਸ਼ਨਰ ਦੀ ਗ੍ਰਿਫ਼ਤਾਰੀ ਨਾ ਕਰਨ ਦਾ ਆਦੇਸ਼ ਦੇਣ ਨਾਲ ਤ੍ਰਿਣਮੂਲ ਆਪਣੇ-ਆਪ ਨੂੰ ਜਿੱਤੀ ਹੋਈ ਮਹਿਸੂਸ ਕਰ ਰਹੀ ਹੈ, ਦੂਜੇ ਪਾਸੇ ਕਮਿਸ਼ਨਰ ਤੋਂ ਸ਼ਿਲਾਂਗ ‘ਚ ਪੁੱਛਗਿੱਛ ਕਰਨ ਦੇ ਆਦੇਸ਼ ਨਾਲ ਕੇਂਦਰ ਸਰਕਾਰ ਦੀ ਲਾਜ ਮਸਾਂ-ਮਸਾਂ ਬਚੀ ਹੈ।
ਭ੍ਰਿਸ਼ਟਾਚਾਰ ਦੀ ਜਾਂਚ ਦੇ ਇਸ ਮਾਮਲੇ ‘ਚ ਸਿਆਸੀ ਜੱਦੋ-ਜਹਿਦ ਨਾਲ ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ਦੇ ਵੱਕਾਰ ਨੂੰ ਠੇਸ ਪੁੱਜੀ ਹੈ ਇੱਕ ਵਾਰ ਫੇਰ ਸੀਬੀਆਈ ਦੀ ਭੂਮਿਕਾ ‘ਤੇ ਸਵਾਲ ਉੱਠਿਆ ਹੈ ਕੇਂਦਰ ਤੇ ਸੂਬਾ ਸਰਕਾਰ ਦਰਮਿਆਨ ਸਿਆਸੀ ਜੰਗ ਸੁਪਰੀਮ ਕੋਰਟ ਦੇ ਆਦੇਸ਼ ਨਾਲ ਹੀ ਠੰਢੀ ਹੋ ਸਕੀ ਇਸ ਮਾਮਲੇ ਤੋਂ ਇਹ ਤਾਂ ਸਾਫ ਹੋ ਹੀ ਗਿਆ ਕਿ ਸਿਆਸੀ ਪਾਰਟੀਆਂ ਵੋਟਾਂ ਲਈ ਸਭ ਕੁਝ ਦਾਅ ‘ਤੇ ਲਾ ਸਕਦੀਆਂ ਹਨ ਇਹ ਘਟਨਾਚੱਕਰ ਸਿਆਸੀ ਨਿਘਾਰ ਦੀ ਨਿਸ਼ਾਨੀ ਹੈ ਵੋਟਾਂ ਦੀ ਖੇਡ ‘ਚ ਫਾਇਦਾ ਕਿਸ ਪਾਰਟੀ ਨੂੰ ਹੁੰਦਾ ਹੈ ਇਹ ਤਾਂ ਸਮਾਂ ਹੀ ਦੱਸੇਗਾ ਪਰ ਵੋਟਾਂ ਦੀ ਖੇਡ ‘ਚ ਨਫ਼ਰਤ ਦੀ ਜਿਹੜੀ ਦੀਵਾਰ ਖੜ੍ਹੀ ਕੀਤੀ ਜਾ ਰਹੀ ਹੈ ਉਹ ਦੇਸ਼ ਦੇ ਲੋਕਤੰਤਰੀ ਢਾਂਚੇ ਨੂੰ ਧੱਬਾ ਲਾਉਣ ਦੇ ਨਾਲ-ਨਾਲ ਅਮਨ-ਅਮਾਨ ਲਈ ਵੀ ਖਤਰਨਾਕ ਸਾਬਤ ਹੁੰਦੀ ਹੈ ਇਹੀ ਚੀਜ਼ਾਂ ਰਾਜਨੀਤਕ ਹਿੰਸਾ ਨੂੰ ਜਨਮ ਦੇਂਦੀਆਂ ਹਨ ਜਿਨ੍ਹਾਂ ਦਾ ਖਮਿਆਜ਼ਾ ਕੇਰਲ ਸਮੇਤ ਲਗਭਗ ਹਰ ਸੂਬੇ ‘ਚ ਵੱਧ-ਘੱਟ ਵੇਖਣ ਨੂੰ ਮਿਲਦਾ ਹੈ ਮਾਮਲਾ ਭਾਵੇਂ ਕੋਈ ਵੀ ਹੋਵੇ ਉਸ ਦੀ ਜਾਂਚ ਲਈ ਸੰਵਿਧਾਨਕ ਮਰਿਆਦਾ ਨੂੰ ਕਾਇਮ ਰੱਖਣਾ ਪਵੇਗਾ ਸਾਰੀਆਂ ਧਿਰਾਂ ਇਸ ਸਬੰਧੀ ਜ਼ਿੰਮੇਵਾਰੀ ਤੇ ਸੰਜਮ ਤੋਂ ਕੰਮ ਲੈਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।