ਆਉਂਦੀ 6 ਫਰਵਰੀ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਪੇਸ਼ ਹੋਣਾ ਐ ਸਾਬਕਾ ਉਪ ਮੁੱਖ ਮੰਤਰੀ ਨੇ
ਚੰਡੀਗੜ੍ਹ (ਅਸ਼ਵਨੀ ਚਾਵਲਾ)।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਕੋਲ 6 ਫਰਵਰੀ ਨੂੰ ਪੇਸ਼ ਹੋਣਗੇ ਜਾਂ ਨਹੀਂ, ਇਸ ਸਬੰਧੀ ਪਿਛਲੇ 12 ਦਿਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਕੋਈ ਫੈਸਲਾ ਹੀ ਨਹੀਂ ਕਰ ਸਕਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਕੁਝ ਵਿਧਾਇਕ ਇਸ ਹੱਕ ਵਿੱਚ ਨਹੀਂ ਹਨ ਕਿ ਸੁਖਬੀਰ ਬਾਦਲ ਇਸ ਕਮੇਟੀ ਅੱਗੇ ਜਾ ਕੇ ਪੇਸ਼ ਹੋਣ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਲੀਡਰ ਚਾਹੁੰਦੇ ਹਨ ਕਿ ਕੋਈ ਵੱਡਾ ਵਿਵਾਦ ਪੈਦਾ ਕਰਨ ਦੀ ਥਾਂ ‘ਤੇ ਕਮੇਟੀ ਅੱਗੇ ਪੇਸ਼ ਹੋ ਜਾਣਾ ਚਾਹੀਦਾ ਹੈ ਤਾਂ ਕਿ ਵਿਸ਼ੇਸ਼ ਅਧਿਕਾਰ ਕਮੇਟੀ ਕੋਈ ਇਹੋ ਜਿਹਾ ਫੈਸਲਾ ਨਾ ਕਰੇ, ਜਿਸ ਦਾ ਨੁਕਸਾਨ ਲੋਕ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਹੋ ਸਕੇ।
ਇਸੇ ਘੁੰਮਣਘੇਰੀ ਵਿੱਚ ਸ਼੍ਰੋਮਣੀ ਅਕਾਲੀ ਦਲ ਹੁਣ ਤੱਕ ਇਸ ਸਬੰਧੀ ਕੋਈ ਆਖ਼ਰੀ ਫੈਸਲਾ ਹੀ ਨਹੀਂ ਕਰ ਪਾਇਆ ਹੈ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ 3 ਫਰਵਰੀ ਐਤਵਾਰ ਨੂੰ ਚੰਡੀਗੜ੍ਹ ਵਿਖੇ ਸੀ ਅਤੇ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਇਸ ਮੀਟਿੰਗ ਦੌਰਾਨ ਇਹ ਫੈਸਲਾ ਕਰ ਲਿਆ ਜਾਵੇਗਾ ਕਿ ਸੁਖਬੀਰ ਬਾਦਲ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਪੇਸ਼ ਬਾਰੇ ਫੈਸਲਾ ਲੈ ਲਿਆ ਜਾਵੇਗਾ ਪਰ ਐਤਵਾਰ ਨੂੰ ਹੋਈ ਇਸ ਮੀਟਿੰਗ ਵਿੱਚ ਇਸ ਸਬੰਧੀ ਕੋਈ ਫੈਸਲਾ ਨਹੀਂ ਹੋ ਸਕਿਆ।
ਜਾਣਕਾਰੀ ਅਨੁਸਾਰ ਸੰਸਦੀ ਕਾਰਜ ਮੰਤਰੀ ਬ੍ਰਹਮ ਮਹਿੰਦਰਾ ਨੇ 23 ਜੂਨ 2017 ਨੂੰ ਪੰਜਾਬ ਵਿਧਾਨ ਸਭਾ ਦੇ ਅੰਦਰ ਇੱਕ ਵਿਸ਼ੇਸ਼ ਅਧਿਕਾਰ ਦਾ ਮਤਾ ਪੇਸ਼ ਕਰਦੇ ਹੋਏ ਸੁਖਬੀਰ ਬਾਦਲ ‘ਤੇ ਦੋਸ਼ ਲਾਇਆ ਸੀ ਕਿ ਬਾਦਲ ਨੇ ਨਾ ਸਿਰਫ਼ ਸਪੀਕਰ ਰਾਣਾ ਕੇ.ਪੀ. ਸਿੰਘ ਦੇ ਖ਼ਿਲਾਫ਼ ਗਲਤ ਅਤੇ ਮਰਿਆਦਾ ਤੋਂ ਬਾਹਰ ਦੇ ਸ਼ਬਦਾਂ ਦੀ ਵਰਤੋਂ ਕੀਤੀ ਹੈ, ਸਗੋਂ ਕਾਗ਼ਜ਼ ਤੱਕ ਸਪੀਕਰ ਵੱਲ ਸੁੱਟੇ ਸਨ। ਇਸ ਮਤੇ ਨੂੰ ਪੰਜਾਬ ਵਿਧਾਨ ਸਭਾ ਨੇ ਬਹੁ-ਸੰਮਤੀ ਨਾਲ ਪਾਸ ਕਰਦੇ ਹੋਏ ਕਮੇਟੀ ਕੋਲ ਭੇਜ ਦਿੱਤਾ ਗਿਆ ਸੀ। ਵਿਸ਼ੇਸ਼ ਅਧਿਕਾਰ ਕਮੇਟੀ ਨੇ ਜਨਵਰੀ ਵਿੱਚ ਸੰਸਦੀ ਕਾਰਜ ਮੰਤਰੀ ਬ੍ਰਹਮ ਮਹਿੰਦਰਾਂ ਦੇ ਬਿਆਨ ਕਲਮਬੰਦ ਕਰਨ ਤੋਂ ਬਾਅਦ ਇਸ ਮਾਮਲੇ ਵਿੱਚ ਆਪਣਾ ਪੱਖ ਰੱਖਣ ਲਈ ਸੁਖਬੀਰ ਬਾਦਲ ਨੂੰ 6 ਫਰਵਰੀ ਨੂੰ ਤਲਬ ਕੀਤਾ ਹੋਇਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।