ਮਹਾਂਰਾਸ਼ਟਰ ਸਰਕਾਰ ਜਲਦ ਹੀ ਵਾਪਸ ਲਵੇਗੀ ਆਪਣਾ ਫੈਸਲਾ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪਿਛਲੇ ਦੋ-ਤਿੰਨ ਦਿਨ ਤੋਂ ਅਕਾਲੀ ਦਲ ਅਤੇ ਭਾਜਪਾ ਚੱਲ ਰਿਹਾ ਵਿਵਾਦ ਸ਼ਨਿੱਚਰਵਾਰ ਨੂੰ ਲਗਭਗ ਮੁੱਕ ਗਿਆ ਹੈ। ਭਾਰਤੀ ਜਨਤਾ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਅੱਗੇ ਹਥਿਆਰ ਸੁੱਟਦੇ ਹੋਏ ਅਕਾਲੀ ਦਲ ਦੀ ਹਰ ਸ਼ਰਤ ਮੰਨਣ ਲਈ ਹਾਮੀ ਭਰ ਦਿੱਤੀ ਹੈ। ਇਥੇ ਹੀ ਮਹਾਂਰਾਸ਼ਟਰ ਵਿਖੇ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਮਾਮਲੇ ਵਿੱਚ ਸਰਕਾਰ ਵੱਲੋਂ ਕੀਤੀ ਗਈ ਸੋਧ ਨੂੰ ਜਲਦ ਹੀ ਮਹਾਂਰਾਸ਼ਟਰ ਸਰਕਾਰ ਵਾਪਸ ਲਏਗੀ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੀ ਕੋਈ ਵੀ ਹੋਰ ਮੰਗ ਜਾਂ ਫਿਰ ਸ਼ਰਤ ਹੈ ਤਾਂ ਉਸ ਬਾਰੇ ਭਾਜਪਾ ਅਤੇ ਅਕਾਲੀ ਦਲ ਦੇ ਲੀਡਰ ਬੈਠ ਕੇ ਜਲਦ ਹੀ ਫੈਸਲਾ ਕਰਨਗੇ।
ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਅਤੇ ਸੁਖਬੀਰ ਬਾਦਲ ਵਿਚਕਾਰ ਸ਼ੁੱਕਰਵਾਰ ਨੂੰ ਦਿੱਲੀ ਵਿਖੇ ਹੋਈ ਮੀਟਿੰਗ ਵਿੱਚ ਇਸ ਸਬੰਧੀ ਸਹਿਮਤੀ ਬਣ ਗਈ ਹੈ। ਦੋਵਾਂ ਪ੍ਰਧਾਨਾਂ ਦੀ ਲਗਭਗ 2 ਘੰਟੇ ਮੀਟਿੰਗ ਹੋਣ ਤੋਂ ਬਾਅਦ ਹੁਣ ਭਾਜਪਾ ਅਤੇ ਅਕਾਲੀ ਦਲ ਵਿਚਕਾਰ ਚੱਲ ਰਹੇ ਤੋੜ ਵਿਛੋੜੇ ਸੰਭਾਵਨਾ ਵੀ ਖ਼ਤਮ ਹੋ ਗਈ ਹੈ। ਹੁਣ ਇਸੇ ਮਸਲੇ ‘ਤੇ ਅੱਜ 3 ਫਰਵਰੀ ਨੂੰ ਆਨੰਦਪੁਰ ਸਾਹਿਬ ਵਿਖੇ ਹੋਣ ਵਾਲੀ ਅਕਾਲੀ ਦਲ ਕੋਰ ਕਮੇਟੀ ਦੀ ਮੀਟਿੰਗ ਵਿੱਚ ਕੋਈ ਜਿਆਦਾ ਚਰਚਾ ਹੋਣ ਦੇ ਅਸਾਰ ਨਹੀਂ ਹਨ। ਜਾਣਕਾਰੀ ਅਨੁਸਾਰ ਮਹਾਂਰਾਸ਼ਟਰ ਸਰਕਾਰ ਨੇ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਵਿੱਚ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਕੁਝ ਸੋਧ ਕੀਤੀ ਸੀ, ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਕਾਫ਼ੀ ਜਿਆਦਾ ਨਰਾਜ਼ ਹੋ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਇਸ ਸਬੰਧੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਗੱਲਬਾਤ ਕਰਨ ਦੀ ਕੋਸ਼ਸ਼ ਕੀਤੀ ਅਤੇ ਸੁਖਬੀਰ ਬਾਦਲ ਵਲੋਂ ਬਕਾਇਦਾ ਅਮਿਤ ਸ਼ਾਹ ਨੂੰ ਮਿਲਣ ਲਈ ਸਮਾਂ ਤੱਕ ਮੰਗਿਆਂ ਗਿਆ ਸੀ ਪਰ ਅਮਿਤ ਸ਼ਾਹ ਵਲੋਂ ਸੁਖਬੀਰ ਬਾਦਲ ਨੂੰ ਮੁਲਾਕਾਤ ਕਰਨ ਸਬੰਧੀ ਨਾ ਹੀ ਸਮਾ ਦਿੱਤਾ ਗਿਆ ਅਤੇ ਨਾ ਹੀ ਇਸ ਸਬੰਧੀ ਕੋਈ ਜੁਆਬ ਦਿੱਤਾ ਗਿਆ। ਜਿਸ ਤੋਂ ਨਰਾਜ਼ ਹੋਈ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਇੱਕ ਤੋਂ ਬਾਅਦ ਇੱਕ ਭਾਜਪਾ ਖ਼ਿਲਾਫ਼ ਬਿਆਨ ਦਿੰਦੇ ਹੋਏ ਤੋੜ ਵਿਛੋੜਾ ਤੱਕ ਕਰਨ ਦਾ ਐਲਾਨ ਕਰ ਦਿੱਤਾ। ਇਥੇ ਹੀ ਇਸ ਮੁੱਦੇ ‘ਤੇ ਭਾਜਪਾ ਖ਼ਿਲਾਫ਼ ਕੋਈ ਆਖ਼ਰੀ ਫੈਸਲਾ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਐਤਵਾਰ 3 ਫਰਵਰੀ ਨੂੰ ਆਪਣੀ ਕੋਰ ਕਮੇਟੀ ਦੀ ਮੀਟਿੰਗ ਤੱਕ ਸੱਦ ਲਈ ਸੀ।
ਜਿਸ ਤੋਂ ਬਾਅਦ ਪਿਛਲੇ 2-3 ਦਿਨਾਂ ਵਿੱਚ ਦੋਹੇ ਪਾਰਟੀਆਂ ਵਿੱਚ ਕਾਫ਼ੀ ਜਿਆਦਾ ਕੁੜੱਤਣ ਵਧ ਗਈ ਅਤੇ ਦੋਹੇ ਪਾਸਓਂ ਬਿਆਨਬਾਜ਼ੀ ਹੋਣ ਤੋਂ ਬਾਅਦ ਜਦੋਂ ਕੋਈ ਹੱਲ਼ ਨਾ ਨਿਕਲਿਆ ਤਾਂ ਅਮਿਤ ਸ਼ਾਹ ਦੇ ਦਫ਼ਤਰ ਵਲੋਂ ਸੁਖਬੀਰ ਬਾਦਲ ਨੂੰ ਫੋਨ ਗਿਆ ਕਿ ਸ਼ੁੱਕਰਵਾਰ ਨੂੰ ਉਨਾਂ ਦੀ ਮੀਟਿੰਗ ਅਮਿਤ ਸ਼ਾਹ ਨਾਲ ਹੋਏਗੀ।
ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਨੂੰ ਦਿੱਲੀ ਵਿਖੇ ਅਮਿਤ ਸ਼ਾਹ ਨਾਲ ਸੁਖਬੀਰ ਬਾਦਲ ਦੀ ਲਗਭਗ 2 ਘੰਟੇ ਮੀਟਿੰਗ ਹੋਈ ਹੈ, ਜਿਥੇ ਕਿ ਸੁਖਬੀਰ ਬਾਦਲ ਨੇ ਰੱਜ ਕੇ ਨਰਾਜ਼ਗੀ ਜ਼ਾਹਿਰ ਕਰਦੇ ਹੋਏ ਭਾਜਪਾ ਦੇ ਅਕਾਲੀ ਦਲ ਖ਼ਿਲਾਫ਼ ਫੈਸਲੇ ਲੈਣ ਦਾ ਰੋਸ ਜਤਾਇਆ ਗਿਆ ਤਾਂ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪੰਜਾਬ ਨੂੰ ਕੋਈ ਪੈਕੇਜ ਨਾ ਦੇਣ ਦੀ ਨਰਾਜ਼ਗੀ ਵੀ ਜ਼ਾਹਿਰ ਕੀਤੀ ਗਈ। ਸੁਖਬੀਰ ਬਾਦਲ ਨੇ ਸਾਫ਼ ਤੌਰ ‘ਤੇ ਕਿਹਾ ਕਿ ਸਿੱਖਾ ਦੇ ਮਾਮਲੇ ਵਿੱਚ ਆਰ ਐਸ ਐਸ ਦਖ਼ਲ ਦੇ ਰਹੀਂ ਹੈ ਅਤੇ ਇਸੇ ਕਾਰਨ ਮਹਾਰਾਸ਼ਟਰ ਸਰਕਾਰ ਨੇ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਮਾਮਲੇ ਵਿੱਚ ਗੈਰ ਜਰੂਰੀ ਸੋਧ ਕੀਤੀ ਹੈ, ਜਿਹੜਾ ਕਿ ਸਿੱਧੇ ਤੌਰ ‘ਤੇ ਦਖਲ ਹੈ। ਇਸ ਨਾਲ ਸੁਖਬੀਰ ਬਾਦਲ ਨੇ ਕਈ ਹੋਰ ਵੀ ਮੁੱਦੇ ਚੁੱਕੇ, ਇਸ ਦੌਰਾਨ ਅਮਿਤ ਸ਼ਾਹ ਨੇ ਸ਼੍ਰੋਮਣੀ ਅਕਾਲੀ ਦਲ ਦੀ ਨਰਾਜ਼ਗੀ ਕਬੂਲਦੇ ਹੋਏ ਜਲਦ ਹੀ ਮਹਾਰਾਸ਼ਟਰ ਸਰਕਾਰ ਵਲੋਂ ਕੀਤੀ ਗਈ ਸੋਧ ਵਾਪਸ ਲੈਣ ਦਾ ਵਾਅਦਾ ਕਰ ਦਿੱਤਾ ਤਾਂ ਅਕਾਲੀ-ਭਾਜਪਾ ਵਿਚਕਾਰ ਫਸੇ ਹੋਏ ਹੋਰ ਮਾਮਲੇ ਦਾ ਹਲ਼ ਕੱਢਣ ਲਈ ਜਲਦ ਹੀ ਦੋਵਾਂ ਪਾਰਟੀਆਂ ਦੇ ਲੀਡਰਾਂ ਦੀ ਇਕੱਠੀ ਮੀਟਿੰਗ ਕਰਕੇ ਫੈਸਲੇ ਲੈਣ ਸਬੰਧੀ ਹਾਮੀ ਭਰ ਦਿੱਤੀ ਹੈ।
ਅਮਿਤ ਸ਼ਾਹ ਵਲੋਂ ਸੁਖਬੀਰ ਬਾਦਲ ਨੂੰ ਹਰ ਤਰਾਂ ਦਾ ਭਰੋਸਾ ਦੇਣ ਤੋਂ ਬਾਅਦ ਹੁਣ ਅਕਾਲੀ ਦਲ ਦੇ ਤੇਵਰ ਵੀ ਨਰਮ ਪੈ ਗਏ ਹਨ ਅਤੇ ਅਕਾਲੀ ਦਲ ਹੁਣ ਅੱਜ ਆਨੰਦਪੁਰ ਸਾਹਿਬ ਵਿਖੇ ਹੋਣ ਵਾਲੀ ਮੀਟਿੰਗ ਵਿੱਚ ਕੋਈ ਵੀ ਭਾਜਪਾ ਖ਼ਿਲਾਫ਼ ਫੈਸਲਾ ਨਹੀਂ ਲਏਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।