ਹੱਡਾ ਰੋੜੀ ਦੇ ਖੂੰਖਾਰ ਕੁੱਤਿਆਂ ਨੇ ਨੋਚ ਨੋਚ ਕੇ ਲਈ ਜਾਨ
ਨਾਭਾ, 27 ਜਨਵਰੀ ਤਰੁਣ ਕੁਮਾਰ ਸ਼ਰਮਾ। ਅਵਾਰਾ ਕੁੱਤਿਆਂ ਨੇ ਇਲਾਕੇ ਵਿੱਚ ਇੱਕ ਹੋਰ ਗਰੀਬ ਘਰ ਦਾ ਚਿਰਾਗ ਬੁਝਾ ਦਿੱਤਾ ਹੈ। ਘਟਨਾ ਹਲਕਾ ਨਾਭਾ ਦੇ ਪਿੰਡ ਮੈਹਸ ਦੀ ਹੈ ਜਿੱਥੇ ਪਤੰਗ ਪਿੱਛੇ ਦੌੜਦਾ ਮਾਸੂਮ ਬੱਚਾ ਅਵਾਰਾ ਕੁੱਤਿਆਂ ਦੇ ਅੜਿੱਕੇ ਆ ਗਿਆ ਜਿਨ੍ਹਾਂ ਨੇ ਉਸ ਨੂੰ ਨੋਚ ਨੋਚ ਕੇ ਉਸ ਦੀ ਜਾਨ ਲੈ ਲਈ। ਮ੍ਰਿਤਕ ਮਾਸੂਮ ਦੀ ਪਹਿਚਾਣ 10 ਸਾਲਾਂ ਦੇ ਧੀਰਜ਼ ਕੁਮਾਰ ਵਜੋਂ ਹੋਈ ਹੈ ਜੋ ਕਿ ਤੀਸਰੀ ਜਮਾਤ ਦਾ ਵਿਦਿਆਰਥੀ ਸੀ। ਉਸ ਦਾ ਪਿਤਾ ਇੱਥੇ ਕਈ ਸਾਲਾਂ ਤੋ ਪ੍ਰਵਾਸੀ ਮਜਦੂਰ ਵਜੋਂ ਮਜਦੂਰੀ ਕਰਦਾ ਆ ਰਿਹਾ ਹੈ ਅਤੇ ਪਰਿਵਾਰ ਸਮੇਤ ਇੱਥੇ ਹੀ ਰਹਿੰਦਾ ਸੀ।
ਮੌਜੂਦਾ ਘਟਨਾ ਗਣਤੰਤਰ ਦਿਵਸ ਦੀ ਹੈ ਜਿਸ ਦਿਨ ਛੁੱਟੀ ਹੋਣ ‘ਤੇ ਮਾਸੂਮ ਧੀਰਜ ਆਪਣੇ ਚਾਰ ਦੋਸਤਾਂ ਨਾਲ ਪਤੰਗਬਾਜ਼ੀ ਦਾ ਆਨੰਦ ਲੈ ਰਿਹਾ ਸੀ ਕਿ ਨਜ਼ਦੀਕ ਸਥਿਤ ਹੱਡਾਰੋੜੀ ਦੇ ਖੂੰਖਾਰ ਅਵਾਰਾ ਕੁੱਤਿਆਂ ਨੇ ਉਸ ਨੂੰ ਆਪਣਾ ਸ਼ਿਕਾਰ ਬਣਾ ਲਿਆ। ਜਦੋ ਤੱਕ ਉਸ ਦੇ ਦੋਸਤ ਭੱਜ ਕੇ ਆਪਣੇ ਪਰਿਵਾਰਿਕ ਅਤੇ ਦੋਸਤਾਂ ਨੂੰ ਲੈ ਕੇ ਮੁੜ ਮੌਕੇ ‘ਤੇ ਪੁੱਜਦੇ, ਉਸ ਤੋਂ ਪਹਿਲਾਂ ਹੀ ਇਨ੍ਹਾਂ ਆਵਾਰਾ ਖੂੰਖਾਰ ਕੁੱਤਿਆਂ ਨੇ ਮਾਸੂਮ ਦੇ ਗਲੇ ਅਤੇ ਚਿਹਰੇ ‘ਤੇ ਕਈ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਘਟਨਾ ਦੀ ਪੁਸ਼ਟੀ ਕਰਦਿਆਂ ਮ੍ਰਿਤਕ ਬੱਚੇ ਦੇ ਸਾਥੀ ਬੱਚੇ ਨੇ ਦੱਸਿਆ ਕਿ ਉਹ ਪਤੰਗ ਪਿੱਛੇ ਸੀ ਕਿ ਅਚਾਨਕ ਅਵਾਰਾ ਕੁੱਤਿਆਂ ਨੇ ਹਮਲਾ ਕਰ ਦਿੱਤਾ ਅਤੇ ਧੀਰਜ਼ ਨੂੰ ਢਾਹ ਲਿਆ। ਸਾਨੂੰ ਮੱਦਦ ਲੈਣ ਅਤੇ ਜਾਨ ਬਚਾਉਣ ਲਈ ਭੱਜਣਾ ਪਿਆ ਅਤੇ ਸਾਡੇ ਵਾਪਸ ਆਉਣ ਤੱਕ ਉਹ ਮਰ ਚੁੱਕਾ ਸੀ। ਬੱਚੇ ਦੇ ਪਰਿਵਾਰਿਕ ਮੈਂਬਰਾਂ ਨੇ ਰੋਸ ਪ੍ਰਗਟ ਕੀਤਾ ਕਿ ਇਹ ਇੱਥੇ ਦੂਜੀ ਘਟਨਾ ਹੈ ਪਰੰਤੂ ਪ੍ਰਸ਼ਾਸਨ ਬਿਨ੍ਹਾਂ ਕੁੱਝ ਕੀਤੇ ਖਾਮੋਸ਼ ਹੈ।
ਇਸ ਸੰਬੰਧੀ ਗੱਲਬਾਤ ਕਰਦਿਆਂ ਪਿੰਡ ਦੇ ਸਰਪੰਚ ਦਵਿੰਦਰ ਸਿੰਘ ਨੇ ਕਿਹਾ ਕਿ ਇਹ ਦੂਜੀ ਘਟਨਾ ਹੈ ਪਰੰਤੂ ਪਹਿਲੀ ਘਟਨਾ ਸਮੇਂ ਦਿੱਤਾ ਪ੍ਰਸ਼ਾਸਨਿਕ ਭਰੋਸਾ ਅੱਜ ਵੀ ਹਵਾ ਵਿੱਚ ਹੀ ਲਟਕ ਰਿਹਾ ਹੈ। ਪ੍ਰਸ਼ਾਸਨ ਦੇ ਕੁੰਭਕਰਨੀ ਨੀਂਦ ‘ਚ ਚੱਲਦਿਆਂ ਪ੍ਰਵਾਸੀ ਮਜਦੂਰਾਂ ਦੇ ਬੱਚਿਆਂ ਦੀਆਂ ਜਾਨਾਂ ਜਾ ਰਹੀਆਂ ਹਨ ਜੋ ਕਿ ਚਿੰਤਾਜਨਕ ਹੈ।
ਅਵਾਰਾ ਕੁੱਤਿਆਂ ਨੂੰ ਮਾਰਨ ‘ਤੇ ਹੈ ਪਾਬੰਦੀ, ਪ੍ਰੰਤੂ ਹੱਲ ਕਰਾਂਗੇ : ਐਸ ਡੀ ਐਮ
ਘਟਨਾ ਸੰਬੰਧੀ ਜਾਣਕਾਰੀ ਦੀ ਪੁਸ਼ਟੀ ਕਰਦਿਆਂ ਐਸ ਡੀ ਐਮ ਨਾਭਾ ਸ੍ਰੀ ਕੇ ਆਰ ਕਾਂਸਲ ਨੇ ਕਿਹਾ ਕਿ ਕੁੱਤਿਆਂ ਨੂੰ ਮਾਰਨ ਸੰਬੰਧੀ ਪਾਬੰਦੀ ਹੋਣ ਕਾਰਨ ਉਹ ਸਿੱਧੇ ਤੌਰ ‘ਤੇ ਕੁੱਝ ਨਹੀਂ ਕਰ ਸਕਦੇ ਪਰੰਤੂ ਐਨੀਮਲ ਮਹਿਕਮੇ ਨਾਲ ਗੱਲ ਕਰਕੇ ਇਸ ਸਮੱਸਿਆ ਦਾ ਹੱਲ ਕੱਢਣ ਦੀ ਕੋਸ਼ਿਸ਼ ਜਰੂਰ ਕਰਨਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।