ਬਿੰਦਰ ਸਿੰਘ ਖੁੱਡੀ ਕਲਾਂ
ਪਿਛਲੇ ਕਾਫੀ ਸਮੇਂ ਤੋਂ ਮਾਪਿਆਂ ਦਾ ਰੁਝਾਨ ਪ੍ਰਾਈਵੇਟ ਸਕੂਲਾਂ ਵੱਲ ਅਜਿਹਾ ਵਧਣਾ ਸ਼ੁਰੂ ਹੋਇਆ ਹੈ ਕਿ ਸਰਕਾਰੀ ਸਕੂਲਾਂ ‘ਚ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਰਸਾਤਲ ਵੱਲ ਜਾ ਰਹੀ ਹੈ। ਵਿਦਿਆਰਥੀਆਂ ਦੀ ਘਟਦੀ ਗਿਣਤੀ ਬਦੌਲਤ ਪਿਛਲੇ ਵਰ੍ਹੇ ਸੈਂਕੜੇ ਸਕੂਲਾਂ ਨੂੰ ਜਿੰਦਰੇ ਮਾਰਨ ਦੀ ਨੌਬਤ ਆ ਗਈ ਸੀ। ਵਿਦਿਆਰਥੀਆਂ ਦੀ ਗਿਣਤੀ ਘਟਣ ਲਈ ਬਹੁਤ ਸਾਰੇ ਕਾਰਨ ਜਿੰਮੇਵਾਰ ਹਨ। ਸਰਕਾਰ ਨੇ ਹੰਭਲਾ ਮਾਰਦਿਆਂ ਇਨ੍ਹਾਂ ਕਾਰਨਾਂ ਨੂੰ ਦੂਰ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਹਨ। ਸੂਬੇ ਦੇ ਤਕਰੀਬਨ ਸਾਰੇ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਸਮਾਜ ਅਤੇ ਸਰਕਾਰ ਦੇ ਸਹਿਯੋਗ ਨਾਲ ਕ੍ਰਾਂਤੀਕਾਰੀ ਢੰਗ ਨਾਲ ਤਬਦੀਲ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਦੀ ਮੌਜ਼ੂਦਾ ਗਿਣਤੀ ਦੇ ਹਿਸਾਬ ਨਾਲ ਅਧਿਆਪਕਾਂ ਦੀ ਉਪਲੱਬਧਤਾ ਵੀ ਕਰਵਾਈ ਗਈ ਹੈ। ਹੋਰ ਤਾਂ ਹੋਰ ਵਿਭਾਗ ਨੇ ਸਰਹੱਦੀ ਜਿਲ੍ਹਿਆਂ ਵਿੱਚ ਵੀ ਅਧਿਆਪਕਾਂ ਦੀਆਂ ਅੱਸੀ ਤੋਂ ਨੱਬੇ ਫੀਸਦੀ ਅਸਾਮੀਆਂ ਪੁਰ ਕਰ ਦਿੱਤੀਆਂ ਹਨ। ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਦੇ ਨਾਲ-ਨਾਲ ਸਰਕਾਰੀ ਸਕੂਲਾਂ ‘ਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਵਿਭਾਗ ਵੱਲੋਂ ਹੋਰ ਵੀ ਬਹੁਤ ਸਾਰੀਆਂ ਯੋਜਨਾਵਾਂ ਉਲੀਕੀਆਂ ਤੇ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ।
ਵਿਭਾਗ ਵੱਲੋਂ ਨਵੇਂ ਵਿੱਦਿਅਕ ਸੈਸ਼ਨ ਤੋਂ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਦੇ ਨਾਲ-ਨਾਲ ਪਹਿਲਾਂ ਤੋਂ ਹੀ ਸਰਕਾਰੀ ਸਕੂਲਾਂ ‘ਚ ਪੜ੍ਹਦੇ ਵਿਦਿਆਰਥੀਆਂ ਨੂੰ ਸੁਖਾਵਾਂ ਅਤੇ ਪਰਿਵਾਰਿਕ ਮਾਹੌਲ ਦੇਣ ਲਈ ਵੀ ਯੋਜਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਪ੍ਰਾਈਵੇਟ ਸਕੂਲਾਂ ਵੱਲੋਂ ਮਾਪਿਆਂ ਨੂੰ ਆਕਰਸ਼ਿਤ ਕਰਨ ਲਈ ਅਪਣਾਈਆਂ ਜਾ ਰਹੀਆਂ ਬਹੁਤ ਸਾਰੀਆਂ ਗਤੀਵਿਧੀਆਂ ਸਰਕਾਰੀ ਸਕੂਲਾਂ ਨੂੰ ਵੀ ਰਾਸ ਆਉਣ ਲੱਗੀਆਂ ਹਨ। ਪ੍ਰਾਈਵੇਟ ਸਕੂਲਾਂ ਦੀ ਤਰਜ਼ ‘ਤੇ ਸਾਲਾਨਾ ਸਮਾਗਮ ਕਰਵਾਉਣ ਦੇ ਸਾਰਥਿਕ ਨਤੀਜੇ ਪ੍ਰਾਪਤ ਕਰਨ ਉਪਰੰਤ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਵਿੱਚ ਵਿਦਿਆਰਥੀਆਂ ਦਾ ਜਨਮ ਦਿਨ ਮਨਾਉਣ ਦੀ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ। ਵਿਦਿਆਰਥੀਆਂ ਦਾ ਜਨਮ ਦਿਨ ਮਨਾਉਣ ਦੀ ਇਹ ਯੋਜਨਾ ਆਪਣੇ-ਆਪ ਵਿੱਚ ਕਾਫੀ ਨਿਵੇਕਲੀ ਅਤੇ ਕਾਬਲੇ ਤਾਰੀਫ ਹੈ। ਜਨਮ ਦਿਨ ਮਨਾਉਣ ਦੇ ਬਹਾਨੇ ਵਿਦਿਆਰਥੀ ਦੀ ਸ਼ਖਸੀਅਤ ਦੇ ਸਰਵਪੱਖੀ ਵਿਕਾਸ ਦੀ ਇਹ ਕੋਸ਼ਿਸ਼ ਵਿਦਿਆਰਥੀਆਂ ਦੇ ਮਨੋਬਲ ਨੂੰ ਲਾਜ਼ਮੀ ਤੌਰ ‘ਤੇ ਉੱਚਾ ਚੁੱਕੇਗੀ।
ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਹਰ ਵਿਦਿਆਰਥੀ ਦਾ ਜਨਮ ਦਿਨ ਸਕੂਲ ਵਿੱਚ ਮਨਾਇਆ ਜਾਵੇਗਾ। ਇਸ ਲਈ ਬਿਨਾਂ ਕੋਈ ਵੱਖਰਾ ਪ੍ਰੋਗਰਾਮ ਉਲੀਕੇ ਜਾਂ ਖਰਚਾ ਕਰੇ ਵਿਦਿਆਰਥੀਆਂ ਦਾ ਜਨਮ ਦਿਨ ਇਸ ਤਰ੍ਹਾਂ ਮਨਾਉਣ ਦੀ ਯੋਜਨਾ ਹੈ ਕਿ ਹਰ ਵਿਦਿਆਰਥੀ ਨੂੰ ਇਸ ਮੌਕੇ ਦੀ ਉਡੀਕ ਰਿਹਾ ਕਰੇਗੀ। ਇਸ ਕਾਰਜ਼ ਲਈ ਸਵੇਰ ਦੀ ਸਭਾ ਦੌਰਾਨ ਹੀ ਕੁੱਝ ਸਮਾਂ ਨਿਸ਼ਚਿਤ ਕੀਤਾ ਗਿਆ ਹੈ। ਜਾਰੀ ਪੱਤਰ ਅਨੁਸਾਰ ਜਮਾਤ ਇੰਚਾਰਜ ਵੱਲੋਂ ਆਪੋ-ਆਪਣੀ ਜਮਾਤ ਦੇ ਜਨਮ ਦਿਨ ਵਾਲੇ ਸਾਰੇ ਇਕੱਠੇ ਖੜ੍ਹੇ ਕੀਤੇ ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਦੌਰਾਨ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਜਨਮ ਦਿਨ ਦੀ ਵਧਾਈ ਦਿੱਤੀ ਜਾਇਆ ਕਰੇਗੀ। ਜਨਮ ਦਿਨ ਵਾਲੇ ਹਰ ਵਿਦਿਆਰਥੀਆਂ ਦੀ ਸ਼ਖਸੀਅਤ ਦੇ ਵਧੀਆ ਅਤੇ ਸਕਾਰਾਤਮਕ ਪੱਖਾਂ ਬਾਰੇ ਬਾਕੀ ਵਿਦਿਆਰਥੀਆਂ ਨੂੰ ਦੱਸ ਕੇ ਉਸ ਵਿਦਿਆਰਥੀ ਦੀ ਤਾਰੀਫ ਵਿੱਚ ਬੋਲਿਆ ਜਾਇਆ ਕਰੇਗਾ। ਜਨਮ ਦਿਨ ਵਾਲੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦਾ ਵਰਣਨ ਦੂਜਿਆਂ ਸਾਹਮਣੇ ਕਰਕੇ ਉਸਨੂੰ ਸ਼ਾਬਾਸ਼ ਦੇਣ ਦੇ ਨਾਲ-ਨਾਲ ਬਾਕੀ ਵਿਦਿਆਰਥੀਆਂ ਨੂੰ ਉਸ ਤੋਂ ਪ੍ਰੇਰਨਾ ਲੈਣ ਲਈ ਉਤਸ਼ਾਹਿਤ ਕੀਤਾ ਜਾਵੇਗਾ। ਜਨਮ ਦਿਨ ਵਾਲੇ ਵਿਦਿਆਰਥੀਆਂ ਦੇ ਨਾਂਅ ਸਕੂਲ ਦੇ ਨੋਟਿਸ ਬੋਰਡ ‘ਤੇ ਲਿਖ ਕੇ ਵੀ ਜਨਮ ਦਿਨ ਦੀ ਵਧਾਈ ਦਿੱਤੀ ਜਾਇਆ ਕਰੇਗੀ। ਜਨਮ ਦਿਨ ਵਾਲੇ ਵਿਦਿਆਰਥੀਆਂ ਨੂੰ ਜਨਮ ਦਿਨ ਟੈਗ ਲਾਉਣ ਤੋਂ ਇਲਾਵਾ ਸ਼ੁੱਭ ਇਛਾਵਾਂ ਵਾਲੇ ਕਾਰਡ ਦਾ ਤੋਹਫਾ ਵੀ ਦਿੱਤਾ ਜਾ ਸਕੇਗਾ। ਪਰ ਵਿਦਿਆਰਥੀਆਂ ਤੋਂ ਕੋਈ ਤੋਹਫਾ ਜਾਂ ਹੋਰ ਵਸਤੂ, ਜਿਸ ਨਾਲ ਵਿਦਿਆਰਥੀ ‘ਤੇ ਵਿੱਤੀ ਬੋਝ ਪਵੇ, ਹਰਗਿਜ਼ ਕਬੂਲ ਨਾ ਕਰਨ ਦੀ ਹਦਾਇਤ ਕੀਤੀ ਗਈ ਹੈ।
ਸਿੱਖਿਆ ਵਿਭਾਗ ਦਾ ਇਹ ਹੰਭਲਾ ਜਿੱਥੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਆਪਸੀ ਰਿਸ਼ਤੇ ਨੂੰ ਮਜ਼ਬੂਤ ਕਰੇਗਾ, ਉੱਥੇ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ ਵੀ ਪੈਦਾ ਕਰੇਗਾ। ਸਮੂਹ ਵਿਦਿਆਰਥੀਆਂ ਸਾਹਮਣੇ ਅਧਿਆਪਕਾਂ ਦੇ ਮੂੰਹੋਂ ਆਪਣੀਆਂ ਪ੍ਰਾਪਤੀਆਂ ਦਾ ਵਰਣਨ ਸੁਣ ਕੇ ਵਿਦਿਆਰਥੀ ਦਾ ਉਤਸ਼ਾਹਿਤ ਹੋਣਾ ਲਾਜ਼ਮੀ ਹੈ। ਕੋਸ਼ਿਸ਼ ਕੀਤੀ ਜਾਵੇ ਕਿ ਇਸ ਦੌਰਾਨ ਵਿਦਿਆਰਥੀ ਦੀਆਂ ਕਮੀਆਂ ਤੇ ਘਾਟਾਂ ਦੀ ਗੱਲ ਨਾ ਹੀ ਕੀਤੀ ਜਾਵੇ। ਜੇਕਰ ਕਰਨੀ ਵੀ ਪਵੇ ਤਾਂ ਅਧਿਆਪਕ ਆਪਣੀ ਕਲਾ ਨਾਲ ਉਸਨੂੰ ਇਸ ਤਰ੍ਹਾਂ ਪੇਸ਼ ਕਰੇ ਕਿ ਵਿਦਿਆਰਥੀ ਨੂੰ ਹੀਣ ਭਾਵਨਾ ਮਹਿਸੂਸ ਨਾ ਹੋਵੇ। ਆਪਣਾ ਨਾਂਅ ਸਕੂਲ ਦੇ ਨੋਟਿਸ ਬੋਰਡ ‘ਤੇ ਪੜ੍ਹ ਕੇ ਵਿਦਿਆਰਥੀ ਦਾ ਸਵੈ-ਮਾਣ ਨਾਲ ਭਰ ਜਾਣਾ ਸੁਭਾਵਿਕ ਹੈ। ਇਸ ਤਰ੍ਹਾਂ ਸਾਦਗੀ ਭਰਪੂਰ ਤੇ ਨਿਵੇਕਲੇ ਤਰੀਕੇ ਨਾਲ ਵਿਦਿਆਰਥੀਆਂ ਦਾ ਜਨਮ ਦਿਨ ਮਨਾਉਣ ਦਾ ਵਿਭਾਗੀ ਤਰੀਕਾ ਸਰਕਾਰੀ ਸਕੂਲਾਂ ਲਈ ਜਰੂਰ ਲਾਹੇਵੰਦ ਸਿੱਧ ਹੋਵੇਗਾ। ਇਸ ਤਰੀਕੇ ਨਾਲ ਵਿਦਿਆਰਥੀਆਂ ਦੀ ਗਿਣਤੀ ਵਧੇ ਜਾਂ ਨਾ ਪਰ ਪਹਿਲਾਂ ਤੋਂ ਪੜ੍ਹ ਰਹੇ ਵਿਦਿਆਰਥੀਆਂ ਦੀ ਅਧਿਆਪਕਾਂ ਅਤੇ ਸਕੂਲ ਪ੍ਰਤੀ ਸੋਚ ਵਿੱਚ ਕ੍ਰਾਂਤੀਕਾਰੀ ਤਬਦੀਲੀ ਆਉਣੀ ਲਾਜ਼ਮੀ ਹੈ। ਮਾਪੇ ਵੀ ਆਪਣੇ ਬੱਚੇ ਦਾ ਜਨਮ ਦਿਨ ਸਕੂਲ ਵੱਲੋਂ ਮਨਾਏ ਜਾਣ ਤੋਂ ਲਾਜ਼ਮੀ ਖੁਸ਼ ਹੋਣਗੇ। ਵਿਭਾਗ ਦਾ ਇਹ ਤਰੀਕਾ ਸਿੱਖਿਆ ਦੇ ਮੂਲ ਮਨੋਰਥ ਬੱਚੇ ਦੇ ਸਰਬਪੱਖੀ ਵਿਕਾਸ ਵੱਲ ਚੁੱਕਿਆ ਅਹਿਮ ਕਦਮ ਹੈ। ਜਨਮ ਦਿਨ ਮਨਾਉਣ ਦੇ ਤਰੀਕੇ ਨੂੰ ਅਧਿਆਪਕ ਹੋਰ ਵੀ ਵਧੇਰੇ ਸੁਚਾਰੂ ਤਰੀਕੇ ਨਾਲ ਲਾਗੂ ਕਰਕੇ ਇਸ ਨੂੰ ਵਿਦਿਆਰਥੀ ਪੱਖੀ ਬਣਾ ਸਕਦੇ ਹਨ। ਇਸ ਕਦਮ ਨਾਲ ਸਰਕਾਰੀ ਸਕੂਲਾਂ ਅਤੇ ਸਮਾਜ ਦੇ ਰਿਸ਼ਤਿਆਂ ਨੂੰ ਵੀ ਹੋਰ ਮਜ਼ਬੂਤੀ ਮਿਲੇਗੀ।
ਸ਼ਕਤੀ ਨਗਰ,ਬਰਨਾਲਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।