ਕਿਹਾ, ਤੁਸੀਂ ਤੇ ਤੁਹਾਡਾ ਪਰਿਵਾਰ ਲਗਿਆ ਹੋਇਆ ਐ ਸਿਰਫ ਆਪਣੇ ਸੌੜੇ ਹਿੱਤਾਂ ਲਈ
ਚੰਡੀਗੜ (ਅਸ਼ਵਨੀ ਚਾਵਲਾ)| ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਲੀਡਰ ਹਰਸਿਮਰਤ ਕੌਰ ਬਾਦਲ ਵੱਲੋਂ ਉਨਾਂ ਦੀ ਵਫ਼ਾਦਾਰੀ ‘ਤੇ ਕੀਤੇ ਸਵਾਲ ਦੀ ਸਖ਼ਤ ਆਲੋਚਨਾ ਕਰਦਿਆਂ ਆਖਿਆ ਕਿ ਉਹ ਆਪਣੇ ਸੂਬੇ ਅਤੇ ਆਪਣੀ ਪਾਰਟੀ ਦੇ ਵਫ਼ਾਦਾਰ ਹਨ ਜਦਕਿ ਕੇਂਦਰੀ ਮੰਤਰੀ ਸਮੇਤ ਸਾਰਾ ਬਾਦਲ ਪਰਿਵਾਰ ਨਿੱਜਪ੍ਰਸਤੀ ਵਿੱਚ ਗਲਤਾਨ ਹੈ।
ਵਾਰ-ਵਾਰ ਝੂਠ ਬੋਲਣ ‘ਤੇ ਅਕਾਲੀ ਲੀਡਰਸ਼ਿਪ ‘ਤੇ ਵਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹਰਸਿਮਰਤ ਕੌਰ ਅਤੇ ਬਾਦਲਾਂ ਲਈ ਨਾ ਤਾਂ ਪੰਜਾਬ ਤੇ ਇੱਥੋਂ ਦੇ ਲੋਕ ਅਤੇ ਨਾ ਹੀ ਸਿੱਖ ਪੰਥ ਕੋਈ ਮਹੱਤਵ ਰੱਖਦਾ ਹੈ ਜਦਕਿ ਅਕਾਲੀ ਅਕਸਰ ਇਨਾਂ ਦੇ ਰਖਵਾਲੇ ਹੋਣ ਦਾ ਢੰਡੋਰਾ ਪਿੱਟਦੇ ਹਨ। ਉਨਾਂ ਕਿਹਾ ਕਿ ਬਾਦਲ ਪਰਿਵਾਰ ਸਿਰਫ ਤੇ ਸਿਰਫ ਆਪਣੇ ਸੌੜੇ ਹਿੱਤਾਂ ਨਾਲ ਹੀ ਵਫ਼ਾਦਾਰੀ ਪੁਗਾਉਂਦਾ ਆਇਆ ਹੈ।
ਕੇਂਦਰੀ ਮੰਤਰੀ ਦੇ ਬਿਆਨ ਨੂੰ ਝੂਠ ਦਾ ਪੁਲੰਦਾ ਦੱਸ ਕੇ ਰੱਦ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਪ੍ਰਤੀ ਉਨਾਂ ਦੀ ਵਫ਼ਾਦਾਰੀ ਨਿਰਸੰਦੇਹ ਹੈ ਅਤੇ ਉਹ ਕਾਂਗਰਸ ਦੇ ਵੀ ਪੂਰੇ ਵਫ਼ਾਦਾਰ ਹਨ ਜਿਸ ਪਾਰਟੀ ਦੀ ਸਰਕਾਰ ਦੀ ਉਹ ਸੂਬੇ ਵਿੱਚ ਅਗਵਾਈ ਕਰ ਰਹੇ ਹਨ। ਉਨਾਂ ਕਿਹਾ,”ਤੁਹਾਡੀ (ਹਰਸਿਮਰਤ ਕੌਰ) ਪਾਰਟੀ ਦੀ ਵਫ਼ਾਦਾਰੀ ‘ਤੇ ਜਿੱਥੇ ਤੁਹਾਡੇ ਪਾਰਟੀ ਮੈਂਬਰਾਂ ਨੇ ਉਂਗਲ ਚੁੱਕੀ ਹੈ ਤੇ ਪੰਜਾਬ ਦੇ ਲੋਕਾਂ ਨੇ ਵੀ ਤੁਹਾਡੀ ਪਾਰਟੀ ਨੂੰ ਬੁਰੀ ਤਰਾਂ ਨਾਕਾਰ ਦਿੱਤਾ ਹੈ ਜਿਨਾਂ ਦਾ ਜੀਵਨ ਅਕਾਲੀ-ਭਾਜਪਾ ਗੱਠਜੋੜ ਦੇ 10 ਸਾਲਾਂ ਦੇ ਕੁਸ਼ਾਸਨ ਦੌਰਾਨ ਬੇਰਹਿਮੀ ਨਾਲ ਤਬਾਹ ਕਰ ਦਿੱਤਾ ਗਿਆ।”
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ