ਦੋ ਪੇਜ਼ ਦੇ ਅਸਤੀਫ਼ੇ ਵਿੱਚ ਸੁਣਾ ਦਿੱਤੀ ਆਪਣੀ ਸਾਰੀ ਮਹਾਂਭਾਰਤ , ਕੇਜਰੀਵਾਲ ‘ਤੇ ਲਾਏ ਗੰਭੀਰ ਦੋਸ਼
ਚੰਡੀਗੜ(ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ ਤੋਂ ਬਾਗੀ ਹੋਏ ਸੁਖਪਾਲ ਖਹਿਰਾ ਨੇ ਐਤਵਾਰ ਨੂੰ ਆਪਣੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸੁਖਪਾਲ ਖਹਿਰਾ ਦੇ ਅਸਤੀਫ਼ਾ ਦੇਣ ਤੋਂ ਬਾਅਦ ਹੁਣ ਉਨ੍ਹਾਂ ਵੱਲੋਂ ਬਣਾਈ ਜਾਣ ਵਾਲੀ ਨਵੀਂ ਪਾਰਟੀ ਬਣਾਉਣ ਦਾ ਰਸਤਾ ਸਾਫ਼ ਹੋ ਗਿਆ ਹੈ ਇਸਦੇ ਨਾਲ ਹੀ ਸੁਖਪਾਲ ਖਹਿਰਾ ਦੀ ਵਿਧਾਨ ਸਭਾ ਵਿੱਚ ਬਤੌਰ ਵਿਧਾਇਕ ਮੈਂਬਰਸ਼ਿਪ ਖ਼ਤਰੇ ਵਿੱਚ ਪੈ ਗਈ ਹੈ। ਆਮ ਆਦਮੀ ਪਾਰਟੀ ਦੇ ਇੱਕ ਪੱਤਰ ਤੋਂ ਬਾਅਦ ਵਿਧਾਨ ਸਭਾ ਸਪੀਕਰ ਉਨ੍ਹਾਂ ਦਾ ਮੈਂਬਰਸ਼ਿਪ ਨੂੰ ਬਰਖ਼ਾਸਤ ਕਰ ਸਕਦੇ ਹਨ।
ਸੁਖਪਾਲ ਖਹਿਰਾ ਨੇ ਐਤਵਾਰ ਨੂੰ ਦਿੱਤੇ ਗਏ ਆਪਣੇ 2 ਸਫਿਆਂ ਦੇ ਅਸਤੀਫ਼ੇ ਵਿੱਚ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਦੇ ਖ਼ਿਲਾਫ਼ ਰੱਖ ਕੇ ਭੜਾਸ ਕੱਢੀ ਗਈ ਹੈ, ਜਿਸ ਵਿੱਚ ਅਸਤੀਫ਼ਾ ਦੇਣ ਬਾਰੇ ਜਾਣਕਾਰੀ ਸਿਰਫ਼ ਇੱਕ ਸਤਰ ਵਿੱਚ ਹੈ, ਜਦੋਂ ਕਿ ਸਾਰੇ ਅਸਤੀਫ਼ੇ ਵਿੱਚ ਆਪਣੀ ਪਾਰਟੀ ਦੀ ਮਹਾਂਭਾਰਤ ਤੋਂ ਲੈ ਕੇ ਕਈ ਤਰ੍ਹਾਂ ਦੇ ਅਰਵਿੰਦ ਕੇਜਰੀਵਾਲ ‘ਤੇ ਦੋਸ਼ ਲਗਾਏ ਗਏ ਹਨ।
ਸੁਖਪਾਲ ਖਹਿਰਾ ਨੇ ਆਪਣੇ ਅਸਤੀਫ਼ੇ ਵਿੱਚ ਆਮ ਆਦਮੀ ਪਾਰਟੀ ਨੂੰ ਇੱਕ ਮੌਕਾਪ੍ਰਸਤ ਅਤੇ ਭ੍ਰਿਸ਼ਟਾਚਾਰੀ ਲੀਡਰਾਂ ਦੀ ਪਾਰਟੀ ਤੱਕ ਕਰਾਰ ਦੇ ਦਿੱਤਾ ਹੈ। ਅਰਵਿੰਦ ਕੇਜਰੀਵਾਲ ਨੂੰ ਇੱਕ ਫੇਲ ਲੀਡਰ ਕਰਾਰ ਦਿੰਦੇ ਹੋਏ ਖਹਿਰਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਵਲੰਟੀਅਰਾਂ ਦੀ ਭਾਵਨਾਵਾਂ ਦੀ ਕਦਰ ਨਾਂ ਕਰਦੇ ਹੋਏ ਉਨਾਂ ਦੀ ਸੁਣਵਾਈ ਤੱਕ ਨਹੀਂ ਕੀਤੀ ਹੈ, ਜਦੋਂ ਕਿ ਹਰ ਮੁੱਦੇ ‘ਤੇ ਪੰਜਾਬ ਲਈ ਅਰਵਿੰਦ ਕੇਜਰੀਵਾਲ ਫੇਲ੍ਹ ਸਾਬਤ ਹੋਏ ਹਨ।
ਖਹਿਰਾ ਨੇ ਆਪਣੇ ਅਸਤੀਫ਼ੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਮਜੀਠੀਆ ਤੋਂ ਮੰਗੀ ਮੁਆਫ਼ੀ ਦੀ ਯਾਦ ਕਰਵਾਉਂਦੇ ਹੋਏ ਇਸ ਨੂੰ ਕਾਇਰਤਾ ਵਾਲਾ ਫੈਸਲਾ ਕਰਾਰ ਦਿੱਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।