ਇਸਲਾਮਾਬਾਦ | ਪਾਕਿਸਤਾਨ ਦੀ ਭ੍ਰਿਸ਼ਟਾਚਾਰ ਰੋਕੂ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਖਿਲਾਫ਼ ਚੱਲ ਰਹੇ ਭ੍ਰਿਸ਼ਟਾਚਾਰ ਦੇ ਬਾਕੀ ਦੋ ਮਾਮਲਿਆਂ ‘ਚ ਉਨ੍ਹਾਂ ਨੂੰ ਦੋਸ਼ੀ ਕਰਾਰ ਦਿਤਾ। ਇਸਲਾਮਾਬਾਦ ਦੀ ਜਵਾਬਦੇਹੀ ਅਦਾਲਤ ਨੇ 68 ਸਾਲਾਂ ਸ਼ਰੀਫ਼ ਨੂੰ ਅਲ ਅਜੀਜ਼ੀਆ ਸਟੀਲ ਮਿੱਲ ਮਾਮਲਿਆਂ ‘ਚ ਦੋਸ਼ੀ ਕਰਾਰ ਦਿੰਦਿੰਦਿਆਂ ਸੱਤ ਸਾਲ ਦੀ ਸਜ਼ਾ ਸੁਣਾਈ। ਸ਼ਰੀਫ਼ ‘ਤੇ 2.5 ਮਿਲੀਅਨ ਦਾ ਜੁਰਮਾਨਾ ਵੀ ਲਾਇਆ ਗਿਆ।
ਦ ਡਾਨ ਮੁਤਾਬਕ, ਫ਼ੈਸਲਾ ਸੁਣਨ ਲਈ ਨਵਾਜ਼ ਸ਼ਰੀਫ਼ ਅਦਾਲਤ ‘ਚ ਮੌਜੂਦ ਸਨ। ਜਸਟਿਸ ਅਰਸ਼ਦ ਮਲਿਕ ਨੇ ਨਵਾਜ਼ ਦੇ ਕੋਰਟ ਰੂਮ ‘ਚ ਪੁੱਜਣ ਦੇ ਕੁਝ ਹੀ ਮਿੰਟਾਂ ‘ਚ ਫ਼ੈਸਲਾ ਸੁਣਾਇਆ। ਅਦਾਲਤ ਨੇ ਕਿਹਾ ਕਿ ਫਲੈਗਸ਼ਿਪ ਇਨਵੈਸਟਮੈਂਟ ਮਾਮਲੇ ‘ਚ ਮੁਲਜ਼ਮ ਖਿਲਾਫ਼ ਕੋਈ ਕੇਸ ਨਹੀਂ ਬਣਦਾ ਹੈ। ਅਲ ਅਜੀਜ਼ੀਆ ਸਟੀਲ ਮਿੱਲ ਮਾਮਲੇ ‘ਚ ਦੋਸ਼ ਸਿੱਧ ਹੁੰਦਾ ਹੈ। ਸਿਆਸੀ ਬਨਵਾਸ ਕੱਟ ਰਹੇ ਨਵਾਜ਼ ਸ਼ਰੀਫ਼ ਦੇ ਸਮਰਥਕ ਵੱਡੀ ਗਿਣਤੀ ‘ਚ ਅਦਾਲਤ ਦੇ ਬਾਹਰ ਮੌਜੂਦ ਸਨ। ਮੀਡੀਆ ਰਿਪੋਰਟਸ ਦੇ ਮੁਤਾਬਕ, ਸ਼ਰੀਫ਼ ਸਮੇਂ ‘ਤੇ ਅਦਾਲਤ ਪਹੁੰਚ ਗਏ ਸਨ ਤੇ ਇਸ ਦੌਰਾਨ ਉਹ ਬਿਲਕੁਲ ਸ਼ਾਂਤ ਨਜ਼ਰ ਆ ਰਹੇ ਸਨ। ਨਵਾਜ਼ ਸ਼ਰੀਫ਼ ‘ਤੇ ਇਸ ਤੋਂ ਪਹਿਲਾਂ ਵੀ ਭ੍ਰਿਸ਼ਟਾਚਾਰ ਦੇ ਕਈ ਦੋਸ਼ ਲੱਗ ਚੁੱਕੇ ਹਨ। ਉਨ੍ਹਾਂ ਨੂੰ 10 ਸਾਲ ਲਈ ਚੋਣ ਲੜਨ ਦੇ ਆਯੋਗ ਵੀ ਐਲਾਨਿਆ ਜਾ ਚੁੱਕਿਆ ਹੈ। ਪਹਿਲਾਂ ਤੋਂ ਹੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸ਼ਰੀਫ਼ ਦੇ ਕੁਨਬੇ ਲਈ ਇਹ ਫ਼ੈਸਲਾ ਵੱਡਾ ਝੱਟਕਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।