ਅਮਰਿੰਦਰ ਸਿੰਘ ਦਾ ਹਾਲ-ਚਾਲ ਪੁੱਛਣ ਦੇ ਬਹਾਨੇ ਦਿੱਤਾ ਸੁਨੇਹਾ, ਨਹੀਂ ਬਰਦਾਸ਼ਤ ਅਮਰਿੰਦਰ ਖ਼ਿਲਾਫ਼ ਬਗਾਵਤ
ਰਾਹੁਲ ਗਾਂਧੀ ਨੇ ਆਪਣਾ ਸਾਰਾ ਪ੍ਰੋਗਰਾਮ ਬਦਲ ਕੀਤੀ ਸੀ ਅਮਰਿੰਦਰ ਦੀ ਕੋਠੀ ਵਲ ਰੁੱਖ
ਚੰਡੀਗੜ। ਮੁੱਖ ਮੰਤਰੀ ਅਮਰਿੰਦਰ ਸਿੰਘ ਹੀ ਨਾ ਸਿਰਫ਼ ਪੰਜਾਬ, ਸਗੋਂ ਸੂਬਾ ਕਾਂਗਰਸੀਆਂ ਦੇ ‘ਕੈਪਟਨ’ ਰਹਿਣਗੇ। ਉਨਾਂ ਦੀ ਅਗਵਾਈ ਹੇਠ ਹੀ ਪੰਜਾਬ ਵਿੱਚ ਰਹਿ ਕੇ ਕੰਮ ਕਰਨਾ ਪਏਗਾ। ਇਹ ਸਾਫ਼ ਅਤੇ ਸਪਸ਼ਟ ਸੁਨੇਹਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਚੰਡੀਗੜ ਵਿਖੇ ਦਿੰਦੇ ਹੋਏ ਬਹੁਤੇ ਕਾਂਗਰਸੀਆਂ ਦੇ ਭੁਲੇਖੇ ਦੂਰ ਕਰ ਦਿੱਤੇ ਹਨ, ਜਿਹੜੇ ਕਿ ਸੋਚ ਅਤੇ ਸਮਝ ਰਹੇ ਸਨ ਕਿ ਅਮਰਿੰਦਰ ਸਿੰਘ ਦੇ ਵਿਕਲਪ ਦੇ ਤੌਰ ‘ਤੇ ਨਵਜੋਤ ਸਿੱਧੂ ਜਾਂ ਫਿਰ ਹੋਰ ਕਾਂਗਰਸੀ ਲੀਡਰ ਤਿਆਰ ਹੋ ਰਹੇ ਹਨ।
ਰਾਹੁਲ ਗਾਂਧੀ ਮੁਹਾਲੀ ਵਿਖੇ ਅਖਬਾਰ ਨਵਜੀਵਨ ਅਖ਼ਬਾਰ ਨੂੰ ਪੰਜਾਬ ਵਿੱਚ ਲਾਂਚ ਕਰਨ ਲਈ ਆਏ ਹੋਏ ਸਨ, ਜਿਥੇ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੀ ਭਾਗ ਲੈਣਾ ਸੀ ਪਰ ਅਮਰਿੰਦਰ ਸਿੰਘ ਖਰਾਬ ਸਿਹਤ ਅਤੇ ਡਾਕਟਰਾਂ ਵਲੋਂ ਆਰਾਮ ਕਰਨ ਦੀ ਸਲਾਹ ਦੇਣ ਤੋਂ ਬਾਅਦ ਇਸ ਸਮਾਗਮ ਵਿੱਚ ਭਾਗ ਲੈਣ ਲਈ ਨਹੀਂ ਆਏ। ਜਿਸ ਤੋਂ ਬਾਅਦ ਇੰਜ ਲਗ ਰਿਹਾ ਸੀ ਕਿ ਅਮਰਿੰਦਰ ਸਿੰਘ ਦੀ ਗੈਰ ਹਾਜ਼ਰੀ ਰਾਹੁਲ ਗਾਂਧੀ ਨੂੰ ਨਾਰਾਜ਼ ਕਰ ਸਕਦੀ ਹੈ।
ਸਮਾਗਮ ਖ਼ਤਮ ਹੋਣ ਤੋਂ ਤੁਰੰਤ ਬਾਅਦ ਰਾਹੁਲ ਗਾਂਧੀ ਨੇ ਦਿੱਲੀ ਲਈ ਰਵਾਨਾ ਹੋਣਾ ਸੀ, ਜਿੱਥੇ ਉਨ੍ਹਾਂ ਨੇ ਇੱਕ ਮੀਟਿੰਗ ਵਿੱਚ ਭਾਗ ਲੈਣਾ ਸੀ ਪਰ ਅਮਰਿੰਦਰ ਸਿੰਘ ਦੀ ਸਿਹਤ ਖ਼ਰਾਬ ਹੋਣ ਦੀ ਗਲ ਸੁਣਨ ਤੋਂ ਬਾਅਦ ਰਾਹੁਲ ਗਾਂਧੀ ਨੇ ਤੈਅ ਪ੍ਰੋਗਰਾਮ ਤਹਿਤ ਦਿੱਲੀ ਰਵਾਨਾ ਹੋਣ ਦੀ ਥਾਂ ‘ਤੇ ਅਮਰਿੰਦਰ ਸਿੰਘ ਦੀ ਕੋਠੀ ਵਲ ਰੁੱਖ ਕਰ ਲਿਆ। ਰਾਹੁਲ ਗਾਂਧੀ ਨੇ ਅਮਰਿੰਦਰ ਸਿੰਘ ਦਾ ਹਾਲ ਚਾਲ ਪੁੱਛਣ ਦੇ ਨਾਲ ਹੀ ਲਗਭਗ 20 ਮਿੰਟ ਤੱਕ ਗੱਲਬਾਤ ਕਰਦਿਆਂ ਚਾਹ ਤੱਕ ਪੀਤੀ। ਇਸ ਦੌਰਾਨ ਰਾਹੁਲ ਗਾਂਧੀ ਦੇ ਨਾਲ ਸਾਬਕਾ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਅਤੇ ਕਾਂਗਰਸੀ ਲੀਡਰ ਮੋਤੀ ਲਾਲ ਵੋਹਰਾ ਵੀ ਮੌਜੂਦ ਸਨ।
ਰਾਹੁਲ ਗਾਂਧੀ ਵਲੋਂ ਅਮਰਿੰਦਰ ਸਿੰਘ ਦੀ ਕੋਠੀ ਵੱਲ ਰੁੱਖ ਕਰਨ ਅਤੇ ਹਾਲ ਚਾਲ ਪੁੱਛਣ ਦੇ ਬਹਾਨੇ ਇਹ ਸਾਫ਼ ਕਰ ਦਿੱਤਾ ਹੈ ਕਿ ਅਮਰਿੰਦਰ ਸਿੰਘ ਦੀ ਕਾਂਗਰਸ ਵਿੱਚ ਪਹਿਲੀ ਵਾਲੀ ਥਾਂ ਬਣੀ ਰਹੇਗੀ ਅਤੇ ਅਗਲੇ ਸਮੇਂ ਦੌਰਾਨ ਵੀ ਉਹ ਪੰਜਾਬ ਵਿੱਚ ਕਾਂਗਰਸ ਦੇ ‘ਕੈਪਟਨ’ ਰਹਿਣਗੇ। ਅਮਰਿੰਦਰ ਸਿੰਘ ਦੀ ਥਾਂ ਕੋਈ ਵੀ ਨਹੀਂ ਲੈ ਪਾਏਗਾ।
ਇਸ ਨਾਲ ਹੀ ਨਵਜੋਤ ਸਿੱਧੂ ਨੂੰ ਵੀ ਸਪਸ਼ਟ ਇਸ਼ਾਰਾ ਮਿਲ ਗਿਆ ਹੈ ਕਿ ਉਨਾਂ ਨੂੰ ਪੰਜਾਬ ਵਿੱਚ ਅਮਰਿੰਦਰ ਸਿੰਘ ਨਾਲ ਮਿਲ ਕੇ ਹੀ ਕੰਮ ਕਰਨਾ ਪਏਗਾ ਅਤੇ ਉਨਾਂ ਨੂੰ ਅਮਰਿੰਦਰ ਸਿੰਘ ਨੂੰ ਆਪਣਾ ਕੈਪਟਨ ਮੰਨਣਾ ਪਏਗਾ। ਪਿਛਲੇ ਦਿਨੀਂ ਨਵਜੋਤ ਸਿੱਧੂ ਨੇ ਅਮਰਿੰਦਰ ਸਿੰਘ ਨੂੰ ਆਪਣਾ ਕੈਪਟਨ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।