ਨਵਜੋਤ ਸਿੱਧੂ ‘ਤੇ ਸਾਥੀ ਕੈਬਨਿਟ ਮੰਤਰੀ ਧਰਮਸੋਤ ਦਾ ਹਮਲਾ, ਪਹਿਚਾਣ ਕਰਨ ਤੋਂ ਕੀਤਾ ਇਨਕਾਰ
- ਨਵਜੋਤ ਸਿੱਧੂ ਦੇ ਪ੍ਰਤੀ ਕੈਬਨਿਟ ਮੰਤਰੀਆਂ ਵਿੱਚ ਅਜੇ ਵੀ ਨਰਾਜ਼ਗੀ ਬਰਕਰਾਰ
ਚੰਡੀਗੜ੍ਹ, (ਅਸ਼ਵਨੀ ਚਾਵਲਾ) । ਕੌਣ ਸਿੱਧੂ, ਕਿਹੜਾ ਸਿੱਧੂ, ਕਿਹਨੇ ਦਿੱਤੀ ਐ ਉਨਾਂ ਨੂੰ ਕਲੀਨ ਚਿੱਟ, ਅਸੀਂ ਤਾਂ ਨਹੀਂ ਦਿੱਤੀ ਹੈ! ਇਹ ਕਹਿਣਾ ਹੈ ਸਿੱਧੂ ਦੇ ਹੀ ਸਾਥੀ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ। ਸਾਧੂ ਸਿੰਘ ਧਰਮਸੋਤ ਅੱਜ ਉਸ ਸਮੇਂ ਭੜਕ ਪਏ ਜਦੋਂ ਉਨਾਂ ਤੋਂ ਨਵਜੋਤ ਸਿੱਧੂ ਦੇ ਪ੍ਰਤੀ ਇੱਕ ਸੁਆਲ ਕੀਤਾ ਗਿਆ। ਸਾਧੂ ਸਿੰਘ ਧਰਮਸੋਤ ਨੇ ਤਾਂ ਨਵਜੋਤ ਸਿੱਧੂ ਨੂੰ ਪਹਿਚਾਨਣ ਤੋਂ ਹੀ ਸਾਫ਼ ਇਨਕਾਰ ਕਰ ਦਿੱਤਾ ਸੀ। ਕੈਬਨਿਟ ਮੰਤਰੀ ਦੇ ਇਸ ਵਿਹਾਰ ਤੋਂ ਸਾਫ਼ ਸੀ ਕਿ ਨਵਜੋਤ ਸਿੱਧੂ ਦੇ ਬਾਰੇ ਜਿਹੜੀ ਨਰਾਜ਼ਗੀ ਪਿਛਲੇ ਦਿਨੀਂ ਸ਼ੁਰੂ ਹੋਈ ਸੀ। ਉਹ ਅੱਜ ਵੀ ਬਰਕਰਾਰ ਹੈ ਅਤੇ ਉਸ ਨੂੰ ਲੈ ਕੇ ਮੰਤਰੀ ਹੁਣ ਵੀ ਨਵਜੋਤ ਸਿੱਧੂ ਦੇ ਨਾਅ ਤੋਂ ਹੀ ਭੜਕ ਜਾਂਦੇ ਹਨ।
ਹੋਇਆ ਇੰਜ ਕਿ ਪੰਜਾਬ ਭਵਨ ਵਿਖੇ ਇੱਕ ਪ੍ਰੋਗਰਾਮ ਵਿੱਚ ਭਾਗ ਲੈਣ ਤੋਂ ਬਾਅਦ ਜਦੋਂ ਸਾਧੂ ਸਿੰਘ ਧਰਮਸੋਤ ਵਾਪਸ ਜਾ ਰਹੇ ਸਨ ਤਾਂ ਉਨਾਂ ਤੋਂ ਪੁੱਛਿਆ ਗਿਆ ਕਿ ਨਵਜੋਤ ਸਿੱਧੂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ ਅਤੇ ਇਸ ਸਬੰਧੀ ਉਨਾਂ ਨੇ ਕੁਝ ਕਹਿਣਾ ਹੈ ? ਇਸ ‘ਤੇ ਸਾਧੂ ਸਿੰਘ ਧਰਮਸੋਤ ਨੇ ਹੀ ਮੀਡੀਆ ਨੂੰ ਸੁਆਲ ਕਰਦੇ ਹੋਏ ਕਿਹਾ ਕਿ ਕੌਣ ਸਿੱਧੂ ਸਾਹਿਬ, ਕੀਹਨੇ ਦਿੱਤੀ ਐ ਕਲੀਨ ਚਿੱਟ, ਇਸ ਸਬੰਧੀ ਕਲੀਅਰ ਕੀਤਾ ਜਾਵੇ ਤਾਂ ਫਿਰ ਉਹ ਜੁਆਬ ਵੀ ਦੇਣਗੇ, ਉਨਾਂ ਨੇ ਤਾਂ ਨਹੀਂ ਦਿੱਤੀ ਹੈ ਕਲੀਨ ਚਿੱਟ ?
ਸਾਧੂ ਸਿੰਘ ਧਰਮਸੋਤ ਅਸਲ ਵਿੱਚ ਨਵਜੋਤ ਸਿੱਧੂ ਵਲੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਖ਼ਿਲਾਫ਼ ਦਿੱਤੇ ਗਏ ਬਿਆਨ ਬਾਰੇ ਸਮਝ ਗਏ ਸਨ, ਜਿਸ ਕਾਰਨ ਉਹ ਕਹਿ ਰਹੇ ਸਨ ਕਿ ਅਜੇ ਨਵਜੋਤ ਸਿੱਧੂ ਨੂੰ ਇਸ ਮਾਮਲੇ ਵਿੱਚ ਕੋਈ ਕਲੀਨ ਚਿੱਟ ਨਹੀਂ ਦਿੱਤੀ ਗਈ ਹੈ। ਇਸ ਤੋਂ ਬਾਅਦ ਜਦੋਂ ਸਾਧੂ ਸਿੰਘ ਧਰਮਸੋਤ ਨੂੰ ਦੱਸਿਆ ਕਿ ਨਵਜੋਤ ਸਿੱਧੂ ਨੂੰ ਅਮਰਿੰਦਰ ਸਿੰਘ ਨੂੰ ਕੈਪਟਨ ਨਾ ਮੰਨਣ ਦੇ ਵਿਵਾਦ ਬਾਰੇ ਨਹੀਂ ਸਗੋਂ ਅੰਮ੍ਰਿਤਸਰ ਰੇਲ ਹਾਦਸੇ ਵਿੱਚ ਦਿੱਤੀ ਗਈ ਮੈਜਿਸਟ੍ਰੇਟੀ ਜਾਂਚ ਦੌਰਾਨ ਕਲੀਨ ਚਿੱਟ ਬਾਰੇ ਪੁੱਛਿਆ ਜਾ ਰਿਹਾ ਹੈ ਤਾਂ ਉਨਾਂ ਕਿਹਾ ਕਿ ਜਿਹੜੀ ਮੈਜਿਸਟ੍ਰੇਟ ਅਧਿਕਾਰੀ ਵਲੋਂ ਜਾਂਚ ਰਿਪੋਰਟ ਦਿੱਤੀ ਗਈ ਹੈ, ਉਹ ਬਿਲਕੁਲ ਠੀਕ ਹੈ।
ਇਥੇ ਜਿਕਰਯੋਗ ਹੈ ਕਿ ਨਵਜੋਤ ਸਿੱਧੂ ਨੇ ਬੀਤੇ ਦਿਨੀਂ ਹੈਦਰਾਬਾਦ ਵਿਖੇ ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਆਪਣਾ ਕੈਪਟਨ ਮੰਨਣ ਤੋਂ ਇਨਕਾਰ ਕਰਦੇ ਹੋਏ ਕਿਹਾ ਸੀ ਕਿ ਅਮਰਿੰਦਰ ਸਿੰਘ ਤਾਂ ਫੌਜ ਦੇ ਕੈਪਟਨ ਹਨ, ਜਦੋਂ ਕਿ ਉਨਾਂ ਦਾ ਕੈਪਟਨ ਤਾਂ ਰਾਹੁਲ ਗਾਂਧੀ ਹੈ। ਜਿਸ ਤੋਂ ਬਾਅਦ ਪੰਜਾਬ ਵਿੱਚ ਕਾਫ਼ੀ ਜਿਆਦਾ ਵਿਵਾਦ ਹੋ ਗਿਆ ਅਤੇ ਕੈਬਨਿਟ ਮੰਤਰੀਆਂ ਸਣੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੇ ਨਵਜੋਤ ਸਿੱਧੂ ਖ਼ਿਲਾਫ਼ ਗੁੱਸਾ ਫੁੱਟ ਕੇ ਬਾਹਰ ਆ ਗਿਆ ਸੀ। ਹਾਲਾਂਕਿ ਨਵਜੋਤ ਸਿੱਧੂ ਨੇ ਇਸ ਮਾਮਲੇ ਨੂੰ ਜਲਦ ਹੀ ਨਿਪਟਾਉਣ ਦਾ ਬਿਆਨ ਦੇ ਦਿੱਤਾ ਹੈ ਪਰ ਅਜੇ ਵੀ ਸਾਥੀ ਕੈਬਨਿਟ ਮੰਤਰੀਆਂ ਵਿੱਚ ਸਿੱਧੂ ਪ੍ਰਤੀ ਗੁੱਸਾ ਬਰਕਰਾਰ ਹੈ।