2019 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ‘ਚ ਜੁਟੀ ਭਾਜਪਾ
ਨਵੀਂ ਦਿੱਲੀ (ਏਜੰਸੀ)। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਹੁਣ ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜ਼ੀ ਦੇ ਗੜ੍ਹ ਪੱਛਮੀ ਬੰਗਾਲ ‘ਤੇ ਆਪਣੀ ਨਿਗ੍ਹਾ ਜਮਾ ਲਈ ਹੈ ਅਤੇ ਇਸ ਲਈ ਰਥ ਯਾਤਰਾਵਾਂ ਤੇ ਜ਼ੋਰਦਾਰ ਰੈਲੀਆਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਸੂਤਰਾਂ ਅਨੁਸਾਰ ਸਾਲ 2019 ‘ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ‘ਮਿਸ਼ਨ ਪੂਰਵ’ ‘ਚ ਜੁਟ ਗਈ ਹੈ। ਇਸ ਦੇ ਤਹਿਤ ਭਾਜਾ ਤ੍ਰਿਣਮੂਲ ਕਾਂਗਰਸ ਨੂੰ ਉਸੇ ਦੇ ਗੜ੍ਹ ‘ਚ ਸਖ਼ਤ ਟੱਕਰ ਦੇਣ ਦੀਆਂ ਯੋਜਨਾਵਾਂ ਬਣ ਰਹੀਆਂ ਹਨ। ਭਾਜਪਾ ਪ੍ਰਧਾਨ ਅਮਿਤ ਸ਼ਾਹ ਪਹਿਲਾਂ ਹੀ ਪਾਰਟੀ ਲਈ ਪੱਛਮੀ ਬੰਗਾਲ ਦੀਆਂ 42 ਲੋਕ ਸਭਾ ਸੀਟਾਂ ‘ਚੋਂ 22-23 ਸੀਟਾਂ ਹਾਸਲ ਕਰਨ ਦਾ ਟੀਚਾ ਨਿਰਧਾਰਿਤ ਕਰ ਚੁੱਕੇ ਹਨ।
ਪੱਛਮੀ ਬੰਗਾਲ ‘ਚ ਭਾਜਪਾ ਸੱਤ ਦਸੰਬਰ ਨੂੰ ਮਹੀਨੇ ਭਰ ਚੱਲ ਵਾਲੇ ‘ਲੋਕਤੰਤਰ ਬਚਾਓ’ ਥੀਮ ਦੇ ਤਹਿਤ ਰਥ ਯਾਤਰਾਵਾਂ ਦੀ ਸ਼ੁਰੂਆਤ ਕਰੇਗੀ। ਸ੍ਰੀ ਸ਼ਾਹ ਰਾਜ ‘ਚ ਤਿੰਨ ਰਥ ਯਾਤਰਾਵਾਂ ਨੂੰ ਹਰੀ ਝੰਡੀ ਦਿਖਾਉਣਗੇ। ਇਨ੍ਹਾਂ ‘ਚੋਂ ਪਹਿਲੀ ਸੱਤ ਦਸੰਬਰ ਨੂੰ ਉੱਤਰੀ ਬੰਗਾਲ ਦੇ ਕੁਚਬਿਹਾਰ ਜ਼ਿਲ੍ਹੇ ਤੋਂ, ਦੂਜੀ ਨੌ ਦਸੰਬਰ ਨੂੰ ਦੱਖਣੀ ਬੰਗਾਲ ਦੇ ਗੰਗਾਸਾਗਰ ਤੋਂ ਅਤੇ ਤੀਜੀ 14 ਦਸੰਬਰ ਨੂੰ ਬੀਰਭੂਮ ਜ਼ਿਲ੍ਹੇ ‘ਚ ਤਾਰਾਪੀਠ ਮੰਦਰ ਤੋਂ ਸ਼ੁਰੂ ਹੋਵੇਗੀ।
ਸ੍ਰੀ ਸ਼ਾਹ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ, ਅਸਮ ਦੇ ਮੁੱਖ ਮੰਤਰੀ ਸਰਵਾਨੰਦ ਸੋਨਵਾਲ ਪੱਛਮੀ ਬੰਗਾਲ ਦੇ ਵੋਟਰਾਂ ਨਾਲ ‘ਐੱਨਆਰਸੀ’ ਦੇ ਮੁੱਦੇ ‘ਤੇ ਆਪਣਾ ਤਜ਼ਰਬਾ ਸਾਂਝਾ ਕਰਨਗੇ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਵੀ ਸੂਬੇ ‘ਚ ਕਈ ਜਨ ਸਭਾਵਾਂ ਹੋਣ ਦੀ ਸੰਭਾਵਨਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।