ਬਾਲ ਵਿਭਾਗ ਦੇ ਕੰਮ ਸਿਆਣੇ, ਪਿੰਡਾਂ ‘ਚ ਨਹੀਂ ਵਿਆਹੇ ਜਾਣਗੇ ਨਿਆਣੇ

Children Department, Work Wise, Villages, Children Not Married

ਜ਼ਿਲ੍ਹਾ ਮਾਨਸਾ ਦੀਆਂ 26 ਪੰਚਾਇਤਾਂ ਨੇ ਆਪਣੇ ਪਿੰਡ ‘ਬਾਲ ਵਿਆਹ ਮੁਕਤ’ ਐਲਾਨੇ

ਜ਼ਿਲ੍ਹੇ ਦੇ 1519 ਜ਼ਿਮੀਦਾਰਾਂ ਨੇ 27,983 ਏਕੜ ਰਕਬਾ ‘ਬਾਲ ਮਜ਼ਦੂਰੀ ਮੁਕਤ’ ਐਲਾਨਿਆ

ਸੁਖਜੀਤ ਮਾਨ, ਮਾਨਸਾ

ਬਾਲ ਅਧਿਕਾਰਾਂ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਜ਼ਿਲ੍ਹਾ ਮਾਨਸਾ ਦੇ ਪਿੰਡਾਂ, ਸਕੂਲਾਂ ਅਤੇ ਹੋਰ ਵੱਖ-ਵੱਖ ਥਾਵਾਂ ‘ਤੇ ਨਿਰੰਤਰ ਸੈਮੀਨਾਰ ਤੇ ਰੈਲੀਆਂ ਰਾਹੀਂ ਜਾਗਰੂਕਤਾ ਫੈਲਾ ਰਹੇ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਉਦਮਾਂ ਨੂੰ ਖ਼ੂਬ ਬੂਰ ਪਿਆ ਹੈ ਇਨ੍ਹਾਂ ਉਪਰਾਲਿਆਂ ਸਦਕਾ ਜ਼ਿਲ੍ਹੇ ਦੇ 26 ਪਿੰਡਾਂ ਦੀਆਂ ਪੰਚਾਇਤਾਂ ਨੇ ਆਪਣੇ ਪਿੰਡਾਂ ਨੂੰ ‘ਬਾਲ ਵਿਆਹ ਮੁਕਤ’ ਤੇ ਬਾਲ ਸੁਰੱਖਿਆ ਦੇ ਹਿਤੈਸ਼ੀ ਐਲਾਨਿਆ ਹੈ। ਇੱਥੇ ਹੀ ਬੱਸ ਨਹੀਂ ਜ਼ਿਲ੍ਹੇ ਦੇ 1519 ਜ਼ਿਮੀਦਾਰਾਂ ਨੇ ਤਾਂ ਆਪਣੀ 27,983 ਏਕੜ ਜ਼ਮੀਨ ਵੀ ਬਾਲ ਮਜ਼ਦੂਰੀ ਮੁਕਤ ਐਲਾਨ ਦਿੱਤੀ ਹੈ।

 ਵੇਰਵਿਆਂ ਮੁਤਾਬਿਕ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਅਤੇ ‘ਸੇਵ ਦ ਚਿਲਡਰਨ’ ਸੰਸਥਾ ਦੇ ਯਤਨਾਂ ਸਦਕਾ ਡੇਢ ਸਾਲ ਪਹਿਲਾਂ ਮਾਨਸਾ ਦੇ ਪਿੰਡ ਅਚਾਨਕ ਨੂੰ ਪੰਜਾਬ ਦਾ ਪਹਿਲਾ ਅਜਿਹਾ ਪਿੰਡ ਹੋਣ ਦਾ ਮਾਣ ਹਾਸਲ ਹੋਇਆ, ਜਿਸ ਦੀ ਪੰਚਾਇਤ ਨੇ ਪਿੰਡ ਨੂੰ ਬਾਲ ਵਿਆਹ ਮੁਕਤ ਐਲਾਨਿਆ ਅਤੇ ਇਤਿਹਾਸ ਵਿੱਚ ਵਿਲੱਖਣ ਪਿੰਡ ਹੋਣ ਲਈ ਆਪਣਾ ਨਾਂਅ ਦਰਜ ਕਰਵਾਇਆ। ਇਸ ਤੋਂ ਇਲਾਵਾ ਪਿੰਡ ਅਹਿਮਦਪੁਰ, ਬੱਛੋਆਣਾ, ਭਖੜਿਆਲ, ਬੋੜਾਵਾਲ, ਦਰਿਆਪੁਰ, ਦਾਤੇਵਾਸ, ਧਰਮਪੁਰਾ, ਗੋਰਖ ਨਾਥ, ਗੁਰਨੇ ਕਲਾਂ, ਗੁਰਨੇ ਖ਼ੁਰਦ, ਹਸਨਪੁਰ, ਜੁਗਲਾਨ, ਕੁਲਹੇੜੀ, ਕੁਲਰੀਆਂ, ਮਲਕਪੁਰ ਭੀਮੜਾ, ਮੰਡੇਰ, ਫੁੱਲੂਵਾਲਾ ਡੋਡ, ਰੱਲੀ, ਰਾਮਪੁਰ ਮੰਡੇਰ, ਸੈਦੇ ਵਾਲਾ, ਸਸਪਾਲੀ, ਸਤੀਕੇ, ਟੋਡਰਪੁਰ, ਗਮੀਵਾਲਾ ਅਤੇ ਪਿੰਡ ਬੀਰੋ ਕਲਾਂ ਆਦਿ 25 ਪਿੰਡਾਂ ਦੀਆਂ ਪੰਚਾਇਤਾਂ ਨੇ ਵੀ ਆਪਣੇ-ਆਪਣੇ ਪਿੰਡਾਂ ਨੂੰ ”ਬਾਲ ਵਿਆਹ ਮੁਕਤ” ਐਲਾਨ ਕੇ ਸਮਾਜ ਵਿੱਚ ਵਿਲੱਖਣ ਮਿਸਾਲ ਪੈਦਾ ਕੀਤੀ ਹੈ।

ਇਸੇ ਤਰ੍ਹਾਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ 1519 ਜ਼ਿਮੀਦਾਰਾਂ ਵੱਲੋਂ ਵੀ ਆਪਣੀ 27,983 ਏਕੜ ਜ਼ਮੀਨ ‘ਬਾਲ ਮਜ਼ਦੂਰੀ ਮੁਕਤ’ ਐਲਾਨਣ ਸਬੰਧੀ ਹਲਫ਼ੀਆ ਬਿਆਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੇ ਗਏ ਹਨ।  ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਜਨਵਰੀ ਤੋਂ ਅਕਤੂਬਰ ਤੱਕ ਬੱਚਿਆਂ ਦੇ ਅਧਿਕਾਰਾਂ ਬਾਰੇ ਜਾਣਕਾਰੀ ਦਿੰਦਿਆਂ 42 ਜਾਗਰੂਕਤਾ ਤੇ ਸਿਖਲਾਈ ਕੈਂਪ ਪਿੰਡਾਂ, ਸਕੂਲਾਂ, ਭੱਠਿਆਂ ਆਦਿ ਵਿਖੇ ਲਾ ਚੁੱਕਾ ਹੈ, ਜਿਥੇ ਬੱਚਿਆਂ, ਮਾਪਿਆਂ, ਅਧਿਆਪਕਾਂ ਅਤੇ ਸਥਾਨਕ ਬਾਸ਼ਿੰਦਿਆਂ ਨੂੰ ਬੱਚਿਆਂ ਪ੍ਰਤੀ ਹਰ ਕਿਸਮ ਦੇ ਸ਼ੋਸ਼ਣ ਨੂੰ ਰੋਕਣ ਅਤੇ ਉਨ੍ਹਾਂ ਦੇ ਹੱਕ ਸਲਾਮਤ ਰੱਖਣ ਲਈ ਵਿਸਥਾਰਪੂਰਵਕ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ।

ਇਸ ਤੋਂ ਇਲਾਵਾ ਪਿੰਡਾਂ ‘ਚ ਬਾਲ ਸੁਰੱਖਿਆ ਕਮੇਟੀਆਂ ਕਾਇਮੀ ਅਤੇ ਚਾਈਲਡ ਹੈਲਪਲਾਈਨ ਦੀ ਸਥਾਪਤੀ ਦੇ ਨਾਲ-ਨਾਲ ਜ਼ਿਲ੍ਹੇ ਦੇ ਸਾਰੇ ਥਾਣੇ ”ਵਿਸ਼ੇਸ਼ ਬਾਲ ਪੁਲਿਸ ਯੂਨਿਟ” ਨਾਲ ਲੈਸ ਕੀਤੇ ਗਏ ਹਨ, ਜਿੱਥੇ 2 ਮੁਲਾਜ਼ਮਾਂ ਦੀ ਵਿਸ਼ੇਸ਼ ਟੀਮ ਬੱਚਿਆਂ ਦੇ ਮਾਮਲਿਆਂ ਨੂੰ ਉਚੇਚੇ ਤੌਰ ‘ਤੇ ਦਰਜ ਕਰਦੀ ਹੈ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਦੀ ਹੈ। ਜ਼ਿਲ੍ਹਾ ਬਾਲ ਸੁਰੱਖਿਆ ਇਕਾਈ ਦੀਆਂ ਗਤੀਵਿਧੀਆਂ ਬਾਰੇ ਹੋਣ ਜਾਣਕਾਰੀਆਂ ਸਾਂਝੀ ਕਰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਿਸ਼ੇਸ਼ ਰੂਪ ਨਾਲ ਤਿਆਰ ਕਰਵਾਏ ਕਾਪੀਆਂ ਦੇ ਕਵਰ ਹਜ਼ਾਰਾਂ ਦੀ ਗਿਣਤੀ ਵਿੱਚ ਵੰਡੇ ਗਏ, ਜਿਨ੍ਹਾਂ ਉਪਰ ਸਿੱਖਿਆ, ਸੁਰੱਖਿਆ, ਸਮਾਨਤਾ ਤੇ ਸਹਿਭਾਗਤਾ ਦੇ ਅਧਿਕਾਰਾਂ ਅਤੇ ਕਾਨੂੰਨਾਂ ਸਮੇਤ ਕਿਸੇ ਵੀ ਤਰ੍ਹਾਂ ਦੇ ਸ਼ੋਸ਼ਣ ਤੋਂ ਬਚਾਅ ਦੇ ਤਰੀਕੇ ਦਰਸਾਏ ਗਏ ਹਨ ਤਾਂ ਜੋ ਸ਼ੋਸ਼ਣ ਦੇ ਸੰਭਾਵੀ ਸ਼ਿਕਾਰ ਹੋਣ ਵਾਲੇ 0 ਤੋਂ 18 ਸਾਲ ਤੱਕ ਦੇ ਬੱਚਿਆਂ ਨੂੰ ਸਿੱਧੇ ਤੌਰ ‘ਤੇ ਜਾਣਕਾਰੀ ਮੁਹੱਈਆ ਕਰਵਾ ਕੇ ਜਾਗਰੂਕ ਕੀਤਾ ਜਾ ਸਕੇ

ਨਵੀਆਂ ਪਿਰਤਾਂ ਨਾਲ ਉਸਾਰੂ ਸੇਧ ਮਿਲਦੀ ਹੈ : ਡੀਸੀ

ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਦਾ ਕਹਿਣਾ ਹੈ ਕਿ  ਜ਼ਿਲ੍ਹਾ ਵਾਸੀਆਂ ਦੇ ਸਮਾਜਿਕ ਬੁਰਾਈਆਂ ਵਿਰੁੱਧ ਅਜਿਹੇ ਉਦਮਾਂ ਸਦਕਾ ਜਿਥੇ ਬੱਚਿਆਂ ਦੇ ਸੋਸ਼ਣ ਦੇ ਮਾਮਲਿਆਂ ਵਿੱਚ ਸਿੱਧੇ ਤੌਰ ‘ਤੇ ਵੱਡੀ ਕਮੀ ਆਉਣੀ ਸੁਭਾਵਿਕ ਹੈ, ਉਥੇ ਬੱਚਿਆਂ ਦੇ ਹਕੂਕਾਂ ਦੀਆਂ ਨਵੀਆਂ ਪਿਰਤਾਂ ਨਾਲ ਸਮਾਜ ਨੂੰ ਵੀ ਉਸਾਰੂ ਸੇਧ ਮਿਲਦੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।