ਪੰਜਾਬ ਲੀਡਰਾਂ ਨੇ ਕੀਤੀ ਅਰਵਿੰਦ ਕੇਜਰੀਵਾਲ ਨਾਲ 1 ਘੰਟੇ ਤੋਂ ਜ਼ਿਆਦਾ ਮੀਟਿੰਗ
ਅਸ਼ਵਨੀ ਚਾਵਲਾ, ਚੰਡੀਗੜ੍ਹ
ਆਮ ਆਦਮੀ ਪਾਰਟੀ ਤੋਂ ਬਾਗੀ ਹੋ ਕੇ ਪਾਰਟੀ ਨੂੰ ਦੋ ਫਾੜ ਕਰਨ ਦੀ ਕੋਸ਼ਿਸ਼ ਵਿੱਚ ਲਗੇ ਸੁਖਪਾਲ ਖਹਿਰਾ ਤੇ ਕੰਵਰ ਸੰਧੂ ਜਲਦ ਹੀ ਆਪ ‘ਚੋਂ ਬਾਹਰ ਹੋ ਸਕਦੇ ਹਨ, ਕਿਉਂਕਿ ਪਾਰਟੀ ਨੇ ਇਨ੍ਹਾਂ ਦੋਵਾਂ ਨੂੰ ਪਾਰਟੀ ਵਿੱਚੋਂ ਬਾਹਰ ਕੱਢਣ ਦਾ ਮਨ ਬਣਾ ਲਿਆ ਹੈ। ਇੱਥੇ ਹੀ ਅਰਵਿੰਦ ਕੇਜਰੀਵਾਲ ਨੇ ਇਸ ਫੈਸਲੇ ਨੂੰ ਆਪਣੀ ਸਹਿਮਤੀ ਦਿੰਦੇ ਹੋਏ ਪੰਜਾਬ ਯੂਨਿਟ ਨੂੰ ਹਰੀ ਝੰਡੀ ਦੇ ਦਿੱਤੀ ਹੈ, ਜਿਸ ਕਾਰਨ 8 ਨਵੰਬਰ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਇਸ ਸਬੰਧੀ ਫੈਸਲਾ ਲੈਂਦੇ ਹੋਏ ਸੁਖਪਾਲ ਖਹਿਰਾ ਤੇ ਕੰਵਰ ਸੰਧੂ ਨੂੰ ਪਾਰਟੀ ਤੋਂ ਬਾਹਰ ਕੱਢਣ ਦਾ ਫੁਰਮਾਨ ਜਾਰੀ ਕਰੇਗੀ।
ਅਰਵਿੰਦ ਕੇਜਰੀਵਾਲ ਹਰਿਆਣਾ ਦੌਰੇ ਤੋਂ ਬਾਅਦ ਚੰਡੀਗੜ੍ਹ ਵਿਖੇ ਆਏ ਹੋਏ ਸਨ, ਜਿੱਥੇ ਕਿ ਉਨ੍ਹਾਂ ਨੇ ਯੂ. ਟੀ. ਗੈਸਟ ਹਾਊਸ ਵਿਖੇ ਦੁਪਹਿਰ ਦੇ ਖਾਣੇ ‘ਤੇ ਪੰਜਾਬ ਦੇ ਲੀਡਰਾਂ ਨਾਲ ਲਗਭਗ 1 ਘੰਟਾ ਬੰਦ ਕਮਰਾ ਮੀਟਿੰਗ ਕੀਤੀ। ਸੂਤਰਾਂ ਅਨੁਸਾਰ ਬੰਦ ਕਮਰਾ ਮੀਟਿੰਗ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੁਖਪਾਲ ਖਹਿਰਾ ਦੇ ਮਾਮਲੇ ਵਿੱਚ ਕੋਈ ਜ਼ਿਆਦਾ ਵਿਚਾਰ ਕਰਨ ਦੀ ਜਰੂਰਤ ਨਹੀਂ ਹੈ ਤੇ ਇਸ ਸਬੰਧੀ ਦਿੱਲੀ ਹਾਈ ਕਮਾਨ ਤੋਂ ਫੈਸਲਾ ਕਰਵਾਉਣ ਦੀ ਥਾਂ ‘ਤੇ ਪੰਜਾਬ ਦੀ ਕੋਰ ਕਮੇਟੀ ਹੀ ਆਪਣਾ ਫੈਸਲਾ ਸੁਣਾ ਦੇਵੇ।
ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਕੋਰ ਕਮੇਟੀ ਨੂੰ ਹਰ ਤਰ੍ਹਾਂ ਦਾ ਫੈਸਲਾ ਲੈਣ ਸਬੰਧੀ ਹਰੀ ਝੰਡੀ ਦੇ ਦਿੱਤੀ ਹੈ ਕਿ ਉਹ ਚਾਹੇ ਤਾਂ ਪਹਿਲਾਂ ਮੁਅੱਤਲ ਕਰਦੇ ਹੋਏ ਸੁਣਵਾਈ ਕਰੇ ਜਾਂ ਫਿਰ ਸਿੱਧਾ ਹੀ ਪਾਰਟੀ ਤੋਂ ਬਾਹਰ ਕੱਢ ਦਿੱਤਾ ਜਾਵੇ। ਇੱਥੇ ਹੀ ਅਰਵਿੰਦ ਕੇਜਰੀਵਾਲ ਨੇ ਐਲਾਨੇ 5 ਉਮੀਦਵਾਰਾਂ ਨੂੰ ਆਪਣੇ ਆਪਣੇ ਲੋਕ ਸਭਾ ਹਲਕੇ ‘ਚ ਹੁਣ ਤੋਂ ਹੀ ਚੋਣਾਂ ਦੀ ਤਿਆਰੀ ਸ਼ੁਰੂ ਕਰਨ ਲਈ ਕਹਿ ਦਿੱਤਾ ਹੈ ਤਾਂ ਕਿ ਚੋਣਾਂ ਸਮੇਂ ਉਹ ਇੱਕ ਮਜ਼ਬੂਤ ਤੇ ਜੇਤੂ ਉਮੀਦਵਾਰ ਦੇ ਤੌਰ ‘ਤੇ ਤਿਆਰ ਹੋ ਜਾਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।