ਉਂਗਲਾਂ ‘ਤੇ ਗਿਣਨ ਜੋਗੇ ਸਕੂਲਾਂ ‘ਚ ਪੱਕੀ ਅਸਾਮੀ
ਅਸ਼ੋਕ ਵਰਮਾ, ਬਠਿੰਡਾ
ਸਫਾਈ ਸੇਵਕਾਂ ਦੀ ਅਣਹੋਂਦ ‘ਚ ਪੰਜਾਬ ਦੇ ਬਹੁਤੇ ਸਰਕਾਰੀ ਸਕੂਲਾਂ ਵਿੱਚ ‘ਸਵੱਛ ਭਾਰਤ ਮੁਹਿੰਮ’ ਨੂੰ ਗ੍ਰਹਿਣ ਲੱਗ ਗਿਆ ਹੈ ਜ਼ਿਆਦਾਤਰ ਸਕੂਲਾਂ ਦੇ ਅਧਿਆਪਕ ਖੁਦ ਪੱਲਿਓਂ ਪੈਸੇ ਇਕੱਠੇ ਕਰਕੇ ਸਫ਼ਾਈ ਦਾ ਪ੍ਰਬੰਧ ਕਰਦੇ ਹਨ ਕਈ ਪਿੰਡਾਂ ‘ਚ ਮੈਨੇਜਮੈਂਟ ਕਮੇਟੀਆਂ ਮਾੜੀ ਮੋਟੀ ਮਦਦ ਕਰ ਦਿੰਦੀਆਂ ਹਨ, ਨਹੀਂ ਤਾਂ ਅਧਿਆਪਕਾਂ ਦੀਆਂ ਜੇਬ੍ਹਾਂ ਦੀ ਸਫਾਈ ਸਹਾਰੇ ਹੀ ਸਕੂਲ ਸਾਫ ਹੁੰਦੇ ਹਨ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਸਵੀਪਰ ਦੀ ਕੋਈ ਅਸਾਮੀ ਹੀ ਨਹੀਂ ਬਚੀ ਹੈ ਪੰਜਾਬ ਦੇ ਕਾਫੀ ਜਿਲ੍ਹਿਆਂ ‘ਚ ਉÎਗਲਾਂ ‘ਤੇ ਗਿਣਨ ਜੋਗੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ‘ਚ ਹੀ ਪੱਕੇ ਸਫਾਈ ਸੇਵਕ ਹਨ
ਬਠਿੰਡਾ ਜਿਲ੍ਹੇ ‘ਚ 272 ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਹਨ, ਜਿਨ੍ਹਾਂ ਚੋਂ ਮਸਾਂ ਤਿੰਨ ਕੁ ਦਰਜਨ ਸਕੂਲਾਂ ਵਿੱਚ ਹੀ ਪੱਕੇ ਸਫ਼ਾਈ ਸੇਵਕ ਹਨ ਇਸੇ ਤਰ੍ਹਾਂ ਹੀ 397 ਸਰਕਾਰੀ ਪ੍ਰਾਇਮਰੀ ਸਕੂਲ ਹਨ, ਜਿਨ੍ਹਾਂ ‘ਚੋਂ ਅੱਧੀ ਦਰਜਨ ਸਕੂਲਾਂ ਵਿੱਚ ਹੀ ਸਫਾਈ ਸੇਵਕ ਦੀ ਅਸਾਮੀ ਹੈ ਬਾਕੀ ਕਿਸੇ ਵੀ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸਰਕਾਰੀ ਸਵੀਪਰ ਦਾ ਪ੍ਰਬੰਧ ਨਹੀਂ ਹੈ ਬਰਨਾਲਾ ਜਿਲ੍ਹੇ 115 ਸੈਕੰਡਰੀ, ਹਾਈ ਤੇ ਮਿਡਲ ਸਕੂਲ ਹਨ ਜਿਲ੍ਹਾ ਸਿੱਖਿਆ ਅਫਸਰ ਰਾਜਵੰਤ ਕੌਰ ਮਾਨ ਨੇ ਦੱਸਿਆ ਕਿ ਸਫ਼ਾਈ ਸੇਵਕਾਂ ਦੀ ਤੋਟ ਹੈ
ਇਸ ਜਿਲ੍ਹੇ ‘ਚ ਵੀ ਪ੍ਰਾਇਮਰੀ ਸਕੂਲਾਂ ਦਾ ਹਾਲ ਸਫ਼ਾਈ ਸੇਵਕਾਂ ਦੇ ਪੱਖ ਤੋਂ ਮਾੜਾ ਹੈ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੰਗਰੂਰ ਹਰਕੰਵਲਜੀਤ ਕੌਰ ਦਾ ਕਹਿਣਾ ਸੀ ਕਿ 360 ਸਰਕਾਰੀ ਸਕੂਲਾਂ ਵਿੱਚੋਂ ਪੰਜ ਕੁ ਦਰਜਨ ਸਕੂਲਾਂ ‘ਚ ਪਾਰਟ ਟਾਈਮ ਤੇ ਪੱਕੇ ਸਵੀਪਰ ਹਨ ਜਦੋਂਕਿ ਬਾਕੀਆਂ ‘ਚ ਅਧਿਆਪਕਾਂ ਨੇ ਪ੍ਰਬੰਧ ਕੀਤਾ ਹੋਇਆ ਹੈ ਫਰੀਦਕੋਟ ਜਿਲ੍ਹੇ ਦੇ 247 ਐਲੀਮੈਂਟਰੀ ਸਕੂਲਾਂ ਚੋਂ 60 ਸਕੂਲਾਂ ਵਿਚ ਪਾਰਟ ਟਾਈਮ ਸਵੀਪਰ, ਚੌਂਕੀਦਾਰ ਅਤੇ ਹੋਰ ਦਰਜਾ ਚਾਰ ਮੁਲਾਜਮ ਹਨ
ਇਸ ਜਿਲ੍ਹੇ ਦੇ 56 ਸੈਕੰਡਰੀ ਤੇ ਹਾਈ ਸਕੂਲਾਂ ‘ਚੋਂ ਬਹੁਤਿਆਂ ‘ਚ ਪਾਰਟ ਟਾਈਮ ਸਵੀਪਰਾਂ ਸਹਾਰੇ ਸਫਾਈ ਹੁੰਦੀ ਹੈ ਮਾਨਸਾ ਜਿਲ੍ਹੇ ‘ਚ 191 ਸੈਕੰਡਰੀ ,ਹਾਈ ਤੇ ਮਿਡਲ ਸਕੂਲਾਂ ‘ਚ ਸਵੀਪਰਾਂ ਦੇ ਮਾਮਲੇ ‘ਚ ਸਥਿਤੀ ਬਹੁਤੀ ਵਧੀਆ ਨਹੀਂ ਜਿਲ੍ਹਾ ਸਿੱਖਿਆ ਅਫਸਰ ਸੁਭਾਸ਼ ਕੁਮਾਰ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਜਿਲ੍ਹੇ ‘ਚ ਜ਼ਿਆਦਾਤਰ ਸਕੂਲਾਂ ‘ਚ ਪਾਰਟ ਟਾਈਮ ਤੇ ਪੱਕੇ ਸਵੀਪਰ ਹਨ ਉਨ੍ਹਾਂ ਦੱਸਿਆ ਕਿ ਦੋ ਮਹੀਨੇ ਪਹਿਲਾਂ 17 ਸਫਾਈ ਸੇਵਕਾਂ ਨੂੰ ਰੈਗੂਲਰ ਕੀਤਾ ਗਿਆ ਹੈ ਦੂਜੇ ਪਾਸੇ ਅਧਿਆਪਕਾਂ ਨੇ ਮਾਨਸਾ ਜਿਲ੍ਹੇ ‘ਚ ਸਫਾਈ ਸੇਵਕਾਂ ਦੀ ਘਾਟ ਦੱਸੀ ਹੈ
ਅਧਿਆਪਕ ਆਖਦੇ ਹਨ ਕਿ ਚਾਰ ਵਰ੍ਹੇ ਪਹਿਲਾਂ ਸਿੱਖਿਆ ਵਿਭਾਗ ਵੱਲੋਂ ਸੋਹਣਾ ਸਕੂਲ ਨਾਂਅ ਹੇਠ ਸਫ਼ਾਈ ਮੁਹਿੰਮ ਛੇੜੀ ਗਈ ਸੀ ਤਾਂ ਉਦੋਂ ਵੀ ਸਫਾਈ ਸੇਵਕ ਨਹੀਂ ਦਿੱਤੇ ਸਨ ਬਲਕਿ ਇੱਧਰੋਂ ਉੱਧਰੋਂ ਹੀ ਬੁੱਤਾ ਸਾਰ ਕੇ ਸਕੂਲਾਂ ਦੀ ਸਫ਼ਾਈ ਕੀਤੀ ਸੀ ਸਕੂਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸਰਕਾਰ ਸਕੂਲਾਂ ਨੂੰ ਸੁੰਦਰ ਬਣਾਉਣਾ ਚਾਹੁੰਦੀ ਹੈ ਤਾਂ ਹਰ ਸਕੂਲ ਵਿੱਚ ਸਫਾਈ ਸੇਵਕ ਦੀ ਅਸਾਮੀ ਦੇਵੇ ਰਾਈਟ ਟੂ ਐਜੂਕੇਸ਼ਨ ਤਹਿਤ ਹੁਣ ਪਹਿਲੀ ਤੋਂ ਅੱਠਵੀਂ ਕਲਾਸ ਦੇ ਬੱਚਿਆਂ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਫੰਡ ਲੈਣ ‘ਤੇ ਪਾਬੰਦੀ ਹੈ ਇਸ ਕਰਕੇ ਅਧਿਆਪਕ ਪੱਲਿਓਂ ਪੈਸੇ ਇਕੱਠੇ ਕਰਕੇ ਪ੍ਰਾਈਵੇਟ ਤੌਰ ‘ਤੇ ਸਫ਼ਾਈ ਸੇਵਕ ਦਾ ਪ੍ਰਬੰਧ ਕਰਦੇ ਹਨ
ਸੂਤਰ ਦੱਸਦੇ ਹਨ ਸਕੂਲਾਂ ਵਿੱਚ ਬਜ਼ੁਰਗਾਂ ਵੱਲੋਂ ਵੀ ਸਫ਼ਾਈ ਕੀਤੀ ਜਾਂਦੀ ਹੈ ਬਹੁਤੇ ਬਜ਼ੁਰਗ ਤਾਂ ਸਮੇਂ ਸਿਰ ਸਕੂਲ ਸਾਫ ਹੀ ਨਹੀਂ ਕਰ ਪਾਉਂਦੇ ਹਨ ਉਨ੍ਹਾਂ ਕਿਹਾ ਕਿ ਜੇਕਰ ਉਹ ਬੱਚਿਆਂ ਤੋਂ ਸਕੂਲ ਦੀ ਸਫ਼ਾਈ ਕਰਵਾ ਲੈਂਦੇ ਹਨ ਤਾਂ ਬਾਲ ਮਜ਼ਦੂਰੀ ਦਾ ਮਸਲਾ ਖੜ੍ਹਾ ਹੋ ਜਾਂਦਾ ਹੈ ਪਤਾ ਲੱਗਿਆ ਹੈ ਕਿ ਕਈ ਸਫਾਈ ਕਰਮਚਾਰੀ ਤਾਂ ਦਸ-ਦਸ ਵਰ੍ਹਿਆਂ ਤੋਂ ਕੱਚੇ ਹੀ ਕੰਮ ਕਰ ਰਹੇ ਹਨ ਤੇ ਉਨ੍ਹਾਂ ਨੂੰ ਸਿੱਖਿਆ ਵਿਭਾਗ ਪੱਕੇ ਨਹੀਂ ਕਰ ਰਿਹਾ ਹੈ ਪਾਰਟ ਟਾਈਮ ਸਵੀਪਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 30 ਰੁਪਏ ਪ੍ਰਤੀ ਘੰਟਾ ਮਿਲਦਾ ਹੈ ਅਤੇ ਦੋ ਤੋਂ ਢਾਈ ਘੰਟਿਆਂ ਦੇ ਪੈਸੇ ਦਿੱਤੇ ਜਾਂਦੇ ਹਨ ਉਨ੍ਹਾਂ ਕਿਹਾ ਕਿ ਇੰਨੇ ਪੈਸੇ ਨਾਲ ਉਹ ਸਕੂਲ ਦਾ ਮੂੰਹ ਮੱਥਾ ਤਾਂ ਸੰਵਾਰ ਦਿੰਦੇ ਹਨ ਪਰ ਉਨ੍ਹਾਂ ਦੀ ਖੁਦ ਦੀ ਜ਼ਿੰਦਗੀ ਬਦਸੂਰਤ ਬਣੀ ਹੋਈ ਹੈ
ਸਫ਼ਾਈ ਸੇਵਕਾਂ ਦਾ ਪ੍ਰਬੰਧ ਕਰੇ ਸਰਕਾਰ
ਈ.ਟੀ.ਟੀ. ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਜਗਸੀਰ ਸਿੰਘ ਸਹੋਤਾ ਦਾ ਕਹਿਣਾ ਸੀ ਕਿ ਸਰਕਾਰ ਸੁਹਿਰਦ ਹੈ ਤਾਂ ਹਰ ਸਕੂਲ ਵਿੱਚ ਸਫਾਈ ਸੇਵਕ ਦਾ ਪ੍ਰਬੰਧ ਕਰੇ ਕਿਉਂਕਿ ਉਨ੍ਹਾਂ ਤੋਂ ਬਿਨਾਂ ਸਕੂਲਾਂ ਦੀ ਸੁੰਦਰਤਾ ਦਾ ਪੱਕਾ ਹੱਲ ਨਹੀਂ ਹੈ
ਭਰਤੀ ਲਈ ਪ੍ਰਪੋਜ਼ਲ ਭੇਜੀ
ਸਿੱਖਿਆ ਵਿਭਾਗ ਪੰਜਾਬ ਦੇ ਬੁਲਾਰੇ ਰਜਿੰਦਰ ਸਿੰਘ ਚਾਨੀ ਦਾ ਕਹਿਣਾ ਸੀ ਕਿ ਸਿੱਖਿਆ ਵਿਭਾਗ ਵੱਲੋਂ ਸਫਾਈ ਸੇਵਕਾਂ ਦੀ ਭਰਤੀ ਲਈ ਪੰਜਾਬ ਸਰਕਾਰ ਨੂੰ ਪ੍ਰਪੋਜ਼ਲ ਭੇਜੀ ਹੋਈ ਹੈ ਉਨ੍ਹਾਂ ਦੱਸਿਆ ਕਿ ਅਜੇ ਵੀ ਕਈ ਸਕੂਲਾਂ ‘ਚ ਡੀਸੀ ਰੇਟਾਂ ‘ਤੇ ਸਫਾਈ ਸੇਵਕ ਸੇਵਾਵਾਂ ਨਿਭਾ ਰਹੇ ਹਨ ਉਨ੍ਹਾਂ ਕਿਹਾ ਕਿ ਸਕੂਲਾਂ ਨੂੰ ਸਫਾਈ ਲਈ ਮਲਗਾਮੇਟਡ ਫੰਡ ਵਰਤਣ ਦੀ ਖੁੱਲ੍ਹ ਦਿੱਤੀ ਹੋਈ ਹੈ ਸ੍ਰੀ ਚਾਨੀ ਨੇ ਕਿਹਾ ਕਿ ਪ੍ਰਾਇਮਰੀ ਸਕੂਲਾਂ ਲਈ ਪੰਚਾਇਤਾਂ ਨੂੰ ਸਹਿਯੋਗ ਦੇਣ ਲਈ ਵੀ ਕਿਹਾ ਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।