ਸੱਟੇ ਵਾਲੇ ਸਟੋਰੀਏ ਤੋਂ ਰਿਸ਼ਵਤ ਲੈਂਦੇ ਐੱਸਆਈ ਦੀ ਵੀਡੀਓ ਵਾਇਰਲ
ਚਾਰਾਂ ਪੁਲਿਸ ਵਾਲਿਆਂ ਨੂੰ ਥਾਣੇ ਤੋਂ ਬਦਲ ਕੇ ਪੁਲਿਸ ਲਾਈਨ ਭੇਜਿਆ, ਜਾਂਚ ਪੜਤਾਲ ਕੀਤੀ ਆਰੰਭ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਮੁੱਖ ਮੰਤਰੀ ਦੇ ਜ਼ਿਲ੍ਹੇ ਦੀ ਖਾਕੀ ਇੱਕ ਵਾਰ ਫੇਰ ਦਾਗਦਾਰ ਹੋਈ ਹੈ। ਪਟਿਆਲਾ ਪੁਲਿਸ ਦੇ ਇੱਕ ਐੱਸਆਈ ਦੀ ਸੱਟੇ ਵਾਲੇ ਵਿਅਕਤੀ ਤੋਂ ਪੈਸੇ ਲੈਣ ਦੀ ਵੀਡੀਓ ਵਾਇਰਲ ਹੋਈ ਹੈ। ਇਸ ਦੇ ਨਾਲ ਹੀ ਉਕਤ ਸਟੋਰੀਏ ਵੱਲੋਂ ਤਿੰਨ ਹੋਰ ਪੁਲਿਸ ਵਾਲਿਆਂ ਦੇ ਨਾਂਅ ਲੈਣ ਤੋਂ ਬਾਅਦ ਡੀਐੱਸਪੀ ਸਿਟੀ 1 ਵੱਲੋਂ ਇਨ੍ਹਾਂ ਚਾਰ ਪੁਲਿਸ ਵਾਲਿਆਂ ਦੀ ਬਦਲੀ ਪੁਲਿਸ ਲਾਈਨ ਕਰਕੇ ਜਾਂਚ ਆਰੰਭ ਕਰਨ ਦੀ ਗੱਲ ਆਖੀ ਜਾ ਰਹੀ ਹੈ। ਇਕੱਤਰ ਜਾਣਕਾਰੀ ਅਨੁਸਾਰ ਇੱਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਥਾਣਾ ਕਤੋਵਾਲੀ ਦੇ ਐੱਸਆਈ ਸੁਖਦੇਵ ਸਿੰਘ ਇੱਕ ਸੱਟੇ ਵਾਲੇ ਵਿਅਕਤੀ ਤੋਂ ਪੈਸੇ ਲੈਂਦਾ ਸਾਫ਼ ਦਿਖਾਈ ਦੇ ਰਿਹਾ ਹੈ।
ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੰਜਾਬ ਪੁਲਿਸ ‘ਤੇ ਇੱਕ ਵਾਰ ਫੇਰ ਸਵਾਲੀਆ ਨਿਸ਼ਾਨ ਲੱਗ ਗਿਆ ਹੈ ਕਿ ਸੱਟੇ ਦਾ ਕਾਰੋਬਾਰ ਪੁਲਿਸ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਹੀ ਚੱਲ ਰਿਹਾ ਹੈ। ਉਂਜ ਜੋ ਵੀਡੀਓ ਵਾਇਰਲ ਹੋਈ ਹੈ ਇਹ ਕਈ ਮਹੀਨੇ ਪੁਰਾਣੀ ਹੈ। ਇਸ ਤੋਂ ਬਾਅਦ ਉਕਤ ਸਟੋਰੀਏ ਵੱਲੋਂ ਥਾਣਾ ਕੋਤਵਾਲੀ ਦੇ ਹੀ ਏਐੱਸਆਈ ਰਾਮ ਸਿੰਘ, ਏਐੱਸਆਈ ਹਰਮਿੰਦਰ ਸਿੰਘ ਤੇ ਹੋਮਗਾਰਡ ਦੇ ਜਵਾਨ ਗੋਪਾਲਾ ‘ਤੇ ਪੈਸੇ ਲੈਣ ਦੇ ਕਥਿਤ ਦੋਸ਼ ਲਾਏ ਗਏ ਹਨ।
ਇਸ ਸਟੋਰੀਏ ਦਾ ਕਹਿਣਾ ਹੈ ਕਿ ਉਕਤ ਵਿਅਕਤੀਆਂ ਵੱਲੋਂ ਉਨ੍ਹਾਂ ਤੋਂ ਸੱਟੇ ਦੇ ਕਾਰੋਬਾਰ ਕਰਨ ਲਈ ਰਿਸ਼ਵਤ ਲਈ ਜਾਂਦੀ ਸੀ। ਇਸ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਤੋਂ ਨਵੇਂ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਆਏ ਹਨ ਤਾਂ ਉਸ ਤੋਂ ਬਾਅਦ ਉਸ ਵੱਲੋਂ ਆਪਣਾ ਕਾਰੋਬਾਰ ਬੰਦ ਕੀਤਾ ਹੋਇਆ ਹੈ, ਪਰ ਇਹ ਪੁਲਿਸ ਵਾਲੇ ਉਸ ਤੋਂ ਹੁਣ ਵੀ ਰਿਸ਼ਵਤ ਦੀ ਮੰਗ ਕਰ ਰਹੇ ਹਨ ਤੇ ਕਹਿ ਰਹੇ ਹਨ ਕਿ ਉਹ ਉਸ ਨੂੰ ਝੂਠੇ ਕੇਸ ਵਿੱਚ ਫਸਾ ਦੇਣਗੇ। ਇੱਧਰ ਪਤਾ ਲੱਗਾ ਹੈ ਕਿ ਉਕਤ ਸਟੋਰੀਏ ‘ਤੇ ਵੀ ਕਈ ਮਾਮਲੇ ਦਰਜ਼ ਹਨ।
ਇੱਧਰ ਇਸ ਵੀਡੀਓ ਤੋਂ ਬਾਅਦ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਦੇ ਆਦੇਸ਼ਾਂ ਤੋਂ ਬਾਅਦ ਉਕਤ ਚਾਰਾਂ ਪੁਲਿਸ ਮੁਲਾਜ਼ਮਾਂ ਨੂੰ ਥਾਣਾ ਕੋਤਵਾਲੀ ਤੋਂ ਬਦਲ ਕੇ ਪੁਲਿਸ ਲਾਈਨ ਭੇਜ ਦਿੱਤਾ ਹੈ। ਡੀਐੱਸਪੀ ਯੋਗੇਸ਼ ਸ਼ਰਮਾ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ, ਜੇਕਰ ਉਕਤ ਪੁਲਿਸ ਵਾਲੇ ਦੋਸ਼ੀ ਪਾਏ ਗਏ ਤਾਂ ਉਨ੍ਹਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਇੱਧਰ ਇਹ ਵੀ ਸੁਆਲ ਖੜ੍ਹੇ ਹੋ ਰਹੇ ਹਨ ਕਿ ਵੀਡੀਓ ਵਿੱਚ ਐੱਸਆਈ ਪੈਸੇ ਲੈਂਦਾ ਸਾਫ਼ ਦਿਖਾਈ ਦੇ ਰਿਹਾ ਹੈ ਤਾਂ ਪੁਲਿਸ ਕਿਸ ਜਾਂਚ ਦੀ ਗੱਲ ਕਹਿ ਰਹੀ ਹੈ ਤੇ ਉਸ ਪੁਲਿਸ ਵਾਲੇ ਖਿਲਾਫ਼ ਸਖਤ ਐਕਸ਼ਨ ਕਿਉਂ ਨਹੀਂ ਲਿਆ ਜਾ ਰਿਹਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।