ਰੋਜਮਰ੍ਹਾ ਦੇ ਧਰਨਿਆਂ ਨੇ ਪੁਲਿਸ ਦਾ ਕੱਢਿਆ ਦਮ, ਸੂਹੀਆ ਤੰਤਰ ਨੂੰ ਵੀ ਪਾਈਆਂ ਭਾਜੜਾਂ
ਪਟਿਆਲਵੀਆਂ ਨੂੰ ਧਰਨਿਆਂ ਕਾਰਨ ਆਉਣ ਲੱਗੀਆਂ ਮੁਸ਼ਕਲਾਂ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸ਼ਾਹੀ ਸ਼ਹਿਰ ਪਟਿਆਲਾ ਕੈਪਟਨ ਸਰਕਾਰ ਦੇ ਲਗਭਗ ਡੇਢ ਸਾਲ ਦੇ ਸਮੇਂ ਦੌਰਾਨ ਹੀ ਧਰਨੇ-ਮੁਜ਼ਾਹਰਿਆਂ ਦਾ ਗੜ੍ਹ ਬਣ ਗਿਆ ਹੈ। ਆਲਮ ਇਹ ਹੈ ਕਿ ਇਨ੍ਹਾਂ ਰੋਜ਼ ਦੇ ਧਰਨਿਆਂ ਨੇ ਸੀਐਮ ਸਿਟੀ ਦੀ ਪੁਲਿਸ ਦਾ ਦਮ ਕੱਢ ਰੱਖਿਆ ਹੈ ਅਤੇ ਸੂਹੀਆ ਤੰਤਰ ਨੂੰ ਭਾਜੜਾਂ ਪਾ ਰੱਖੀਆਂ ਹਨ। ਇੱਧਰ ਪਟਿਆਲਵੀਆਂ ਨੂੰ ਰੋਜ਼ਾਨਾ ਦੇ ਧਰਨਿਆਂ ਤੋਂ ਵੱਡੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਾਣਕਾਰੀ ਅਨੁਸਾਰ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਹੋਂਦ ਵਿੱਚ ਆਇਆ ਅਜੇ ਲਗਭਗ ਡੇਢ ਸਾਲ ਦਾ ਸਮਾਂ ਹੀ ਪੂਰਾ ਹੋਇਆ ਹੈ ਕਿ ਕੈਪਟਨ ਦਾ ਸ਼ਹਿਰ ਧਰਨਕਾਰੀਆਂ ਦਾ ਗੜ੍ਹ ਬਣ ਗਿਆ ਹੈ। ਵੱਖ-ਵੱਖ ਜਥੇਬੰਦੀਆਂ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਪਟਿਆਲਾ ਵੱਲ ਨੂੰ ਰੁੱਖ ਕਰ ਰਹੀਆਂ ਹਨ, ਤਾਂ ਜੋ ਮੁੱਖ ਮੰਤਰੀ ਦੇ ਸ਼ਹਿਰ ਅੰਦਰ ਪ੍ਰਦਰਸ਼ਨ ਕਰਕੇ ਆਪਣੀ ਮੰਗ ਨੂੰ ਸਰਕਾਰ ਦੇ ਕੰਨੀਂ ਪਹੁੰਚਾਇਆ ਜਾ ਸਕੇ।
ਪਟਿਆਲਾ ਵਿਖੇ ਪਿਛਲੇ ਕਈ ਦਿਨਾਂ ਤੋਂ ਸਾਂਝਾ ਅਧਿਆਪਕ ਮੋਰਚਾ ਵੱਲੋਂ ਆਪਣਾ ਮਰਨ ਵਰਤ ਰੱਖਿਆ ਹੋਇਆ ਹੈ, ਜਦਕਿ ਪਾਵਰਕੌਮ ਅੱਗੇ ਬੇਰੁਜ਼ਗਾਰ ਲਾਇਨਮੈਨ ਯੂਨੀਅਨ ਮਾਨ ਵੱਲੋਂ ਆਪਣਾ ਮਰਨ ਵਰਤ ਸ਼ੁਰੂ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਨਰਸਾਂ, ਵਾਟਰ ਸਪਲਾਈ ਕਾਮਿਆਂ, ਬਿਜਲੀ ਮੁਲਾਜ਼ਮਾਂ, ਕਿਸਾਨ ਯੂਨੀਅਨਾਂ ਸਮੇਤ ਪੰਜਾਬ ਦੀ ਹਰੇਕ ਜਥੇਬੰਦੀ ਵੱਲੋਂ ਪਟਿਆਲਾ ਆ ਕੇ ਧਰਨਾ ਅਤੇ ਰੋਸ ਪ੍ਰਦਰਸ਼ਨ ਕਰਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
ਆਏ ਦਿਨ ਕੋਈ ਨਾ ਕੋਈ ਧਰਨਾ ਲੱਗਣ ਕਰਕੇ ਰਾਜਿਆਂ ਦਾ ਸ਼ਹਿਰ ਹੁਣ ਧਰਨਿਆਂ ਦਾ ਸ਼ਹਿਰ ਬਣ ਗਿਆ ਹੈ। ਪਿਛਲੇ ਦਿਨੀਂ ਪਟਿਆਲਾ ਵਿਖੇ ਸਾਂਝਾ ਮੋਰਚਾ ਅਧਿਅਪਾਕਾਂ ਨਾਲ ਇਕੱਠੇ ਹੋ ਕੇ ਲਗਭਗ 49 ਜਥੇਬੰਦੀਆਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ ਸੀ, ਜਿਸ ਸਬੰਧੀ ਪੰਜ ਹਜ਼ਾਰ ਪੁਲਿਸ ਜਵਾਨ ਮੋਤੀ ਮਹਿਲਾ ਦੀ ਸੁਰੱਖਿਆ ਲਈ ਤੈਨਾਤ ਕੀਤੇ ਗਏ ਸਨ। ਰੋਜਾਨਾ ਦੇ ਧਰਨਿਆਂ ਨੇ ਪਟਿਆਲਾ ਪੁਲਿਸ ਦਾ ਸਾਹ ਕੱਢ ਰੱਖਿਆ ਹੈ ਅਤੇ ਉਹ ਧਰਨਿਆਂ ਕਾਰਨ ਔਖ ਮਹਿਸੂਸ ਕਰਨ ਲੱਗੀ ਹੈ।
ਹੋਰ ਤਾਂ ਹੋਰ ਇਨ੍ਹਾਂ ਜਥੇਬੰਦੀਆਂ ਦੇ ਧਰਨਿਆਂ ਨੇ ਸਰਕਾਰ ਦਾ ਸੂਹੀਆ ਵਿਭਾਗ ਵੀ ਥਕਾ ਰੱਖਿਆ ਹੈ ਕਿਉਂਕਿ ਕੋਈ ਨਾ ਕੋਈ ਜਥੇਬੰਦੀ ਮੋਤੀ ਮਹਿਲਾਂ ਅੱਗੇ ਇੰਟੈਲੀਜੈਸੀ ਵਿੰਗ ਨੂੰ ਫੇਲ੍ਹ ਕਰਦਿਆਂ ਆਪਣਾ ਧਰਨਾ ਲਾਉਣ ਲਈ ਪੁੱਜ ਜਾਂਦੀ ਹੈ। ਹੁਣ ਤੱਕ ਲਗਭਗ ਚਾਰ ਵਾਰ ਵੱਖ-ਵੱਖ ਜਥੇਬੰਦੀਆਂ ਮੋਤੀ ਮਹਿਲਾ ਦੇ ਗੇਟ ਅੱਗੇ ਚੋਰ ਰਸਤਿਆਂ ਰਾਹੀਂ ਪੁੱਜ ਕੇ ਸੂਹੀਆ ਵਿਭਾਗ ਦੀ ਸੂਹ ਨੂੰ ਫੇਲ੍ਹ ਕਰ ਚੁੱਕੀਆਂ ਹਨ। ਇੱਧਰ ਆਮ ਲੋਕਾਂ ਦਾ ਕਹਿਣਾ ਹੈ, ਕਿ ਇਹ ਪਹਿਲੀ ਸਰਕਾਰ ਹੈ ਜਿਸ ਦੇ ਰਾਜ ‘ਚ ਡੇਢ ਸਾਲ ਦੇ ਸਮੇਂ ਵਿੱਚ ਹੀ ਐਨੇ ਧਰਨੇ ਸ਼ੁਰੂ ਹੋ ਚੁੱਕੇ ਹਨ।
ਲੋਕਾਂ ਦਾ ਆਖਣਾ ਹੈ ਕਿ ਉਂਜ ਅਜਿਹੀ ਸਥਿਤੀ ਸਰਕਾਰਾਂ ਤੇ ਅੰਤਲੇ ਕਾਰਜਕਾਲ ਦੌਰਾਨ ਸਾਹਮਣੇ ਆਉਂਦੀ ਹੈ, ਪਰ ਕੈਪਟਨ ਸਰਕਾਰ ਤੋਂ ਲੋਕ ਸ਼ੁਰੂਆਤੀ ਦੌਰ ‘ਚ ਹੀ ਅੱਕ ਚੁੱਕੇ ਹਨ। ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਨੇ ਚੋਣਾਂ ਸਮੇਂ ਜੋ ਵਾਅਦੇ ਕੀਤੇ ਸੀ, ਉਹ ਆਪਣੇ ਵਾਅਦਿਆਂ ਤੋਂ ਭੱਜ ਰਹੀ ਹੈ। ਇਸ ਲਈ ਹੀ ਧਰਨੇ ਲਾਕੇ ਸਰਕਾਰ ਨੂੰ ਜਗਾਉਣਾ ਪੈ ਰਿਹਾ ਹੈ।
ਰੋਜਮਰ੍ਹਾ ਦੇ ਧਰਨਿਆਂ ਨੇ ਪਟਿਆਲੀਆਂ ਨੂੰ ਮੁਸ਼ਕਲਾਂ ਵਿੱਚ ਪਾ ਰੱਖਿਆ ਹੈ ਕਿਉਂਕਿ ਪੁਲਿਸ ਦੇ ਨਾਕਿਆਂ ਸਮੇਤ ਟਰੈਫ਼ਿਕ ਦੀ ਸਮੱਸਿਆ ਕਾਰਨ ਭੀੜ ਵਾਲੇ ਇਲਾਕਿਆਂ ਵਿੱਚ ਜਾਮ ਵਰਗੀ ਸਥਿਤੀ ਹੋ ਜਾਂਦੀ ਹੈ। ਇੱਧਰ ਇੱਕ ਪੁਲਿਸ ਅਧਿਕਾਰੀ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਡਿਊਟੀ ਤਾ ਦੇਣੀ ਹੀ ਪੈਣੀ ਹੈ ਕਿਉਂਕਿ ਆਖਕਰਾਰ ਸੀਐਮ ਸਿਟੀ ਹੈ। ਉਂਜ ਉਸ ਦਾ ਕਹਿਣਾ ਸੀ ਕਿ ਜੇਕਰ ਲਗਭਗ ਪੌਣੇ ਦੋ ਸਾਲ ਦੇ ਸਮੇਂ ‘ਚ ਇੱਥੇ ਇਹ ਹਾਲ ਹੈ ਅਤੇ ਅਗਲੇ ਸਮੇਂ ‘ਚ ਤਾਂ ਪਟਿਆਲਾ ਜੰਗ ਦਾ ਮੈਦਾਨ ਬਣ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।