ਰੇਲਵੇ ਵਿਭਾਗ ਨੂੰ ਪ੍ਰਗੋਰਾਮ ਦੀ ਨਹੀਂ ਦਿੱਤੀ ਗਈ ਸੂਚਨਾ
ਅੰਮ੍ਰਿਤਸਰ (ਏਜੰਸੀ)। ਰੇਲਵੇ ਬੋਰਡ ਦੇ ਪ੍ਰਧਾਨ ਅਸ਼ਵਨੀ ਲੋਹਾਨੀ ਨੇ ਅੰਮ੍ਰਿਤਸਰ ‘ਚ ਮਾਨਾਵਾਲਾ ਦੇ ਨੇੜੇ ਕੱਲ੍ਹ ਰਾਤ ਹੋਏ ਰੇਲ ਹਾਦਸੇ ਨੂੰ ਮੰਦਭਾਗਾ ਦੱਸਦੇ ਹੋਏ ਅੱਜ ਕਿਹਾ ਕਿ ਇਸ ‘ਚ ਰੇਲਵੇ ਵੱਲੋਂ ਕੋਈ ਗਲਤੀ ਨਹੀਂ ਹੋਈ ਹੈ। ਸਥਾਨਕ ਪ੍ਰਸ਼ਾਸਨ ਨੇ ਰੇਲਵੇ ਨੂੰ ਇਸ ਬਾਰੇ ਕੋਈ ਸੂਚਨਾ ਨਹੀਂ ਦਿੱਤੀ ਸੀ। ਸ੍ਰੀ ਲੋਹਾਨੀ ਨੇ ਇੱਥੇ ਹਾਦਸੇ ਵਾਲੀ ਥਾਂ ਦਾ ਦੌਰਾ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਇਸ ਹਾਦਸੇ ‘ਚ ਰੇਲਵੇ ਬਿਲਕੁਲ ਵੀ ਜ਼ਿੰਮੇਵਾਰ ਨਹੀਂ ਹੈ। ਸਥਾਨਕ ਪ੍ਰਸ਼ਾਸਨ ਨੇ ਰੇਲਵੇ ਨੂੰ ਇਸ ਬਾਰੇ ਕੋਈ ਸੂਚਨਾ ਨਹੀਂ ਦਿੱਤੀ ਸੀ।
ਇਸ ਹਾਦਸੇ ਦੇ ਪਿੱਛੇ ਲੋਕਾਂ ਦੀ ਲਾਪ੍ਰਵਾਹੀ ਵੱਲ ਇਸ਼ਾਰਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਰੇਲਵੇ ਦੇ ਟਰੈਕ ‘ਤੇ ਕਿਸੇ ਵੀ ਵਿਅਕਤੀ ਦੇ ਆਉਣ ਦੀ ਉਮੀਦ ਨਹੀਂ ਹੁੰਦੀ। ਉਨ੍ਹਾਂ ਕਿਹਾ ਿਕ ਹਾਦਸਾ ਟਰੈਕ ਦੇ ਵਿਚਕਾਰ ਹੋਈ ਹੈ ਜਿੱਥੇ ਕਿ ਕਿਸੇ ਵੀ ਰੇਲਵੇ ਕਰਮਚਾਰੀ ਦੀ ਤਾਇਨਾਤੀ ਨਹੀਂ ਕੀਤੀ ਜਾ ਸਕਦੀ। ਰੇਲਵੇ ਦੀ ਲੈਵਲ ਕ੍ਰਾਸਿੰਗ ਘਟਨਾ ਵਾਲੀ ਥਾਂ ਤੋਂ ਕਰੀਬ 400 ਮੀਟਰ ਦੂਰ ਹੈ ਜਦੋਂਕਿ ਗੇਟਮੈਨ ਦੀ ਜ਼ਿੰਮੇਵਾਰੀ ਗੇਟ ‘ਤੇ ਸੜਕ ਆਵਾਜ਼ਾਈ ਨੂੰ ਕੰਟਰੋਲ ਕਰਨ ਦੀ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਕੋਈ ਸੂਚਨਾ ਨਾ ਹੋਣ ਕਾਰਨ ਰਫ਼ਤਾਰ ਕੰਟਰੋਲ ਚੌਕਸੀ ਦਾ ਆਦੇਸ਼ ਨਹੀਂ ਦਿੱਤਾ ਗਿਆ ਸੀ। ਜਲੰਧਰ ਤੋਂ ਆਉਣ ਵਾਲੀ ਗੱਡੀ ਦੀ ਤੈਅ ਗਤੀ ਕਰੀਬ 90 ਕਿਲੋਮੀਟਰ ਪ੍ਰਤੀ ਘੰਟਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਉੱਥੇ ਹਨ੍ਹੇਰਾ ਸੀ, ਟਰੈਕ ‘ਚ ਮੋੜ ਸੀ ਇਸ ਲਈ ਲੋਕੋਪਾਇਲਟ ਨੂੰ ਟਰੈਕ ‘ਤੇ ਖੜ੍ਹੇ ਲੋਕ ਦੂਰੋਂ ਨਜ਼ਰ ਨਹੀਂ ਆਏ। ਲੋਕੋਪਾਇਲਟ ਨੇ ਬਰੇਕ ਲਾਏ ਸਨ ਜਿਸ ਨਾਲ ਰਫ਼ਤਾਰ ਹੌਲੀ ਹੋਈ ਸੀ ਅਤੇ ਇਹ 60-65 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ‘ਤੇ ਆ ਗਈ ਸੀ। ਜੇਕਰ ਉਹ ਐਮਰਜੈਂਸੀ ਬਰੇਕ ਲਾਉਂਦਾ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਗੱਡੀ ‘ਚ ਭਾਰੀ ਗਿਣਤੀ ਯਾਤਰੀ ਸਵਾਰ ਸਨ।
ਚਾਰਦੀਵਾਰੀ ਨੂੰ ਲੰਘ ਕੇ ਲੋਕ ਰੇਲਵੇ ਟਰੈਕ ‘ਤੇ ਖੜ੍ਹੇ ਸਨ: ਸਥਾਨਕ ਲੋਕ
ਇਸ ਦਰਮਿਆਨ ਸਥਾਨਕ ਲੋਕਾਂ ਅਨੁਸਾਰ ਦੁਸਹਿਰਾ ਪ੍ਰੋਗਰਾਮ ਦੇ ਮੈਦਾਨ ਅਤੇ ਰੇਲਵੇ ਟਰੈਕ ਵਿਚਕਾਰ ਚਾਰਦੀਵਾਰੀ ਸੀ ਜਿਸ ਨੂੰ ਲੰਘ ਕੇ ਲੋਕ ਰੇਲਵੇ ਟਰੈਕ ‘ਤੇ ਖੜ੍ਹੇ ਸਨ ਅਤੇ ਲੋਕ ਮੋਬਾਇਲ ਫੋਨ ਨਾਲ ਪ੍ਰੋਗਰਾਮ ਦੀ ਵੀਡੀਓ ਬਣਾ ਰਹੇ ਸਨ। ਰੇਲਵੇ ਅਧਿਕਾਰੀ ਅਨੁਸਾਰ ਦੁਸਹਿਰਾ ਘਟਨਾ ‘ਚ ਮ੍ਰਿਤਕਾਂ ਦੀ ਗਿਣਤੀ 58 ਹੈ ਜਦੋਂਕਿ ਸਥਾਨਕ ਪ੍ਰਸ਼ਾਸਨ ਨੇ ਮ੍ਰਿਤਕਾਂ ਦੀ ਗਿਣਤੀ 61 ਦੱਸੀ ਹੈ। ਜਖ਼ਮੀਆਂ ਦੀ ਗਿਣਤੀ 48 ਹੈ ਜਿਨ੍ਹਾਂ ‘ਚ 13 ਦੀ ਹਾਲਤ ਗੰਭੀਰ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।