ਪੁਲਿਸ ਨੂੰ ਮਿਲਿਆ ਪੰਜ ਦਿਨਾ ਰਿਮਾਂਡ, ਪਾਤੜਾਂ ਵਿਖੇ ਕਾਰ ਖੋਹਣ ਦੇ ਮਾਮਲੇ ‘ਚ ਕੀਤਾ ਗਿਆ ਨਾਮਜ਼ਦ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਾਰਨ ਦੀ ਸਾਜਿਸ਼ ਰਚਨ ਵਾਲੇ ਜਰਮਨ ਸਿੰਘ, ਜਿਸ ਨੂੰ ਪਟਿਆਲਾ ਅਤੇ ਰਾਜਸਥਾਨ ਪੁਲਿਸ ਵੱਲੋਂ ਸਾਂਝੇ ਅਪ੍ਰੇਸ਼ਨ ਦੌਰਾਨ ਬੀਕਾਨੇਰ ਜ਼ਿਲ੍ਹੇ ਦੇ ਪਿੰਡ ਨਵਾਂਗਾਓ ਤੋਂ ਕਾਬੂ ਕੀਤਾ ਸੀ, ਨੂੰ ਪਟਿਆਲਾ ਪੁਲਿਸ ਵੱਲੋਂ ਅੱਜ ਇੱਥੇ ਲਿਆ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪਟਿਆਲਾ ਪੁਲਿਸ ਦਾ ਕਹਿਣਾ ਹੈ ਕਿ ਜਰਮਨ ਸਿੰਘ ਪਾੜਤਾਂ ਵਿਖੇ ਕਾਰ ਖੋਹਣ ਦੇ ਮਾਮਲੇ ‘ਚ ਲੋੜੀਂਦਾ ਹੈ।
ਪਟਿਆਲਾ ਪੁਲਿਸ ਵੱਲੋਂ ਜਰਮਨ ਸਿੰਘ ਨੂੰ ਸਮਾਣਾ ਵਿਖੇ ਜੱਜ ਅਮਰਜੀਤ ਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਕਿ ਅਦਾਲਤ ਨੇ ਜਰਮਨ ਸਿੰਘ ਨੂੰ 23 ਅਕਤੂਬਰ ਤੱਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਜਿੱਥੇ ਕਿ ਪੁਲਿਸ ਜਰਮਨ ਸਿੰਘ ਤੋਂ ਕਾਰ ਖੋਹਣ ਦੇ ਮਾਮਲੇ ਸਬੰਧੀ ਪੁਛਗਿੱਛ ਕਰੇਗੀ।
ਦੱਸਣਯੋਗ ਹੈ ਕਿ ਪੁਲਿਸ ਵੱਲੋਂ ਪਾਤੜਾਂ ਵਿਖੇ ਕਾਰ ਖੋਹਣ ਦੇ ਮਾਮਲੇ ਨੂੰ ਲੈ ਕੇ ਅਭਿਸ਼ੇਕ ਗਰਗ ਪੁੱਤਰ ਮਦਨ ਲਾਲ ਦੇ ਬਿਆਨਾਂ ਤੇ 26 ਫਰਵਰੀ 2018 ਨੂੰ ਧਾਰਾ 393 ਅਤੇ ਆਰਮਜ਼ ਐਕਟ ਤਹਿਤ ਤਿੰਨ ਅਣਪਛਾਤੇ ਨੌਜਵਾਨਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਥਾਣਾ ਪਾਤੜਾ ਵਿਖੇ ਦਰਜ਼ ਐਫਆਈਆਰ ਨੰ: 47 ਅਨੁਸਾਰ ਅਭਿਸੇਕ ਗਰਗ ਨੇ ਕਿਹਾ ਕਿ ਉਹ ਪਾਤੜਾਂ ਕਾਰ ਬਜਾਰ ‘ਚ 90 ਫੁੱਟੀ ਰੋਡ ਤੇ ਸੇਲ ਪਰਚੇਜ਼ ਦਾ ਕੰਮ ਕਰਦਾ ਹੈ।
ਉਸ ਦੀ ਦੁਕਾਨ ‘ਤੇ ਸ਼ਾਮ ਨੂੰ ਤਿੰਨ ਨੌਜਵਾਨ ਮੁੱਲਾ ਫੈਸਨ ਜਿਨ੍ਹਾਂ ਦੀ ਉਮਰ 25 ਤੋਂ 30 ਸਾਲ ਦੇ ਦਰਮਿਆਨ ਸੀ ਆਏ, ਜਿਨ੍ਹਾਂ ਨੇ ਕਿਹਾ ਕਿ ਉਨ੍ਹਾਂ ਇੱਕ ਗੱਡੀ ਸਵਿਫਟ ਡਿਜਾਇਰ ਖਰੀਦਣੀ ਹੈ, ਜਿਨ੍ਹਾਂ ਨੂੰ ਉਸ ਨੇ ਚਿੱਟੇ ਰੰਗ ਦੀ ਸਵਿੱਫਟ ਕਾਰ ਦਿਖਾਈ। ਗੱਡੀ ਦਾ ਸੌਦਾ 4 ਲੱਖ 25 ਹਜਾਰ ਵਿੱਚ ਹੋ ਗਿਆ। ਉਸ ਤੋਂ ਬਾਅਦ ਉਹ ਉਨ੍ਹਾਂ ਨਾਲ ਗੱਡੀ ਵਿੱਚ ਬੈਠ ਕੇ ਟਰਾਈ ਦਿਵਾਉਣ ਲਈ ਨਰਵਾਨਾ ਰੋਡ ਪੁੱਲ ਹੇਠਾਂ ਪੁੱਜਿਆ ਤਾਂ ਉਨ੍ਹਾਂ ਨੇ ਇੱਕ ਹੋਰ ਵਿਕਅਤੀ ਨੂੰ ਗੱਡੀ ‘ਚ ਬਿਠਾ ਲਿਆ ਅਤੇ ਗੱਡੀ ਪਾਤੜਾਂ ਸ਼ਹਿਰ ਨੂੰ ਪਾ ਲਈ।
ਜਦੋਂ ਗੱਡੀ ਮੋੜਨ ਲਈ ਕਿਹਾ ਤਾਂ ਉਨ੍ਹਾ ਨੇ ਪਿਸਟਲ ਕੱਢ ਕੇ ਉਸ ‘ਤੇ ਤਾਣ ਲਿਆ ਤੇ ਗੱਡੀ ਸੰਗਰੂਰ ਸਾਇਡ ਨੂੰ ਪਾ ਲਈ। ਉਸ ਨੂੰ ਧਮਕਾਇਆ ਕਿ ਜੇਕਰ ਰੋਲਾ ਪਾਇਆ ਤਾ ਮਾਰ ਦੇਵਾਗੇ। ਉਸ ਤੋਂ ਬਾਅਦ ਉਨਾਂ ਨੇ ਉਸ ਨੂੰ ਸੰਗਰੂਰ ਬਾਈਪਾਸ ਉੱਚੇ ਪੁੱਲ ਦੇ ਕੋਲ ਲਾਹ ਕੇ ਆਪ ਬਰਨਾਲਾ ਤਰਫ ਗੱਡੀ ਲੈ ਕੇ ਚਲੇ ਗਏ। ਇਸ ਮਾਮਲੇ ਵਿੱਚ ਹੀ ਪਟਿਆਲਾ ਪੁਲਿਸ ਵੱਲੋਂ ਜਰਮਨ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇੱਧਰ ਕਾਰ ਖੋਹਣ ਦੇ ਮਾਮਲੇ ਵਿੱਚ ਜਰਮਨ ਸਿੰਘ ਨੂੰ ਗ੍ਰਿਫਤਾਰ ਕਰਨਾ ਪੁਲਿਸ ਕਾਰਵਾਈ ਤੇ ਸ਼ੱਕ ਪੈਦਾ ਕਰ ਰਿਹਾ ਹੈ।
ਕਿਉਂਕਿ ਐਫਆਈਆਰ ਵਿੱਚ ਮੁੱਲਾ ਟਾਇਪ ਦੇ ਵਿਅਕਤੀਆਂ ਵੱਲੋਂ ਕਾਰ ਖੋਹਣ ਦੀ ਗੱਲ ਆਖੀ ਗਈ ਹੈ। ਇੱਧਰ ਪਾਤੜਾਂ ਨਿਵਾਸੀ ਅਭਿਸੇਕ ਗਰਗ ਨਾਲ ਗੱਲ ਕੀਤੀ ਗਈ ਤਾ ਉਸ ਨੇ ਦੱਸਿਆ ਕਿ ਉਨ੍ਹਾਂ ਦੀ ਗੱਡੀ ਹਫ਼ਤੇ ਬਾਅਦ ਬਰਨਾਲਾ ਗੰਜਾ ਧਨੌਲਾ ਰੋਡ ਤੋਂ ਗੱਡੀ ਬਰਾਮਦ ਹੋ ਗਈ ਸੀ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਯੂਪੀ ਦੀ ਸ਼ਾਮਲੀ ਪੁਲਿਸ ਵੱਲੋਂ ਮੁੱਠਭੇੜ ਦੌਰਾਨ ਕਰਮਾ, ਗੁਰਜੰਟ ਸਿੰਘ ਅਤੇ ਅਮਰਜੀਤ ਸਿੰਘ ਗ੍ਰਿਫਤਾਰ ਕੀਤਾ ਸੀ ਅਤੇ ਉਨ੍ਹਾਂ ਖੁਲਾਸਾ ਕੀਤਾ ਸੀ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਨ੍ਹਾਂ ਦੇ ਨਿਸ਼ਾਨੇ ਤੇ ਸਨ ਅਤੇ ਇਸ ਦਾ ਮਾਸਟਰਮਾਈਡ ਜਰਮਨ ਸਿੰਘ ਹੈ।
ਕਾਨਫਰੰਸ ਕਰਕੇ ਦੇਵਾਂਗੇ ਜਾਣਕਾਰੀ : ਐਸਪੀ ਡੀ ਬਰਾੜ
ਇਸ ਮਾਮਲੇ ਸਬੰਧੀ ਜਦੋਂ ਪਟਿਆਲਾ ਦੇ ਐਸ. ਪੀ. (ਡੀ) ਮਨਜੀਤ ਸਿੰਘ ਬਰਾੜ ਨਾਲ ਗੱਲ ਕੀਤੀ ਗਈ ਤਾ ਉਨ੍ਹਾਂ ਜ਼ਿਆਦਾ ਦੱਸਣ ਤੋਂ ਟਾਲਾ ਵੱਟਦਿਆ ਆਖਿਆ ਕਿ ਇਸ ਸਬੰਧੀ ਪ੍ਰੈਸ ਕਾਨਫਰੰਸ ਕਰਕੇ ਸਾਰੀ ਜਾਣਕਾਰੀ ਦਿੱਤੀ ਜਾਵੇਗੀ। ਉਂਜ ਉਨ੍ਹਾਂ ਦੱਸਿਆ ਕਿ ਜਮਰਨ ਸਿੰਘ ਦਾ ਪੰਜ ਦਿਨਾ ਪੁਲਿਸ ਰਿਮਾਂਡ ਮਿਲਿਆ ਹੈ। ਸੀਆਈਏ ਪਟਿਆਲਾ ਦੇ ਇੰਸਪੈਕਟਰ ਸਮਿੰਦਰ ਸਿੰਘ ਦਾ ਕਹਿਣਾ ਹੈ ਕਿ ਜੋ ਚੌਥਾ ਵਿਅਕਤੀ ਰਸਤੇ ਵਿੱਚ ਉਨ੍ਹਾਂ ਦੀ ਗੱਡੀ ਵਿੱਚ ਬੈਠਿਆ ਹੈ, ਉਹ ਜਰਮਨ ਸਿੰਘ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।