ਮਹਾਨ ਹਨ ਸਾਡੇ ਸੰਸਦ ਮੈਂਬਰ, ਤਨਖ਼ਾਹ ਦੇ ਨਾਲ ਚਾਹੀਦੀ ਐ ਪੈਨਸ਼ਨ !

Pension

ਪੰਜਾਬ ਵਿਧਾਨ ਸਭਾ ਵਿੱਚ 6 ਸੰਸਦ ਮੈਂਬਰਾਂ ਨੇ ਕੀਤੀ ਅਪੀਲ, ਮੰਗੀ ਵਿਧਾਇਕ ਵਜੋਂ ਪੈਨਸ਼ਨ

ਸੁਨੀਲ ਜਾਖੜ, ਸੁਖਦੇਵ ਢੀਂਡਸਾ, ਪ੍ਰਤਾਪ ਬਾਜਵਾ, ਸ਼ਮਸ਼ੇਰ ਸਿੰਘ ਦੂਲੋਂ, ਪ੍ਰੇਮ ਸਿੰਘ ਚੰਦੂਮਾਜਰਾ, ਸੰਤੋਖ ਚੌਧਰੀ ਪੈਨਸ਼ਨ ਮੰਗਣ ਵਾਲਿਆਂ ‘ਚ ਸ਼ਾਮਲ

ਅਸ਼ਵਨੀ ਚਾਵਲਾ, ਚੰਡੀਗੜ੍ਹ

ਪੰਜਾਬ ਦੇ ਰਾਜ ਸਭਾ ਅਤੇ ਲੋਕ ਸਭਾ ਮੈਂਬਰ ਅਸਲ ਵਿੱਚ ਹੀ ਮਹਾਨ ਹਨ, ਜਿਨ੍ਹਾਂ ਨੂੰ ਲੋਕ ਸਭਾ ਅਤੇ ਰਾਜ ਸਭਾ ਵਿੱਚ ਬਤੌਰ ਮੈਂਬਰ ਮਿਲਣ ਵਾਲੀ ਤਨਖ਼ਾਹ ਤੋਂ ਬਾਅਦ ਪੰਜਾਬ ਵਿਧਾਨ ਸਭਾ ਤੋਂ ਪੈਨਸ਼ਨ ਵੀ ਚਾਹੀਦੀ ਹੈ। ਇਸ ਲਈ 3 ਰਾਜ ਸਭਾ ਅਤੇ 3 ਲੋਕ ਸਭਾ ਮੈਂਬਰਾਂ ਨੇ ਪੰਜਾਬ ਵਿਧਾਨ ਸਭਾ ਨੂੰ ਬਕਾਇਦਾ ਪੱਤਰ ਲਿਖਦੇ ਹੋਏ ਗੁਹਾਰ ਲਗਾਈ ਹੈ ਕਿ ਉਨ੍ਹਾਂ ਨੂੰ ਬਤੌਰ ਸਾਬਕਾ ਵਿਧਾਇਕ ਪੈਨਸ਼ਨ ਦੀ ਅਦਾਇਗੀ ਕੀਤੀ ਜਾਵੇ।

ਪੰਜਾਬ ਵਿਧਾਨ ਸਭਾ ਨੇ ਵੀ ਇਨ੍ਹਾਂ 6 ਸੰਸਦ ਮੈਂਬਰਾਂ ਨੂੰ ਪੈਨਸ਼ਨ ਦੇਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਿਹੜੀ ਕਿ ਜਲਦ ਹੀ ਮੁਕੰਮਲ ਹੁੰਦੇ ਹੋਏ ਇਨ੍ਹਾਂ ਨੂੰ ਪੈਨਸ਼ਨ ਦਾ ਹੱਕਦਾਰ ਬਣਾ ਦੇਵੇਗੀ। ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਵਿੱਚ 3 ਵਾਰ ਵਿਧਾਇਕ ਰਹਿ ਚੁੱਕੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਪਿਛਲੇ ਸਾਲ ਗੁਰਦਾਸਪੁਰ ਤੋਂ ਉਪ ਚੋਣ ਜਿੱਤਣ ਤੋਂ ਬਾਅਦ ਸੰਸਦ ਮੈਂਬਰ ਬਣ ਗਏ ਸਨ। ਇਸ ਤੋਂ ਪਹਿਲਾਂ 2 ਵਾਰ ਵਿਧਾਇਕ ਰਹਿ ਚੁੱਕੇ ਸੰਤੋਖ ਚੌਧਰੀ ਵੀ 2014 ਵਿੱਚ ਜਲੰਧਰ ਤੋਂ ਸੰਸਦ ਮੈਂਬਰ ਚੁਣੇ ਗਏ ਸਨ।

ਇਨ੍ਹਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਵੀ ਇੱਕ ਵਾਰ ਵਿਧਾਨ ਸਭਾ ਮੈਂਬਰ ਰਹਿ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ, ਸੁਖਦੇਵ ਸਿੰਘ ਢੀਂਡਸਾ ਅਤੇ ਸ਼ਮਸੇਰ ਸਿੰਘ ਦੂਲੋ ਵੀ ਪੰਜਾਬ ਵਿਧਾਨ ਸਭਾ ਦੇ ਮੈਂਬਰ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੇ ਵੀ ਪੰਜਾਬ ਵਿਧਾਨ ਸਭਾ ਤੋਂ ਪੈਨਸ਼ਨ ਦੇਣ ਦੀ ਮੰਗ ਕੀਤੀ ਹੈ।  ਪੰਜਾਬ ਵਿਧਾਨ ਸਭਾ ਦੇ ਨਿਯਮਾਂ ਅਨੁਸਾਰ ਜੇਕਰ ਕੋਈ ਵਿਧਾਇਕ ਜਿੱਤਣ ਤੋਂ ਬਾਅਦ ਮੁੜ ਤੋਂ ਵਿਧਾਨ ਸਭਾ ਵਿੱਚ ਮੈਂਬਰ ਬਣ ਜਾਂਦਾ ਹੈ ਤਾਂ ਉਨ੍ਹਾਂ ਨੂੰ ਪੈਨਸ਼ਨ ਨਹੀਂ ਦਿੱਤੀ ਜਾ ਸਕਦੀ ਪਰ ਜੇਕਰ ਕੋਈ ਲੋਕ ਸਭਾ ਅਤੇ ਰਾਜ ਸਭਾ ਵਿੱਚ ਮੈਂਬਰ ਬਣਾ ਜਾਂਦਾ ਹੈ

ਤਾਂ ਜਿਹੜੀ ਤਨਖ਼ਾਹ ਬਤੌਰ ਮੈਂਬਰ ਰਾਜ ਸਭਾ ਅਤੇ ਲੋਕ ਸਭਾ ਤੋਂ ਮਿਲ ਰਹੀਂ ਹੁੰਦੀ ਹੈ ਤਾਂ ਉਸ ਨੂੰ ਕੱਟ ਕੇ ਬਾਕੀ ਰਹਿੰਦੀ ਪੈਨਸ਼ਨ ਜਾਰੀ ਕੀਤੀ ਜਾ ਸਕਦੀ ਹੈ ਪਰ ਸੁਨੀਲ ਜਾਖੜ ਨੂੰ ਛੱਡ ਕੇ ਕਿਸੇ ਵੀ ਸੰਸਦ ਮੈਂਬਰ ਦੀ ਇੰਨੀ ਪੈਨਸ਼ਨ ਨਹੀਂ ਬਣ ਰਹੀ ਹੈ, ਜਿਹੜੀ ਕਿ ਲੋਕ ਸਭਾ ਜਾਂ ਫਿਰ ਰਾਜ ਸਭਾ ਤੋਂ ਮਿਲ ਰਹੀ ਤਨਖ਼ਾਹ ਤੋਂ ਵੱਧ ਹੋਵੇ।  ਸੰਸਦ ਮੈਂਬਰਾਂ ਨੂੰ ਕਿੰਨੀ ਤਨਖ਼ਾਹ ਦਿੱਤੀ ਜਾ ਰਹੀ ਹੈ, ਇਸ ਸਬੰਧੀ ਲੋਕ ਸਭਾ ਅਤੇ ਰਾਜ ਸਭਾ ਨੂੰ ਪੰਜਾਬ ਵਿਧਾਨ ਸਭਾ ਵੱਲੋਂ ਪੱਤਰ ਲਿਖਦੇ ਹੋਏ ਜਾਣਕਾਰੀ ਮੰਗੀ ਹੈ ਤਾਂ ਕਿ ਇਸ ਤੋਂ ਜਿਆਦਾ ਪੈਨਸ਼ਨ ਦੇ ਹੱਕਦਾਰ ਨੂੰ ਬਾਕੀ ਰਕਮ ਬਤੌਰ ਪੈਨਸ਼ਨ ਜਾਰੀ ਕੀਤੀ ਜਾ ਸਕੇ।

ਭੱਠਲ ਅਤੇ ਲਾਲ ਸਿੰਘ ਨੇ ਪੈਨਸ਼ਨ ਲਈ ਛੱਡੀ ਤਨਖ਼ਾਹ, ਲੈ ਰਹੇ ਹਨ 2 ਲੱਖ 30 ਹਜ਼ਾਰ

ਪੰਜਾਬ ਦੀ ਸਾਬਕਾ ਉਪ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਅਤੇ ਸਾਬਕਾ ਮੰਤਰੀ ਲਾਲ ਸਿੰਘ ਨੇ ਵਿਧਾਨ ਸਭਾ ਤੋਂ ਪੈਨਸ਼ਨ ਲੈਣ ਲਈ ਆਪਣੀ ਤਨਖ਼ਾਹ ਲੈਣ ਤੋਂ ਹੀ ਸਾਫ਼ ਇਨਕਾਰ ਕਰ ਦਿੱਤਾ ਹੈ, ਕਿਉਂਕਿ ਇਨ੍ਹਾਂ ਦੋਵਾਂ ਲੀਡਰਾਂ ਦੀ ਤਨਖ਼ਾਹ ਦੇ ਮੁਕਾਬਲੇ ਪੈਨਸ਼ਨ ਦੋ ਗੁਣਾ ਦੇ ਬਰਾਬਰ ਹੈ। ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਲਾਲ ਸਿੰਘ ਨੂੰ ਪੰਜਾਬ ਰਾਜ ਮੰਡੀ ਬੋਰਡ ਦਾ ਚੇਅਰਮੈਨ ਅਤੇ ਰਾਜਿੰਦਰ ਕੌਰ ਭੱਠਲ ਨੂੰ ਪੰਜਾਬ ਰਾਜ ਪਲੈਨਿੰਗ ਬੋਰਡ ਦਾ ਉਪ ਚੇਅਰਮੈਨ ਲਗਾਇਆ ਹੋਇਆ ਹੈ।

ਇਨ੍ਹਾਂ ਦੋਵਾਂ ਲੀਡਰਾਂ ਨੇ 6 ਵਾਰ ਵਿਧਾਨ ਸਭਾ ਵਿੱਚ ਜਿੱਤ ਹਾਸਲ ਕਰਦੇ ਹੋਏ ਵਿਧਾਨ ਸਭਾ ਦੀ ਮੈਂਬਰੀ ਹਾਸਲ ਕੀਤੀ ਹੋਈ ਹੈ। ਜਿਸ ਕਾਰਨ ਇਨ੍ਹਾਂ ਦੀ ਪੈਨਸ਼ਨ 2 ਲੱਖ 28 ਹਜ਼ਾਰ ਦੇ ਲਗਭਗ ਬਣਦੀ ਹੈ, ਜਦੋਂ ਕਿ ਨਵੀਂ ਨਿਯੁਕਤੀ ਵਿੱਚ ਇਨ੍ਹਾਂ ਨੂੰ ਤਨਖ਼ਾਹ ਘੱਟ ਮਿਲਣੀ ਸੀ, ਜਿਸ ਕਾਰਨ ਇਨ੍ਹਾਂ ਦੋਵਾਂ ਨੇ ਆਪਣੀ ਤਨਖਾਹ ਲੈਣ ਤੋਂ ਸਾਫ਼ ਇਨਕਾਰ ਕਰਦੇ ਹੋਏ ਪੈਨਸ਼ਨ ਲੈਣੀ ਸ਼ੁਰੂ ਕਰ ਦਿੱਤੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।