ਜਲਦ ਹੀ ਨੋਟੀਫਿਕੇਸ਼ਨ ਕਰਨ ਜਾ ਰਹੀ ਐ ਪੰਜਾਬ ਸਰਕਾਰ
5 ਕੰਪਲੈਕਸ ਬਣ ਕੇ ਤਿਆਰ
ਬਠਿੰਡਾ, ਪਟਿਆਲਾ, ਫਰੀਦਕੋਟ, ਕਪੂਰਥਲਾ ਅਤੇ ਅੰਮ੍ਰਿਤਸਰ ਦੀ ਜੇਲ੍ਹ ਸ਼ਾਮਲ
ਅਸ਼ਵਨੀ ਚਾਵਲਾ, ਚੰਡੀਗੜ੍ਹ
ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਖਤਰਨਾਕ ਕੈਦੀਆਂ ਲਈ ਹੁਣ ਜੇਲ੍ਹਾਂ ਵਿੱਚ ਹੀ ਅਦਾਲਤਾਂ ਲਗੀ ਕਰਨਗੀਆਂ, ਇਸ ਲਈ ਪੰਜਾਬ ਵਿੱਚ 5 ਜ਼ਿਲ੍ਹਾ ਜੇਲ੍ਹਾਂ ਵਿੱਚ ਅਦਾਲਤ ਕੰਪਲੈਕਸ ਬਣ ਕੇ ਤਿਆਰ ਹੋ ਗਏ ਹਨ, ਜਦੋਂ ਕਿ ਬਾਕੀ ਰਹਿੰਦੀਆਂ ਜੇਲ੍ਹਾਂ ਵਿੱਚ ਵੀ ਜਲਦ ਹੀ ਅਦਾਲਤ ਕੰਪਲੈਕਸ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਪੰਜਾਬ ਦੀਆਂ 5 ਜੇਲ੍ਹਾਂ ਵਿੱਚ ਬਣ ਕੇ ਤਿਆਰ ਅਦਾਲਤੀ ਕੰਪਲੈਕਸ ਸਬੰਧੀ ਜਲਦ ਹੀ ਸਰਕਾਰ ਨੋਟੀਫਿਕੇਸ਼ਨ ਜਾਰੀ ਕਰਨ ਕਰੇਗੀ, ਜਿਸ ਤੋਂ ਬਾਅਦ ਕੋਈ ਵੀ ਜਿਲ੍ਹਾ ਅਦਾਲਤ ਆਪਣੀ ਇੱਛਾ ਅਨੁਸਾਰ ਜੇਲ੍ਹ ਵਿੱਚ ਅਦਾਲਤ ਲਗਾ ਸਕੇਗੀ।
ਜਾਣਕਾਰੀ ਅਨੁਸਾਰ ਪੰਜਾਬ ਦੀਆਂ ਜੇਲ੍ਹਾਂ ਵਿੱਚ ਕਈ ਖਤਰਨਾਕ ਕੈਦੀਆਂ ਸਣੇ ਗੈਂਗਸਟਰ ਅਤੇ ਗੰਭੀਰ ਵਾਰਦਾਤਾਂ ਕਰਕੇ ਆਏ ਕੈਦੀਆਂ ਨੂੰ ਰੋਜ਼ਾਨਾ ਵਾਂਗ ਹੀ ਪੇਸ਼ੀ ਲਈ ਅਦਾਲਤਾਂ ਵਿੱਚ ਲਿਜਾਣਾ ਪੈਂਦਾ ਹੈ। ਇਨ੍ਹਾਂ ਵਿੱਚੋਂ ਕੁਝ ਕੈਦੀਆਂ ਨੂੰ ਹੁਣ ਵੀਡੀਓ ਕਾਨਫਰੰਸ ਰਾਹੀਂ ਵੀ ਪੇਸ਼ੀ ਕਰਵਾਈ ਜਾਂਦੀ ਹੈ ਪਰ ਇਸ ਤੋਂ ਵੀ ਅੱਗੇ ਜਾ ਕੇ ਪੰਜਾਬ ਸਰਕਾਰ ਨੇ ਜੇਲ੍ਹਾਂ ਵਿੱਚ ਹੀ ਅਦਾਲਤ ਕੰਪਲੈਕਸ ਬਣਾ ਦਿੱਤੇ ਹਨ ਤਾਂ ਕਿ ਕੋਈ ਵੀ ਜੱਜ ਕਿਸੇ ਵੀ ਕੇਸ ਵਿੱਚ ਆਪਣਾ ਫੈਸਲਾ ਸੁਣਾਉਣ ਜਾਂ ਫਿਰ ਟਰਾਇਲ ਚਲਾਉਣ ਲਈ ਜੇਲ੍ਹ ਵਿੱਚ ਆ ਕੇ ਕਾਰਵਾਈ ਚਲਾ ਸਕਦਾ ਹੈ।
ਪੰਜਾਬ ਸਰਕਾਰ ਵੱਲੋਂ ਪਟਿਆਲਾ, ਬਠਿੰਡਾ, ਫਰੀਦਕੋਟ, ਕਪੂਰਥਲਾ ਅਤੇ ਅੰਮ੍ਰਿਤਸਰ ਦੀਆਂ ਜੇਲ੍ਹਾਂ ਵਿੱਚ ਅਦਾਲਤੀ ਕੰਪਲੈਕਸ ਤਿਆਰ ਕੀਤੇ ਹਨ। ਜੇਲ੍ਹਾਂ ਵਿੱਚ ਅਦਾਲਤੀ ਕੰਪਲੈਕਸ ਬਣਨ ਤੋਂ ਬਾਅਦ ਜਿਥੇ ਸਰਕਾਰ ਵੱਲੋਂ ਇਨ੍ਹਾਂ ਖਤਰਨਾਕ ਕੈਦੀਆਂ ਲਈ ਲਗਾਈ ਜਾਣ ਵਾਲੀ ਸੁਰੱਖਿਆ ਇੰਤਜ਼ਾਮ ਤੋਂ ਛੁੱਟੀ ਮਿਲੇਗੀ, ਉਥੇ ਹੀ ਹਰ ਪੇਸ਼ੀ ‘ਤੇ ਸੁਰਖਿਆ ਕਾਰਨਾਂ ਕਰਕੇ ਖ਼ਰਚ ਹੋਣ ਵਾਲੇ ਲੱਖਾਂ ਰੁਪਏ ਦੀ ਬਚਤ ਹੋਵੇਗੀ। ਇਸ ਨਾਲ ਹੀ ਕਈ ਵਾਰ ਕੈਦੀ ਪੇਸੀ ਦੌਰਾਨ ਪੁਲਿਸ ਮੁਲਾਜ਼ਮਾਂ ‘ਤੇ ਹੀ ਹਮਲਾ ਕਰਦੇ ਹੋਏ ਫਰਾਰ ਵੀ ਹੋ ਜਾਂਦੇ ਸਨ। ਜਿਸ ਤੋਂ ਵੀ ਨਿਜ਼ਾਤ ਮਿਲ ਜਾਏਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।