ਦੇਸ਼ ਦੇ ਗਿਣਤੀ ਦੇ ਕਾਰਪੋਰੇਟ ਘਰਾਣਿਆਂ ਦਾ ਵਿਸ਼ਵ ਦੇ ਅਮੀਰਾਂ ‘ਚ ਸ਼ੁਮਾਰ ਹੋਣਾ ਹੀ ਦੇਸ਼ ਦੀ ਤਰੱਕੀ ਦਾ ਪੈਮਾਨਾ ਨਹੀਂ ਅਨਾਜ ਦੀ ਬਹੁਤਾਤ ਦੇ ਬਾਵਜ਼ੂਦ ਅੰਨ ਦੀ ਕਮੀ ਸਿਸਟਮ ‘ਚ ਖਰਾਬੀ ਦਾ ਸਬੂਤ ਹੈ
ਕਣਕ ਹੋਵੇ ਜਾਂ ਝੋਨਾ ਮੰਡੀਆਂ ‘ਚ ਅਨਾਜ ਦੇ ਅੰਬਾਰ ਲੱਗ ਜਾਂਦੇ ਹਨ। ਕਈ ਕਿਸਾਨ ਸਿਰਫ ਇਸ ਕਰਕੇ ਦੇਰੀ ਨਾਲ ਮੰਡੀ ਆਉਂਦੇ ਹਨ ਕਿ ਉੱਥੇ ਜਿਣਸ ਲਈ ਥਾਂ ਹੀ ਨਹੀਂ ਹੁੰਦੀ ਪਰ ਗਲੋਬਲ ਹੰਗਰ ਇੰਡੈਕਸ ਦੀ ਇਸ ਸਾਲ ਦੀ ਰਿਪੋਰਟ ਵੀ ਪਿਛਲੇ ਸਾਲਾਂ ਵਾਂਗ ਭਾਰਤ ਲਈ ਚਿੰਤਾਜਨਕ ਹੈ। ਭੁੱਖਮਰੀ ‘ਚ 119 ਦੇਸ਼ਾਂ ‘ਚੋਂ ਸਾਡਾ ਨੰਬਰ 103ਵਾਂ ਆਇਆ ਜੋ ਪਿਛਲੇ ਸਾਲ ਨਾਲੋਂ ਵੀ ਗਿਰਾਵਟ ‘ਚ ਗਿਆ ਹੈ। 2017 ‘ਚ 100ਵਾਂ ਨੰਬਰ ਸੀ।
ਕੇਂਦਰ ਦੀ ਮੋਦੀ ਸਰਕਾਰ ਲਈ ਇਹ ਵਿਸ਼ਾ ਫਿਕਰਮੰਦੀ ਵਾਲਾ ਹੋਣਾ ਚਾਹੀਦਾ ਹੈ ਕਿਉਂਕਿ 2014 ਤੋਂ ਬਾਅਦ 55ਵੇਂ ਸਥਾਨ ਤੋਂ ਲਗਾਤਾਰ ਹੇਠਾਂ ਆਉਂਦਾ ਹੋਇਆ। 2015, 2016, 2017 ‘ਚ ਤਰਤੀਬਵਾਰ 80ਵੇਂ, 97ਵੇਂ, 100ਵੇਂ ਸਥਾਨ ‘ਤੇ ਪੁੱਜ ਗਿਆ। ਹੈਰਾਨੀ ਦੀ ਗੱਲ ਹੈ ਕਿ ਸਾਡੇ ਮੁਲਕ ‘ਚ ਹਰ ਸਾਲ ਲੱਖਾਂ ਟਨ ਅਨਾਜ ਬਰਬਾਦ ਹੁੰਦਾ ਹੈ।
ਕੁਝ ਹੱਦ ਤੱਕ ਤਕਨੀਕ ਦੀ ਵਰਤੋਂ ਨਾਲ ਅਸਲੀ ਲਾਭਪਾਤਰੀਆਂ ਤੱਕ ਅਨਾਜ ਪਹੁੰਚਿਆ ਹੈ। ਈ-ਪੌਸ ਮਸ਼ੀਨਾਂ ਕਾਰਗਰ ਸਾਬਤ ਹੋਈਆਂ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਮਸ਼ੀਨਾਂ ਦੀ ਵਰਤੋਂ ਤੋਂ ਪਹਿਲਾਂ ਭੁੱਖਮਰੀ ਦੇ ਮਾਮਲੇ ‘ਚ ਦੇਸ਼ ਦੀ ਹਾਲਤ ਅੱਜ ਨਾਲੋਂ ਬਿਹਤਰ ਸੀ। ਲੰਮੇ ਸਮੇਂ ਤੱਕ ਜਨਤਕ ਵੰਡ ਪ੍ਰਣਾਲੀ ‘ਚ ਭ੍ਰਿਸ਼ਟਾਚਾਰ ਨੂੰ ਭੁੱਖਮਰੀ ਦਾ ਇੱਕ ਵੱਡਾ ਕਾਰਨ ਮੰਨਿਆ ਜਾਂਦਾ ਸੀ।
ਅਨਾਜ ਸੁਰੱਖਿਆ ਗਾਰੰਟੀ ਕਾਨੂੰਨ ਲਾਗੂ ਹੋਣ ਤੋਂ ਬਾਅਦ ਸੁਧਾਰ ਦੀ ਆਸ ਕੀਤੀ ਜਾ ਰਹੀ ਸੀ ਪਰ ਸਕੀਮ ਉਦੋਂ ਹੀ ਅਸਰ ਵਿਖਾਉਂਦੀ ਹੈ ਜਦੋਂ ਭ੍ਰਿਸ਼ਟਾਚਾਰ ਖ਼ਤਮ ਹੋਵੇ। ਪਿਛਲੇ ਦਿਨੀਂ ਪੰਜਾਬ ‘ਚ ਵੱਡੀ ਮਾਤਰਾ ‘ਚ ਅਨਾਜ ਬਰਾਮਦ ਕੀਤਾ ਗਿਆ ਜੋ ਬਿਹਾਰ ਦੇ ਗਰੀਬਾਂ ਨੂੰ ਵੰਡਿਆ ਜਾਣਾ ਸੀ। ਭ੍ਰਿਸ਼ਟਾਚਾਰ ਖਤਮ ਨਾ ਹੋਣ ਕਾਰਨ ਰਗੜਾ ਲੱਗ ਰਿਹਾ ਹੈ ਖਾਸਕਰ ਹੇਠਲੇ ਪੱਧਰ ‘ਤੇ ਕਾਰਵਾਈ ਬਹੁਤ ਘੱਟ ਹੋ ਰਹੀ ਹੈ।
ਬਹੁਤ ਵਿਰਲੇ ਮਾਮਲਿਆਂ ‘ਚ ਸਜ਼ਾਵਾਂ ਹੁੰਦੀਆਂ ਹਨ। ਦੂਜੇ ਪਾਸੇ ਸਰਕਾਰੀ ਗੁਦਾਮਾਂ ਨਾਲ ਜੁੜੇ ਹੇਠਲੇ ਮੁਲਾਜ਼ਮਾਂ ਦੀਆਂ ਜਾਇਦਾਦਾਂ ‘ਚ ਵੱਡਾ ਇਜ਼ਾਫਾ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਾਅਵੇ ਨਾਲ ਕਿਹਾ ਸੀ, ”ਨਾ ਖਾਵਾਂਗਾ, ਨਾ ਖਾਣ ਦਿਆਂਗਾ”, ਉਹ ਭਾਵੇਂ ਖਾਂਦੇ ਹੋਣ ਜਾਂ ਨਾ ਪਰ ਦੂਜਿਆਂ ਨੂੰ ਖਾਣ ਤੋਂ ਨਹੀਂ ਰੋਕ ਸਕੇ ਦੇਸ਼ ‘ਚ ਭ੍ਰਿਸ਼ਟਾਚਾਰ ਕਾਰਨ ਹਾਲਾਤ ਅਸੀਂ ਵੇਖ ਰਹੇ ਹਾਂ ਗਲੋਬਲ ਇੰਡੈਕਸ ਨੇ ਸੱਚਾਈ ਸਾਹਮਣੇ ਲਿਆ ਦਿੱਤੀ ਹੈ। 55ਵੇਂ ਸਥਾਨ ਤੋਂ ਸਿੱਧਾ ਡਬਲ ਗਿਰਾਵਟ ਨਾਲ ਦੇਸ਼ 103ਵੇਂ ਸਥਾਨ ‘ਤੇ ਆ ਗਿਆ ਲੱਗਦਾ ਹੈ।
ਸਿਆਸਤਦਾਨਾਂ ਲਈ ਸਰਕਾਰ ਦਾ ਪਹਿਲਾ ਤੇ ਅਖੀਰਲਾ ਸਾਲ (ਚੁਣਾਵੀ ਸਾਲ) ਹੀ ਮਹੱਤਵਪੂਰਨ ਹੁੰਦਾ ਹੈ। ਵਿਚਕਾਰਲੇ ਸਾਲ ਭ੍ਰਿਸ਼ਟਾਚਾਰੀਆਂ ਲਈ ਖੁੱਲ੍ਹ ਮਾਨਣ ਵਾਲੇ ਬਣ ਜਾਂਦੇ ਹਨ। ਦੇਸ਼ ਦੇ ਗਿਣਤੀ ਦੇ ਕਾਰਪੋਰੇਟ ਘਰਾਣਿਆਂ ਦਾ ਵਿਸ਼ਵ ਦੇ ਅਮੀਰਾਂ ‘ਚ ਸ਼ੁਮਾਰ ਹੋਣਾ ਹੀ ਦੇਸ਼ ਦੀ ਤਰੱਕੀ ਦਾ ਪੈਮਾਨਾ ਨਹੀਂ ਅਨਾਜ ਦੀ ਬਹੁਤਾਤ ਦੇ ਬਾਵਜ਼ੂਦ ਅੰਨ ਦੀ ਕਮੀ ਸਿਸਟਮ ‘ਚ ਖਰਾਬੀ ਦਾ ਸਬੂਤ ਹੈ। ਸਰਕਾਰੀ ਐਲਾਨਾਂ ਨੂੰ ਜ਼ਮੀਨ ‘ਤੇ ਉਤਾਰਨ ਨਾਲ ਹੀ ਸੁਧਾਰ ਸੰਭਵ ਹੈ। ਭੁੱਖਮਰੀ ਦੇ ਅੰਕੜੇ ਸ਼ਰਮਸਾਰ ਕਰਨ ਵਾਲੇ ਹਨ ਸਾਨੂੰ ਸਬਕ ਲੈਣਾ ਪਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।