ਧਰਨੇ ਛੱਡ ਕੇ ਸਕੂਲਾਂ ਨੂੰ ਪਰਤ ਜਾਉ, ਨਹੀਂ ਤਾਂ ਹੋਵੇਗੀ ਸਖਤ ਕਾਰਵਾਈ
ਐਸੋਸੀਏਟਿਡ ਸਕੂਲ ਬੰਦ ਨਹੀਂ ਕੀਤੇ ਜਾਣਗੇ : ਸੋਨੀ
ਅੰਮ੍ਰਿਤਸਰ, ਰਾਜਨ ਮਾਨ/ਸੱਚ ਕਹੂੰ ਨਿਊਜ
ਸਿੱਖਿਆ ਅਤੇ ਵਾਤਾਵਰਣ ਮੰਤਰੀ ਸ੍ਰੀ ਓ ਪੀ ਸੋਨੀ ਨੇ ਸੁਸਾਇਟੀਆਂ ਅਧੀਨ ਕੰਮ ਕਰਦੇ ਅਧਿਆਪਕ, ਜਿੰਨਾਂ ਨੂੰ ਪੰਜਾਬ ਸਰਕਾਰ ਵੱਲੋਂ ਪੱਕੇ ਕੀਤੇ ਗਿਆ ਹੈ, ਦੀ ਤਨਖਾਹ ਵਿਚ ਹੋਈ ਕਮੀ ਦਾ ਰੌਲਾ ਪਾ ਕੇ ਧਰਨਾ ਲਗਾ ਰਹੇ ਸਾਂਝਾ ਮੋਰਚਾ ਦੇ ਆਗੂਆਂ ਨੂੰ ਮੁੜ ਸਖਤ ਚੇਤਾਵਨੀ ਦਿੰਦੇ ਕਿਹਾ ਹੈ ਕਿ ਉਹ ਆਪਣੇ-ਆਪਣੇ ਸਕੂਲਾਂ ਨੂੰ ਪਰਤ ਜਾਣ, ਨਹੀਂ ਤਾਂ ਵਿਭਾਗ ਸਖਤ ਕਾਰਵਾਈ ਕਰਨ ਲਈ ਮਜ਼ਬੂਰ ਹੋਵੇਗਾ।
ਅੱਜ ਐਸੋਸੀਏਟਿਡ ਸਕੂਲ ਆਰਗੇਨਾਇਜੇਸ਼ਨ ਅੰਮ੍ਰਿਤਸਰ ਅਤੇ ਐਸੋਸੀਏਟਡ ਸਕੂਲ ਜੁਇੰਟ ਐਕਸ਼ਨ ਫਰੰਟ ਵੱਲੋਂ ਕਰਵਾਏ ਗਏ ਸਮਾਗਮ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਸ੍ਰੀ ਸੋਨੀ ਨੇ ਕਿਹਾ ਕਿ ਅਧਿਆਪਕਾਂ ਨੂੰ ਪੱਕੇ ਕਰਨ ਅਤੇ ਉਨਾਂ ਨੂੰ ਤਿੰਨ ਸਾਲ ਦਿੱਤੀ ਜਾਣ ਵਾਲੀ ਮੁੱਢਲੀ ਤਨਖਾਹ ਵਿਚ ਕੀਤਾ ਗਿਆ 5 ਹਜ਼ਾਰ ਰੁਪਏ ਦਾ ਵਾਧਾ ਉਕਤ ਯੂਨੀਅਨ ਆਗੂਆਂ ਨਾਲ ਲਗਾਤਾਰ ਮੀਟਿੰਗਾਂ ਕਰਨ ਤੋਂ ਬਾਅਦ ਹੀ ਲਿਆ ਗਿਆ ਸੀ, ਪਰ ਹੁਣ ਉਕਤ ਆਗੂ ਹੀ ਆਪਣੀ ਲੀਡਰੀ ਦੇ ਚੱਕਰ ਅਧਿਆਪਕਾਂ ਨੂੰ ਗੁੰਮਰਾਹ ਕਰ ਰਹੇ ਹਨ।
ਉਨਾਂ ਦੱਸਿਆ ਕਿ ਪੱਕੇ ਕੀਤੇ ਅਧਿਆਪਕ ਇਸ ਤੋਂ ਪਹਿਲਾਂ ਵੱਖ-ਵੱਖ ਸੁਸਾਇਟੀਆਂ ਦੇ ਮੁਲਾਜ਼ਮ ਸਨ, ਜਿੰਨਾ ਦਾ ਕੋਈ ਭਵਿੱਖ ਨਹੀਂ ਸੀ ਅਤੇ ਕਿਸੇ ਵੇਲੇ ਵੀ ਕੇਂਦਰ ਸਰਕਾਰ ਵੱਲੋਂ ਮਿਲਦੀ ਗਰਾਂਟ ਬੰਦ ਹੋਣ ‘ਤੇ ਇੰਨਾ ਦੀ ਨੌਕਰੀ ਜਾ ਸਕਦੀ ਸੀ, ਪਰ ਸਰਕਾਰ ਨੇ ਇੰਨਾਂ ਵੱਲੋਂ ਵਿਭਾਗ ਲਈ ਕੀਤੇ ਕੰਮ ਨੂੰ ਧਿਆਨ ਵਿਚ ਰੱਖਦੇ ਪੱਕੀ ਨੌਕਰੀ ਦਿੱਤੀ ਹੈ, ਜਿਸਦਾ ਇੰਨਾ ਨੂੰ ਸਵਾਗਤ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਅਜਿਹੇ ਅਧਿਆਪਕ ਆਗੂ ਬੱਚਿਆਂ ਦੀ ਪੜਾਈ ਆਪਣੀ ਲੀਡਰੀ ਲਈ ਖਰਾਬ ਨਾ ਕਰਨ ਅਤੇ ਤਰੁੰਤ ਸਕੂਲਾਂ ਨੂੰ ਪਰਤ ਜਾਣ।
ਐਸੋਸੀਏਟਿਡ ਸਕੂਲਾਂ ਬਾਰੇ ਬੋਲਦੇ ਸਿੱਿਖਆ ਮੰਤਰੀ ਨੇ ਕਿਹਾ ਕਿ ਇਹ ਸਕੂਲ ਘੱਟ ਫੀਸਾਂ ‘ਤੇ ਚੰਗੀ ਪੜਾਈ ਬੱਚਿਆਂ ਨੂੰ ਕਰਵਾ ਰਹੇ ਹਨ ਅਤੇ ਸਰਕਾਰ ਇੰਨਾਂ ਨੂੰ ਬੰਦ ਕਰਨ ਦਾ ਫੈਸਲਾ ਹਰਗਿਜ਼ ਨਹੀਂ ਲਵੇਗੀ, ਕਿਉਂਕਿ ਇਸ ਨਾਲ ਜਿੱਥੇ ਘਰਾਂ ਨੇੜੇ ਬੱਚਿਆਂ ਦੀ ਪੜਾਈ ਸਬੰਧੀ ਜ਼ਰੂਰਤ ਪੂਰੀ ਹੋ ਰਹੀ ਹੈ, ਉਥੇ ਲੱਖਾਂ ਲੋਕਾਂ ਨੂੰ ਰੋਜ਼ਗਾਰ ਵੀ ਮਿਲਿਆ ਹੈ।
ਉਨਾਂ ਕਿਹਾ ਕਿ ਇਹ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਆਪਣੀ ਮੁੱਢਲੀਆਂ ਜ਼ਰੂਰਤ ਜ਼ਰੂਰ ਪੂਰੀਆਂ ਕਰਨ ਸ਼੍ਰੀ ਸੋਨੀ ਨੇ ਕਿਹਾ ਕਿ ਕੈਪਟਨ ਸਰਕਾਰ ਦਾ ਮੁੱਖ ਉਦੇਸ ਲੋਕਾਂ ਨੂੰ ਰੁਜ਼ਗਾਰ ਦੇਣਾ ਹੈ ਅਤੇ ਇਹ ਸਕੂਲ ਵੀ ਨੋਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾ ਰਹੇ ਹਨ। ਇਸ ਮੌਕੇ ਐਸੋਸੀਏਟਿਡ ਸਕੂਲ ਅੰਮ੍ਰਿਤਸਰ, ਗੁਰਦਾਸਪੁਰ ਅਤੇ ਲੁਧਿਆਣਾ ਦੇ ਅਹੁੱਦੇਦਾਰਾਂ ਵੱਲੋ ਸ਼੍ਰੀ ਸੋਨੀ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਤ ਵੀ ਕੀਤਾ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।