ਵਿਧਾਇਕ ਚੰਦੂਮਾਜਰਾ ਤੇ ਮਦਨ ਲਾਲ ਜਲਾਲਪੁਰ ਨੇ ਲਿਆ ਫ਼ਸਲਾਂ ਦਾ ਜਾਇਜ਼ਾ
ਪਟਿਆਲਾ/ਸਨੌਰ, (ਖੁਸ਼ਵੀਰ ਸਿੰਘ ਤੂਰ/ਰਾਮ ਸਰੂਪ ਪੰਜੋਲਾ)। ਪਟਿਆਲਾ ਜ਼ਿਲ੍ਹੇ ਦੇ ਹਲਕਾ ਸਨੌਰ ਵਿੱਚ ਅੱਧੀ ਰਾਤ ਤੋਂ ਬਾਅਦ ਹੋਈ ਭਾਰੀ ਗੜੇਮਾਰੀ ਨੇ ਕਿਸਾਨਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਕਰ ਦਿੱਤਾ ਹੈ। ਇਸ ਗੜੇਮਾਰੀ ਵਿੱਚ ਜ਼ਿਆਦਾਤਾਰ ਕਿਸਾਨਾਂ ਦੀਆਂ ਝੋਨੇ ਦੀਆਂ ਫਸਲਾਂ ਸਮੇਤ ਸਬਜ਼ੀਆਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ।
ਜਾਣਕਾਰੀ ਅਨੁਸਾਰ ਸਨੌਰ ਦੇ ਪਿੰਡ ਬੋਸਰਕਲਾਂ, ਲਲੀਨਾ, ਭਾਂਖਰ, ਦਦਹੇੜੀਆ, ਜੋਗੀਪੁਰ ਤੇ ਘਨੌਰ ਦੇ ਪਿੰਡ ਤਖਤੂਮਾਜਰਾ, ਪਬਰਾ, ਪਬਰੀ, ਆਕੜ, ਆਕੜੀ, ਅਬਦਲਪੁਰ, ਗੋਪਾਲਪੁਰ, ਖਾਨਪੁਰ ਖੁਰਦ, ਬਡੋਲੀ ਗੁਜਰਾਂ, ਮੰਡਵਾਲ, ਜੈ ਨਗਰ, ਭੇਡਵਾਲ, ਭੇਡਵਾਲ ਝੂੰਗੀਆਂ, ਹਰਪਾਲਪੁਰ, ਮੰਡੋਲੀ, ਅਜਰੋਰ, ਪੰਡਤਾਂ ਖੇੜੀ, ਚਪੜ, ਸੀਲ ਸਮੇਤ ਕਈ ਪਿੰਡਾਂ ਵਿੱਚ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ।
ਇਸ ਗੜੇਮਾਰੀ ਨਾਲ ਪ੍ਰਭਾਵਿਤ ਇਲਾਕਿਆਂ ਵਿਚ ਹਲਕਾ ਸਨੌਰ ਤੇ ਘਨੌਰ ਦਾ ਕਾਫੀ ਵੱਡਾ ਇਲਾਕਾ ਸ਼ਾਮਲ ਹੈ। ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਵੱਲੋਂ ਡੀ.ਸੀ ਕੁਮਾਰ ਅਮਿਤ, ਐਸ.ਡੀ.ਐਮ ਰਾਜਪੁਰਾ ਸ਼ਿਵ ਕੁਮਾਰ ਅਤੇ ਤਹਿਸੀਲਦਾਰ ਰਾਜਪੁਰਾ ਸਿਮਰਨਜੀਤ ਸਿੰਘ ਨੂੰ ਨਾਲ ਲੈ ਕੇ ਗੜੇਮਾਰੀ ਤੋਂ ਪ੍ਰਭਾਵਿਤ ਇਲਾਕੇ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਸੰਬੋਧਨ ਕਰਦਿਆਂ ਵਿਧਾਇਕ ਜਲਾਲਪੁਰ ਨੇ ਕਿਹਾ ਕਿ ਬੀਤੀ ਰਾਤ ਹੋਈ ਭਾਰੀ ਗੜੇਮਾਰੀ ਕਾਰਨ ਉਨ੍ਹਾਂ ਦੇ ਹਲਕੇ ਦੇ ਦੋ ਦਰਜਨ ਤੋਂ ਵੱਧ ਪਿੰਡਾਂ ਦੇ ਕਿਸਾਨਾਂ ਦੀ ਝੋਨੇ ਦੀ ਫਸਲ 100 ਫੀਸਦੀ ਨੁਕਸਾਨੀ ਗਈ ਹੈ।
ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਜਿਉਂ ਹੀ ਸਵੇਰੇ ਗੜੇਮਾਰੀ ਬਾਰੇ ਸੂਚਨਾ ਮਿਲੀ ਤਾਂ ਉਹ ਸੂਰਜ ਚੜ੍ਹਦੇ ਹੀ ਗੜੇਮਾਰ ਪ੍ਰਭਾਵਿਤ ਇਲਾਕਿਆਂ ‘ਚ ਪਹੁੰਚ ਗਏ, ਜਿੱਥੇ ਉਨ੍ਹਾਂ ਨੇ ਮੌਕੇ ‘ਤੇ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਗਿਰਦਾਵਰੀ ਕਰਕੇ ਮੁਆਵਜ਼ਾ ਦੇਣ ਦੀ ਮੰਗ ਕੀਤੀ। ਵਿਧਾਇਕ ਚੰਦੂਮਾਜਰਾ ਤੋਂ ਪ੍ਰਭਾਵਿਤ ਹੋ ਕੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਕਈ ਅਧਿਕਾਰੀਆਂ ਨੇ ਵੀ ਬਾਅਦ ਵਿਚ ਜਾ ਕੇ ਗੜੇਮਾਰੀ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ।
ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਕਿਸਾਨਾਂ ਨੂੰ ਕਣਕ ਦੀ ਬਿਜਾਈ ਤੋਂ ਪਹਿਲਾਂ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਪਿਛਲੇ ਸਾਲ ਗੜੇਮਾਰੀ ਨਾਲ ਜਿਹੜੀ ਕਣਕ ਦੀ ਫਸਲ ਦਾ ਨੁਕਸਾਨ ਹੋਇਆ ਸੀ, ਉਸ ਦਾ ਮੁਆਵਜ਼ਾ ਕਿਸਾਨਾਂ ਨੂੰ ਸਵਾ ਸਾਲ ਬਾਅਦ ਜਾ ਕੇ ਮਿਲਿਆ ਸੀ ਕਿਉਂਕਿ ਇਸ ਵਾਰ ਨੁਕਸਾਨ ਉਸ ਤੋਂ ਕਿਤੇ ਜ਼ਿਆਦਾ ਹੋਇਆ ਹੈ, ਲਿਹਾਜਾ ਕਿਸਾਨਾਂ ਦੀ ਇਹ ਫਸਲ ਤਾਂ ਖਰਾਬ ਹੋ ਗਈ, ਅਗਲੀ ਫਸਲ ਦੀ ਸਮੇਂ ਸਿਰ ਬਿਜਾਈ ਕਰ ਲੈਣ, ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਤੁਰੰਤ ਇਸ ‘ਤੇ ਐਕਸ਼ਨ ਲੈਂਦੇ ਹੋਏ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ।
ਇਸ ਮੌਕੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਕਿਹਾ ਕਿ ਉਨ੍ਹਾਂ ਮਾਲ ਵਿਭਾਗ ਦੇ ਪਟਵਾਰੀਆਂ ਦੀ ਡਿਉੂਟੀ ਲਗਾ ਦਿੱਤੀ ਹੈ ਜੋ ਕਿਸਾਨਾਂ ਦੇ ਹੋਏ ਨੁਕਸਾਨ ਦੀ ਰਿਪੋਰਟ ਬਣਾ ਕੇ ਪੰਜਾਬ ਸਰਕਾਰ ਨੂੰ ਭੇਜੀ ਜਾਵੇਗੀ ਤੇ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ।