ਕੋਠੀ ‘ਚ ਅਰਾਮ ਫ਼ਰਮਾਉਂਦੇ ਰਹੇ ਸਿੱਧੂ, ਨਹੀਂ ਗਏ ਲੰਬੀ ਰੈਲੀ ‘ਚ

Sidhu, Not Say, Word, Kothi, Not, Rally

ਸਿੱਧੂ ਦੇ ਸਲਾਹਕਾਰਾਂ ਨੇ ਦਿੱਤਾ ਜਵਾਬ, ਨਹੀਂ ਕਰਨਗੇ ਸਿੱਧੂ ਕਿਸੇ ਨਾਲ ਗੱਲ

ਸਿੱਧੂ ਦੀ ਰੈਲੀ ਤੋਂ ਗੈਰਹਾਜ਼ਰੀ ਨੇ ਲਾਇਆ ਸੁਆਲ਼ੀਆ ਨਿਸ਼ਾਨ

ਵਿਰੋਧੀਆਂ ਨੇ ਚੁੱਕੀ ਉਂਗਲ, ਕਿਹਾ, ਸਿੱਧੂ ਤੇ ਅਮਰਿੰਦਰ ਦਰਮਿਆਨ ਨਹੀਂ ਐ ਕੁਝ ਵੀ ਠੀਕ-ਠਾਕ

ਅਸ਼ਵਨੀ ਚਾਵਲਾ, ਚੰਡੀਗੜ੍ਹ

ਕਾਂਗਰਸ ਪਾਰਟੀ ਵੱਲੋਂ ਲੰਬੀ ਵਿਖੇ ਕੀਤੀ ਜਾ ਰਹੀ ਰੈਲੀ ‘ਚ ਗੈਰਹਾਜ਼ਰੀ ਲਾਉਂਦੇ ਹੋਏ ਚੰਡੀਗੜ੍ਹ ਵਿਖੇ ਆਪਣੀ ਕੋਠੀ ਵਿਖੇ ਨਵਜੋਤ ਸਿੱਧੂ ਅਰਾਮ ਹੀ ਫ਼ਰਮਾਉਂਦੇ ਰਹੇ। ਨਵਜੋਤ ਸਿੱਧੂ ਐਤਵਾਰ ਨੂੰ ਨਾ ਹੀ ਕਿਸੇ ਨੂੰ ਮਿਲੇ ਤੇ ਨਾ ਹੀ ਕਿਸੇ ਨਾਲ ਮੁਲਾਕਾਤ ਕਰਨ ਲਈ ਉਨ੍ਹਾਂ ਨੇ ਹਾਮੀ ਭਰੀ। ਉਸ ਦੇ ਲੰਬੀ ਰੈਲੀ ‘ਚ ਨਾ ਜਾਣ ਦੇ ਕਾਰਨ ਵਿਰੋਧੀਆਂ ਨੇ ਉਂਗਲ ਚੁਕਦੇ ਹੋਏ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਸਿੱਧੂ ਤੇ ਅਮਰਿੰਦਰ ਸਿੰਘ ਦਰਿਮਆਨ ਕੁਝ ਵੀ ਠੀਕ ਠਾਕ ਨਹੀਂ ਚੱਲ ਰਿਹਾ ਹੈ, ਜਿਸ ਕਾਰਨ ਇਸ ਰੈਲੀ ਤੋਂ ਸਿੱਧੂ ਨੇ ਦੂਰੀ ਬਣਾ ਕੇ ਰੱਖੀ ਹੈ।

ਜਾਣਕਾਰੀ ਅਨੁਸਾਰ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਲੰਬੀ ਵਿਖੇ ਰੈਲੀ ਕਰਨ ਦਾ ਐਲਾਨ ਕਰਨ ਤੋਂ ਬਾਅਦ ਕਾਂਗਰਸ ਪਾਰਟੀ ਨੇ ਆਪਣੇ ਵੱਕਾਰ ਦਾ ਸਵਾਲ ਬਣਾਉਂਦੇ ਹੋਏ ਪਿਛਲੇ ਇੱਕ ਹਫ਼ਤੇ ਤੋਂ ਦਿਨ ਰਾਤ ਇੱਕ ਕਰਕੇ ਰੈਲੀ ‘ਚ ਭਰਵਾਂ ਇਕੱਠ ਕਰਨ ਲਈ ਪੂਰਾ ਜ਼ੋਰ ਲਾ ਦਿੱਤਾ ਤੇ ਅੱਧੀ ਦਰਜਨ ਦੇ ਲਗਭਗ ਕੈਬਨਿਟ ਮੰਤਰੀ ਵੀ ਲੰਬੀ ਵਿਖੇ ਪਿਛਲੇ 2-3 ਦਿਨ ਤੋਂ ਡੇਰਾ ਲਾਈ ਬੈਠੇ ਸਨ ਇਸ ਮੌਕੇ ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕ ਨਵਜੋਤ ਸਿੱਧੂ ਨੇ ਰੈਲੀ ਵਿਖੇ ਆਪਣੇ ਅਹੂਤੀ ਪਾਉਣ ਦੀ ਬਜਾਇ ਰੈਲੀ ਤੋਂ ਦੂਰੀ ਹੀ ਬਣਾ ਕੇ ਰੱਖੀ।

ਸਿੱਧੂ ਨੇ ਨਾ ਹੀ ਰੈਲੀ ਦੀ ਤਿਆਰੀਆਂ ‘ਚ ਆਪਣੀ ਦਿਲਚਸਪੀ ਦਿਖਾਈ ਤੇ ਨਾ ਹੀ ਰੈਲੀ ‘ਚ ਭਾਗ ਲੈਣ ਲਈ ਉਹ ਲੰਬੀ ਵਿਖੇ ਗਏ। ਸਿੱਧੂ ਦੀ ਗੈਰ ਹਾਜ਼ਰੀ ਤੋਂ ਬਾਅਦ ਮੀਡੀਆ ਤੇ ਖੁਫੀਆ ਏਜੰਸੀਆਂ ਨਵਜੋਤ ਸਿੱਧੂ ਨੂੰ ਭਾਲਣ ਲੱਗ ਪਈਆਂ ਸਨ  ਜਿਸ ਤੋਂ ਬਾਅਦ ਪਤਾ ਲੱਗਾ ਕਿ ਨਵਜੋਤ ਸਿੱਧੂ ਚੰਡੀਗੜ੍ਹ ਵਿਖੇ ਆਪਣੀ ਸਰਕਾਰੀ ਕੋਠੀ ‘ਚ ਅਰਾਮ ਫ਼ਰਮਾਉਂਦੇ ਹੋਏ ਟੀਵੀ ਚੈਨਲਾਂ ਰਾਹੀਂ ਹੀ ਕਾਂਗਰਸ ਤੇ ਅਕਾਲੀ ਦਲ ਦੀ ਰੈਲੀ ਨੂੰ ਦੇਖ ਰਹੇ ਸਨ।

ਨਵਜੋਤ ਸਿੱਧੂ ਲੰਬੀ ਕਿਉਂ ਨਹੀਂ ਗਏ ਸਨ, ਇਸ ਸਬੰਧੀ ਮੀਡੀਆ ਨੇ ਜਵਾਬ ਲੈਣ ਲਈ ਉਨ੍ਹਾਂ ਦੇ ਸਲਾਹਕਾਰਾਂ ਤੇ ਸਰਕਾਰ ਵੱਲੋਂ ਤੈਨਾਤ ਮੀਡੀਆ ਅਧਿਕਾਰੀ ਤੱਕ ਸੰਪਰਕ ਕੀਤਾ ਗਿਆ ਤਾਂ ਹਰ ਕਿਸੇ ਨੇ ਇਹ ਕਹਿ ਦਿੱਤਾ ਕਿ ਉਨ੍ਹਾਂ ਖ਼ੁਦ ਨੂੰ ਨਹੀਂ ਪਤਾ ਕਿ ਉਹ ਕਿੱਥੇ ਹਨ, ਇਸ ਲਈ ਉਹ ਗੱਲ ਨਹੀਂ ਕਰਵਾ ਸਕਦੇ। ਦੂਜੇ ਪਾਸੇ ਵਿਰੋਧੀ ਧਿਰਾਂ ਨੇ ਕਿਹਾ ਕਿ ਨਵਜੋਤ ਸਿੱਧੂ ਤੇ ਅਮਰਿੰਦਰ ਸਿੰਘ ਦਰਮਿਆਨ ਕੁਝ ਵੀ ਠੀਕ-ਠਾਕ ਨਹੀਂ ਚੱਲ ਰਿਹਾ ਹੈ, ਜਿਸ ਕਾਰਨ ਸਿੱਧੂ ਨੇ ਰੈਲੀ ‘ਚ ਭਾਗ ਨਹੀਂ ਲਿਆ|

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।