ਮਲੋਟ (ਮਨੋਜ)। ਪਿੰਡ ਆਲਮਾਵਲਾ ਦੇ ਨੇੜੇ ਵੀਰਵਾਰ ਸਵੇਰੇ ਇੱਕ ਕਾਰ ਦਰੱਖ਼ਤ ਨਾਲ ਟਕਰਾਉਣ ਨਾਲ ਉਸ ਵਿੱਚ ਸਵਾਰ ਇੱਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ ਜਦੋਂਕਿ ਤਿੰਨ ਜਖ਼ਮੀ ਹੋ ਗਏ। ਇੰਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਥਾਣਾ ਸਦਰ ਮਲੋਟ ਵਿੱਚ ਪੈਂਦੇ ਪਿੰਡ ਸ਼ੇਰਗੜ ਨਿਵਾਸੀ ਗੁਰਪ੍ਰੀਤ ਸਿੰਘ ਆਪਣੀ ਕਾਰ ‘ਤੇ ਸਰਹਿੰਦ ਅਤੇ ਫਤਿਹਗੜ ਸਾਹਿਬ ਤੋਂ ਧਾਰਮਿਕ ਸਮਾਗਮ ਵਿੱਚ ਭਾਗ ਲੈਣ ਤੋਂ ਬਾਅਦ ਪਰਿਵਾਰ ਸਮੇਤ ਆਪਣੇ ਪਿੰਡ ਸ਼ੇਰਗੜ ਆ ਰਿਹਾ ਸੀ ਕਿ ਪਿੰਡ ਆਲਮਵਾਲਾ ਨੇੜੇ ਅਚਾਨਕ ਕਾਰ ਦਰੱਖ਼ਤ ਨਾਲ ਟਕਰਾ ਗਈ ਕਾਰ ਇੰਨੀ ਜੋਰ ਨਾਲ ਟਕਰਾਈ ਕਿ ਗੁਰਪ੍ਰੀਤ ਸਿੰਘ (32) ਪੁੱਤਰ ਸਾਧੂ ਸਿੰਘ ਅਤੇ ਉਸਦੀ ਮਾਤਾ ਜਸਵਿੰਦਰ ਕੌਰ ਪਤਨੀ ਸਾਧੂ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਗੁਰਵੀਰ ਕੌਰ (4) ਪੁੱਤਰੀ ਗੁਰਪ੍ਰੀਤ ਸਿੰਘ ਅਤੇ ਗੁਰਨਾਗ ਕੌਰ ਦੀ ਹਸਪਤਾਲ ਲਿਆਉਂਦੇ ਸਮੇਂ ਰਾਸਤੇ ਵਿੱਚ ਹੀ ਮੌਤ ਹੋ ਗਈ। ਇਸ ਤੋਂ ਇਲਾਵਾ ਰਾਜਵੀਰ ਕੌਰ (28) ਪਤਨੀ ਗੁਰਪ੍ਰੀਤ ਸਿੰਘ, ਰਮਨਦੀਪ ਕੌਰ ਪਤਨੀ ਸੁਖਜਿੰਦਰ ਸਿੰਘ ਅਤੇ ਗੁਰਬਚਨ ਕੌਰ ਜਖ਼ਮੀ ਹੋ ਗਏ।
ਇੰਨ੍ਹਾਂ ਵਿੱਚੋਂ ਰਮਨਦੀਪ ਕੌਰ ਅਤੇ ਗੁਰਬਚਨ ਕੌਰ ਨੂੰ ਪਹਿਲਾਂ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੀ ਹਾਲਤ ਨੂੰ ਦੇਖਦੇ ਹੋਏ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਗਿਆ। ਇਸ ਦਰਦਨਾਕ ਹਾਦਸੇ ਦੀ ਸੂਚਨਾ ਨਾਲ ਸ਼ਹਿਰ ਵਿੱਚ ਹੀ ਨਹੀਂ ਬਲਕਿ ਆਸਪਾਸ ਦੇ ਸ਼ਹਿਰਾਂ ਵਿੱਚ ਵੀ ਲੋਕਾਂ ਨੇ ਦੁੱਖ ਪ੍ਰਗਟ ਕੀਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸ.ਪੀ. ਇਕਬਾਲ ਸਿੰਘ, ਐਸ.ਡੀ.ਐਮ. ਗੋਪਾਲ ਸਿੰਘ ਘਟਨਾ ਸਥਾਨ ਤੇ ਪਹੁੰਚੇ।