ਮਿਡ-ਡੇ-ਮੀਲ ਤਹਿਤ ਬਣੇਗੀ ਸੁੱਕੇ ਦੁੱਧ ਦੀ ਖੀਰ, ਮਿਲਕ ਫੈਡ ਕੋਲ ਥੋਕ ‘ਚ ਪਿਆ ਐ ਸੁੱਕਾ ਦੁੱਧ
ਬਜ਼ਾਰ ਵਿੱਚ ਵਿਕਰੀ ਨਾ ਹੋਣ ਦੌਰਾਨ ਸਕੂਲਾਂ ਨੂੰ ਹੁਣ ਕੀਤਾ ਜਾਵੇਗਾ ਸਪਲਾਈ
ਵਿਦਿਆਰਥੀਆਂ ਨੂੰ ਮਿਲੇਗੀ ਸਿਰਫ਼ 7 ਗ੍ਰਾਮ ਸੁੱਕੇ ਦੁੱਧ ਦੀ ਖੀਰ
ਅਸ਼ਵਨੀ ਚਾਵਲਾ, ਚੰਡੀਗੜ੍ਹ
ਪੰਜਾਬ ਦੇ ਸਰਕਾਰੀ ਸਕੂਲ ਹੁਣ ਮਿਲਕਫੈੱਡ ਦੇ ਉਸ ਸੁੱਕੇ ਦੁੱਧ ਨੂੰ ਖਪਾਉਣਗੇ, ਸੁਆਦ ਲੱਗੇ ਜਾਂ ਫਿਰ ਨਾ ਲੱਗੇ, ਮਿਡ ਦੇ ਮੀਲ ਦੇ ਵਿਦਿਆਰਥੀ ਇਸੇ ਸੁੱਕੇ ਦੁੱਧ ਦੀ ਖੀਰ ਖਾਣਗੇ। ਵਿਦਿਆਰਥੀਆਂ ਲਈ ਖੀਰ ਵਿੱਚ ਸੁੱਕਾ ਦੁੱਧ ਵਰਤਣ ਪਿੱਛੇ ਕੋਈ ਹੋਰ ਨਹੀਂ ਸਗੋਂ ਮਿਲਕਫੈੱਡ ਕੋਲ ਥੋਕ ਵਿੱਚ ਸੁੱਕਾ ਦੁੱਧ ਪਿਆ ਹੋਣ ਮੁੱਖ ਕਾਰਨ ਹੈ। ਵੱਡੀ ਗੱਲ ਤਾਂ ਇਹ ਹੈ ਕਿ ਸੁੱਕੇ ਦੁੱਧ ਨੂੰ ਫੱਕੀ ਨਹੀਂ ਮਾਰੀ ਜਾ ਸਕਦੀ ਹੈ, ਉਨੇ ਸਿਰਫ਼ 7 ਗ੍ਰਾਮ ਸੁੱਕੇ ਦੁੱਧ ਨਾਲ ਹਰ ਵਿਦਿਆਰਥੀ ਨੂੰ ਖੀਰ ਬਣਾ ਕੇ ਦਿੱਤੀ ਜਾਵੇਗੀ।
ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਵਲੋਂ ਬੁੱਧਵਾਰ ਨੂੰ ਇੱਕ ਪੱਤਰ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਨੂੰ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਆਦੇਸ਼ ਦਿੱਤੇ ਗਏ ਹਨ ਕਿ ਹੁਣ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਹਫ਼ਤੇ ਦੌਰਾਨ ਇੱਕ ਦਿਨ ਵਿਦਿਆਰਥੀਆਂ ਨੂੰ ਮਿਡ ਡੇ ਮਿਲ ਤਹਿਤ ਖੀਰ ਦਿੱਤੀ ਜਾਵੇਗੀ। ਇਸ ਖੀਰ ਨੂੰ ਬਣਾਉਣ ਲਈ ਕਿਸੇ ਦੁੱਧ ਦੀ ਡੇਅਰੀ ਤੋਂ ਤਾਜ਼ਾ ਨਹੀਂ ਸਗੋਂ ਮਿਲਕ ਫੈਡ ਕੋਲ ਥੋਕ ਵਿੱਚ ਪਏ ਸੁੱਕੇ ਦੁੱਧ ਦੀ ਬਣਾਈ ਜਾਏਗੀ।
ਸੁੱਕੇ ਦੁੱਧ ਦੀ ਖੀਰ ਹਾਲਾਂਕਿ ਕੋਈ ਜ਼ਿਆਦਾ ਸੁਆਦ ਨਹੀਂ ਬਣਦੀ ਹੈ ਪਰ ਬੱਚਿਆਂ ਨੂੰ ਸੁਆਲ ਲੱਗੇ ਜਾਂ ਫਿਰ ਨਾ ਲੱਗੇ ਇਸ ਖੀਰ ਨੂੰ ਬਣਾਉਣ ਲਈ ਸਖ਼ਤ ਆਦੇਸ਼ ਜਾਰੀ ਕੀਤੇ ਗਏ ਹਨ। ਇਸ ਖੀਰ ਨੂੰ ਬਣਾਉਣ ਲਈ ਮਾਪਦੰਡ ਵੀ ਤੈਅ ਕੀਤੇ ਗਏ ਹਨ। ਹਰ ਵਿਦਿਆਰਥੀ ਨੂੰ ਸਿਰਫ਼ 7 ਗ੍ਰਾਮ ਸੁੱਕੇ ਦੁੱਧ ਨਾਲ ਖੀਰ ਬਣਾ ਕੇ ਦੇਣੀ ਪਵੇਗੀ, ਇਸ ਤੋਂ ਜ਼ਿਆਦਾ ਸੁੱਕਾ ਦੁੱਧ ਵੀ ਖੀਰ ਵਿੱਚ ਇਸਤੇਮਾਲ ਨਹੀਂ ਕੀਤਾ ਜਾ ਸਕਦਾ ਹੈ।
ਮਿਲਕ ਫੈਡ ਸਿੱਧਾ ਸਕੂਲਾਂ ਨੂੰ 10 ਕਿਲੋ ਸੁੱਕੇ ਦੁੱਧ ਦੀ ਸਪਲਾਈ ਕਰੇਗਾ, ਜਿਸ ਵਿੱਚੋਂ ਹਰ ਹਫ਼ਤੇ ਖੀਰ ਬਣਾਉਣ ਲਈ ਤੋਲ ਅਨੁਸਾਰ ਹੀ ਸੁੱਕੇ ਦੁੱਧ ਦੀ ਖੀਰ ਬਣਾਉਣੀ ਪਵੇਗੀ । ਇਸ ਖੀਰ ਲਈ ਦਿੱਤੇ ਜਾਣ ਵਾਲੇ ਸੁੱਕੇ ਦੁੱਧ ਦਾ ਰੇਟ ਵੀ ਤੈਅ ਕਰ ਦਿੱਤਾ ਗਿਆ ਹੈ, ਜਿਹੜਾ ਕਿ ਪ੍ਰਤੀ ਕਿਲੋ 273 ਰੁਪਏ ਸਕੂਲ ਮੁਖੀਆਂ ਨੂੰ ਦੇਣਾ ਪਵੇਗਾ।
‘ਮਿਸ਼ਨ ਤੰਦਰੁਸਤ ਪੰਜਾਬ’ ਸਵਾਲਾਂ ਦੇ ਘੇਰੇ ‘ਚ
ਪੰਜਾਬ ਸਰਕਾਰ ਵੱਲੋਂ ਭਾਵੇਂ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਸ਼ੁੱਧ ਖੁਰਾਕ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਪਰ ਸੁੱਕੇ ਦੁੱਧ ਦੀ ਖੀਰ ਨੂੰ ਪੰਜਾਬ ਦੇ ਸੱਭਿਆਚਾਰ ‘ਚ ਪਰਵਾਨ ਨਹੀਂ ਕੀਤਾ ਗਿਆ ਪੰਜਾਬੀ ਤਾਜ਼ੇ ਤੇ ਕੁਦਰਤੀ ਦੁੱਧ ਨੂੰ ਹੀ ਸਿਹਤ ਦਾ ਰਾਜ਼ ਮੰਨਦੇ ਹਨ ਦੁੱਧ ਦੀ ਕਮੀ ਵਾਲੇ ਦਿਨਾਂ ‘ਚ ਵੀ ਪੰਜਾਬੀਆਂ ‘ਚ ਸੁੱਕੇ ਦੁੱਧ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਂਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।