ਸੂਬੇ ਅੰਦਰ ਬਿਜਲੀ ਦੀ ਮੰਗ ‘ਚ 1500 ਲੱਖ ਯੂਨਿਟ ਦੀ ਗਿਰਾਵਟ

Demand, 1500, Lakh, Units, Power, Demand, State

ਬਿਜਲੀ ਦੀ ਮੰਗ ਸਿਰਫ਼ 1085 ਲੱਖ ਯੂਨਿਟ ‘ਤੇ ਅੱਪੜੀ

ਝੋਨੇ ਅਤੇ ਗਰਮੀ ਦੇ ਸੀਜ਼ਨ ਤੋਂ ਪਾਵਰਕੌਮ ਨੇ ਪਾਇਆ ਪਾਰ

ਪਟਿਆਲਾ
ਸੂਬੇ ਅੰਦਰ ਪਏ ਭਾਰੀ ਮੀਂਹ ਤੋਂ ਬਾਅਦ ਬਿਜਲੀ ਦੀ ਮੰਗ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਮਹੀਨੇ ਦੀ ਸ਼ੁਰੂਆਤ ‘ਚ ਜੋ ਮੰਗ 2500 ਲੱਖ ਯੂਨਿਟ ਨੂੰ ਪਾਰ ਕਰ ਗਈ ਸੀ ਉਹ ਮੰਗ ਇੱਕਦਮ ਡਿੱਗਕੇ ਸਿਰਫ਼ 1085 ਲੱਖ ਯੂਨਿਟ ‘ਤੇ ਹੀ ਰਹਿ ਗਈ ਹੈ। ਇੱਧਰ ਇਸ ਵਾਰ ਗਰਮੀ ਸਮੇਤ ਝੋਨੇ ਦੇ ਸ਼ੀਜਨ ਵਿੱਚ ਭਰਵੇਂ ਮੀਂਹ ਨੇ ਪਾਵਰਕੌਮ ਨੂੰ ਸੁਖਾਲਾ ਹੀ ਰੱਖਿਆ ਹੈ।
ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਲਗਾਤਾਰ ਪਏ ਮੀਂਹ ਨੇ ਪੰਜਾਬ ਅੰਦਰ ਬਿਜਲੀ ਦੀ ਮੰਗ ਨੂੰ ਡੇਗ ਕੇ ਰੱਖ ਦਿੱਤਾ ਹੈ ਅਤੇ ਪਾਵਰਕੌਮ ਪੂਰੀ ਤਰ੍ਹਾਂ ਸੁਰਖੁਰੂ ਹੋ ਗਿਆ ਹੈ। ਸਤੰਬਰ ਮਹੀਨੇ ਦੀ ਸ਼ੁਰੂਆਤ ਮੌਕੇ ਜੋ ਬਿਜਲੀ ਦੀ ਮੰਗ 2551 ਲੱਖ ਯੂਨਿਟ ਦੇ ਕਰੀਬ ਪੁੱਜ ਗਈ ਸੀ, ਉਹ ਹੁਣ ਸੂਬੇ ਅੰਦਰ ਮੌਸਮ ਦੀ ਤਬਦੀਲੀ ਤੋਂ ਬਾਅਦ 1085 ਲੱਖ ਯੂਨਿਟ ਹੀ ਰਹਿ ਗਈ ਹੈ। ਬਿਜਲੀ ਦੀ ਮੰਗ ਵਿੱਚ ਸਿੱਧੀ 1500 ਲੱਖ ਯੂਨਿਟ ਦੀ ਗਿਰਾਵਟ ਦਰਜ ਕੀਤੀ ਗਈ ਹੈ। ਮੌਜੂਦਾ ਸਮੇਂ ਸਰਕਾਰੀ ਥਰਮਲ ਪਲਾਂਟਾਂ ਦੇ ਦੋ ਅਤੇ ਪ੍ਰਾਈਵੇਟ ਸੈਕਟਰ ਦੇ 4 ਯੂਨਿਟ ਚੱਲ ਰਹੇ ਹਨ।
ਦੋ ਦਿਨ ਪਹਿਲਾਂ ਪਾਵਰਕੌਮ ਵੱਲੋਂ ਆਪਣੇ ਸਰਕਾਰੀ ਥਰਮਲਾਂ ਦੇ ਸਾਰੇ ਯੂÎਨਿਟ ਬੰਦ ਕਰ ਦਿੱਤੇ ਗਏ ਸਨ ਜਦਕਿ ਪ੍ਰਾਈਵੇਟ ਸੈਕਟਰ ਦਾ ਸਿਰਫ਼ ਰਾਜਪੁਰਾ ਥਰਮਲ ਦਾ ਇੱਕ ਯੂਨਿਟ ਹੀ ਚਾਲੂ ਅਵਸਥਾ ਵਿੱਚ ਸੀ। ਪਾਵਰਕੌਮ ਨੇ ਹੁਣ ਆਪਣੇ ਕੁਝ ਥਰਮਲ ਭਖਾਉਣੇ ਸ਼ੁਰੂ ਕੀਤੇ ਹਨ। ਪਾਵਰਕੌਮ  ਨੇ ਰੋਪੜ ਪਲਾਂਟ ਦਾ ਯੂਨਿਟ ਨੰਬਰ 3 ਅਤੇ ਲਹਿਰਾ ਮੁਹੱਬਤ ਪਲਾਂਟ ਦਾ ਵੀ ਯੂਨਿਟ ਨੰਬਰ 3 ਚਾਲੂ ਕੀਤਾ ਹੈ।
ਇਸ ਤੋਂ ਇਲਾਵਾ ਗੋਇੰਦਵਾਲ ਸਾਹਿਬ ਪਲਾਂਟ ਦੇ ਦੋ ਦੋਵੇਂ ਅਤੇ ਤਲਵੰਡੀ ਸਾਬੋ ਪਲਾਂਟ ਦੇ ਤਿੰਨੋਂ ਯੂਨਿਟ ਇਸ ਸਮੇਂ ਬਿਜਲੀ ਪੈਦਾਵਾਰ ਕਰ ਰਹੇ ਹਨ।  ਦੂਜੇ ਪਾਸੇ ਪਣਬਿਜਲੀ ਪ੍ਰੋਜੈਕਟਾਂ ਵਿੱਚ ਰਣਜੀਤ ਸਾਗਰ ਡੈਮ ਦੇ ਤਿੰਨ ਯੂਨਿਟ ਇਸ ਵੇਲੇ ਬਿਜਲੀ ਪੈਦਾਵਾਰ ਕਰ ਰਹੇ ਹਨ। ਇਸਦੇ ਤਕਰੀਬਨ 432 ਮੈਗਾਵਾਟ ਬਿਜਲੀ ਉਤਪਾਦਨ ਤੇ ਬਾਕੀ ਪਣ ਬਿਜਲੀ ਪ੍ਰੋਜੈਕਟਾਂ ਨੂੰ ਮਿਲਾ ਕੇ ਇਸ ਵੇਲੇ ਤਕਰੀਬਨ 750 ਮੈਗਾਵਾਟ ਬਿਜਲੀ ਪਣ ਬਿਜਲੀ ਪ੍ਰੋਜੈਕਟਾਂ ਰਾਹੀਂ ਮਿਲ ਰਹੀ ਹੈ। ਦੱਸਣਯੋਗ ਹੈ ਕਿ ਸੂਬੇ ਅੰਦਰ ਭਰਵੇਂ ਮੀਂਹ ਕਾਰਨ ਹੁਣ ਝੋਨੇ ਨੂੰ ਪਾਣੀ ਦੀ ਕੋਈ ਜ਼ਰੂਰਤ ਨਹੀਂ ਰਹੀ, ਸਗੋਂ ਕਿਸਾਨਾਂ ਦੇ ਖੇਤਾਂ ਵਿੱਚ ਖੜ੍ਹੇ ਵਾਧੂ ਪਾਣੀ ਨੇ ਮੁਸ਼ਕਲ ਪੈਦਾ ਕਰ ਦਿੱਤੀ ਹੈ।  ਉਂਜ ਮੌਸਮ ਵਿੱਚ ਤਬਦੀਲੀ ਹੋਣ ਕਰਕੇ ਰਾਤ ਵੇਲੇ ਏਸੀ ਬੰਦ ਹੋਣ ਲੱਗੇ ਹਨ।
ਪਾਵਰਕੌਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਸ਼ਕਲ ਸਮਾਂ ਲੰਘ ਚੁੱÎਕਿਆ ਹੈ ਅਤੇ ਪਾਵਰਕੌਮ ਵੱਲੋਂ ਆਪਣੇ ਪ੍ਰਬੰਧਾਂ ਦੌਰਾਨ ਸੂਬੇ ਅੰਦਰ ਕਿਸੇ ਪ੍ਰਕਾਰ ਦੇ ਕੱਟ ਨਹੀਂ ਲੱਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।