ਪੁਲਿਸ ਨੂੰ ਕਿਹਾ ਨੀਲੀਆਂ ਪੱਗਾਂ ਵਾਲੇ ਅਧਿਕਾਰੀ, ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ‘ਤੇ ਚੁੱਕੇ ਸੁਆਲ
ਕਿਹਾ, ਪੁਲਿਸ ਮਾਮਲੇ ਵਿੱਚ ਕਾਫ਼ੀ ਕੁਝ ਕਰਨ ਦੀ ਜ਼ਰੂਰਤ
ਨਸ਼ੇ ਦੇ ਮਾਮਲੇ ਵਿੱਚ ਵੀ ਘਿਰੇ ਸੁਨੀਲ ਜਾਖੜ, ਕਿਹਾ, ਡਾਕਟਰ ਹੀ ਨਹੀਂ ਤਾਂ ਇਲਾਜ ਕਿਥੋਂ ਕਰੀਏ
ਅਸ਼ਵਨੀ ਚਾਵਲਾ, ਚੰਡੀਗੜ
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਆਪਣੀ ਹੀ ਕਾਂਗਰਸ ਸਰਕਾਰ ਤੋਂ ਖੁਸ਼ ਨਹੀਂ ਹਨ, ਜਿਸ ਕਾਰਨ ਉਨ੍ਹਾਂ ਨੇ ਨਾ ਹੀ ਸਿਰਫ਼ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ‘ਤੇ ਉਂਗਲ ਚੁੱਕੀ, ਸਗੋਂ ਪੰਜਾਬ ਪੁਲਿਸ ਨੂੰ ਨੀਲੀਆਂ ਪੱਗਾਂ ਵਾਲੇ ਅਧਿਕਾਰੀ ਤੱਕ ਕਰਾਰ ਦੇ ਦਿੱਤਾ ਹੈ। ਇਨ੍ਹਾਂ ਹੀ ਨਹੀਂ ਟਰਾਂਸਪੋਰਟ ਤੇ ਕੇਬਲ ਮਾਫੀਆ ਦੇ ਮਾਮਲੇ ਵਿੱਚ ਆਪਣੀ ਹੀ ਸਰਕਾਰ ਨੂੰ ਫੇਲ੍ਹ ਤੱਕ ਕਹਿ ਦਿੱਤਾ ਹੈ।
ਸੁਨੀਲ ਜਾਖੜ ਜੀ.ਟੀ ਵੀ. ਹਰਿਆਣਾ ਪੰਜਾਬ ਵੱਲੋਂ ਕਰਵਾਏ ਗਏ ਇੱਕ ਸਮਾਗਮ ਵਿੱਚ ਬਤੌਰ ਮਹਿਮਾਨ ਸੁਆਲਾਂ ਦੇ ਜੁਆਬ ਦੇ ਰਹੇ ਸਨ। ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਸਬੰਧੀ ਚੈਨਲ ਦੇ ਐਡੀਟਰ ਦਿਨੇਸ਼ ਸ਼ਰਮਾ ਵੱਲੋਂ ਕੀਤੇ ਗਏ ਤਿੱਖੇ ਸੁਆਲਾਂ ਵਿੱਚ ਫਸੇ ਸੁਨੀਲ ਜਾਖੜ ਕਾਫ਼ੀ ਕੁਝ ਆਪਣੀ ਹੀ ਸਰਕਾਰ ਖ਼ਿਲਾਫ਼ ਬੋਲ ਗਏ।
ਸੁਨੀਲ ਜਾਖੜ ਸਮਾਗਮ ਵਿੱਚ ਗੈਂਗਸਟਰ ਸਬੰਧੀ ਬੋਲ ਰਹੇ ਸਨ ਤਾਂ ਉਨ੍ਹਾਂ ਨੂੰ ਸੁਆਲ ਹੋਇਆ ਕਿ ਪੰਜਾਬ ਪੁਲਿਸ ਖੁਦ ਗੈਂਗਸਟਰ ਵਾਂਗ ਕੰਮ ਕਰ ਰਹੀ ਹੈ ਅਤੇ ਇੱਕ ਪੁਲਿਸ ਦੇ ਸੀਨੀਅਰ ਅਧਿਕਾਰੀ ਵਲੋਂ ਇੱਕ ਔਰਤ ਨੂੰ ਧਮਕਾਇਆ ਜਾ ਰਿਹਾ ਹੈ। ਇਸ ‘ਤੇ ਜਾਖੜ ਨੇ ਕਿਹਾ ਕਿ ਹੁਣ ਮੰਨਦੇ ਹਨ ਕਿ ਪੁਲਿਸ ਇਸੇ ਤਰੀਕੇ ਨਾਲ ਕੰਮ ਕਰ ਰਹੀਂ ਹੈ, ਜਿਸ ਤਰੀਕੇ ਨਾਲ ਦੱਸਿਆ ਜਾ ਰਿਹਾ ਹੈ।
ਜਾਖੜ ਨੇ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ‘ਤੇ ਸੁਆਲ਼ੀਆ ਨਿਸ਼ਾਨ ਲਗਾਉਂਦੇ ਹੋਏ ਕਿਹਾ ਕਿ ਪੰਜਾਬ ਪੁਲਿਸ ਤੋਂ ਅਜੇ ਤੱਕ ਸਰਕਾਰ ਨੀਲਾ ਰੰਗ ਲਾਹ ਨਹੀਂ ਪਾਈ ਹੈ। ਉਨਾਂ ਕਿਹਾ ਭਾਵੇਂ ਇਨਾਂ ਪੁਲਿਸ ਵਾਲੀਆਂ ਦੀ ਪੱਗ ਦੇ ਰੰਗ ਨੀਲੇ ਨਹੀਂ ਹਨ ਪਰ ਪੁਲਿਸ ਵਾਲੇ ਅੰਦਰੋਂ ਨੀਲੇ ਹੋਏ ਪਏ ਹਨ। ਉਨਾਂ ਕਿਹਾ ਕਿ ਇਹ ਕੈਂਸਰ ਹੈ, ਜਿਹੜਾ ਖ਼ਤਮ ਕਰਨ ਵਿੱਚ ਕਾਂਗਰਸ ਸਰਕਾਰ ਦੇਰੀ ਕਰ ਰਹੀਂ ਹੈ।
ਸੁਨੀਲ ਜਾਖੜ ਨੇ ਪੁਲਿਸ ਤੋਂ ਬਾਅਦ ਆਪਣੀ ਹੀ ਸਰਕਾਰ ‘ਤੇ ਟਰਾਂਸਪੋਰਟ ਮਾਫਿਆ ਅਤੇ ਕੇਬਲ ਮਾਫਿਆ ਦੇ ਮਾਮਲੇ ਵਿੱਚ ਨਿਸ਼ਾਨਾ ਸਾਧ ਦਿੱਤਾ। ਉਨਾਂ ਕਿਹਾ ਕਿ ਕੇਬਲ ਮਾਫਿਆ ਅਤੇ ਟਰਾਂਸਪੋਰਟ ਮਾਫਿਆ ਦੇ ਮਾਮਲੇ ਵਿੱਚ ਅਜੇ ਕੰਮ ਕਰਨਾ ਬਾਕੀ ਹੈ ਅਤੇ ਇਹ ਮੁੱਦੇ ਅੱਜ ਵੀ ਪੰਜਾਬ ਵਿੱਚ ਹਨ, ਜਿਨਾਂ ‘ਤੇ ਸਰਕਾਰ ਅਜੇ ਤੱਕ ਕੰਮ ਨਹੀਂ ਕਰ ਪਾਈ ਹੈ।
ਇਥੇ ਹੀ ਨਸ਼ੇ ਦੇ ਮਾਮਲੇ ਵਿੱਚ ਜੁਆਬ ਦੇ ਰਹੇ ਸੁਨੀਲ ਜਾਖੜ ਨੇ ਇੱਥੇ ਤੱਕ ਕਹਿ ਦਿੱਤਾ ਕਿ ਪੰਜਾਬ ਵਿੱਚ ਇਸ ਸਮੇਂ ਡਾਕਟਰ ਹੀ ਕਿਥੇ ਹਨ, ਇਸ ਲਈ ਇਲਾਜ ਕਿਵੇਂ ਹੋਵੇਗਾ। ਸੁਨੀਲ ਜਾਖੜ ਨੇ ਕਿਹਾ ਕਿ ਸਰਕਾਰ ਕੋਲ ਜੇਕਰ ਡਾਕਟਰ ਹੋਣਗੇ ਤਾਂ ਹੀ ਇਲਾਜ ਕੀਤਾ ਜਾ ਸਕਦਾ ਹੈ। ਸੁਨੀਲ ਜਾਖੜ ਨੇ ਮੰਨਿਆ ਕਿ ਸਰਕਾਰ ਨਸੇੜੀਆਂ ਦਾ ਮੁਕੰਮਲ ਤਰੀਕੇ ਨਾਲ ਇਲਾਜ ਨਹੀਂ ਕਰ ਪਾ ਰਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।