ਪੰਜਾਬੀ ‘ਵਰਸਿਟੀ ਪ੍ਰਸ਼ਾਸਨ ਨੂੰ ਪ੍ਰੋਫੈਸਰਾਂ ਨੇ ਹੀ ਕੀਤਾ ਸੁਆਲਾਂ ਦੇ ਕਟਹਿਰੇ ‘ਚ ਖੜ੍ਹਾ

Varsity, Administration, Not Yet, Appointed, Inquiry, Committee

ਯੂਨੀਵਰਸਿਟੀ ਪ੍ਰਸ਼ਾਸਨ ਕਰਵਾ ਰਿਹੈ ਆਪਸੀ ਭਰਾ ਮਾਰੂ ਜੰਗ

ਸੋਸ਼ਲ ਮੀਡੀਆ ‘ਤੇ ਕਈ ਪ੍ਰੋਫੈਸਰਾਂ ਨੇ ਸ਼ੇਅਰ ਕੀਤੇ ਆਪਣੇ ਵਿਚਾਰ

ਪਟਿਆਲਾ, ਖੁਸ਼ਵੀਰ ਸਿੰਘ ਤੂਰ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵਿਦਿਆਰਥੀ ਮੰਗਾਂ ਨੂੰ ਲੈ ਕੇ ਚੱਲ ਰਿਹਾ ਸੰਘਰਸ਼ ਕਿਸੇ ਵੀ ਤਣਪੱਤਣ ਨਹੀਂ ਲੱਗ ਰਿਹਾ। ਆਲਮ ਇਹ ਹੈ ਕਿ ਮਾਮਲੇ ਨੂੰ ਸੰਜੀਦਾ ਢੰਗ ਨਾਲ ਨਾ ਸੁਲਝਾਉਣ ਕਾਰਨ ਯੂਨੀਵਰਸਿਟੀ ਪ੍ਰਸ਼ਾਸਨ ‘ਤੇ ਹੀ ਸੁਆਲ ਖੜ੍ਹੇ ਹੋਣ ਲੱਗ ਪਏ ਹਨ। ਹੋਰ ਤਾਂ ਹੋਰ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਵੱਲੋਂ ਵੀ ਇਸ ਮਾਮਲੇ ‘ਤੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਕਟਹਿਰੇ ਵਿੱਚ ਖੜ੍ਹਾ ਕਰਦਿਆ ਵਿਦਿਆਥੀਆਂ ਵਿੱਚ ਕਰਵਾਈ ਜਾ ਰਹੀ ਆਪਸੀ ਭਰਾ ਮਾਰੂ ਜੰਗ ਨੂੰ ਸਰਮਨਾਕ ਦੱਸਿਆ ਹੈ। ਇੱਧਰ ਡੀਐਸਓ ਜਥੇਬੰਦੀ ਦਾ ਅੱਜ ਵੀ ਵਾਈਸ ਚਾਂਸਲਰ ਦੇ ਦਫ਼ਤਰ ਅੱਗੇ ਧਰਨਾ ਜਾਰੀ ਹੈ।

ਜਣਕਾਰੀ ਅਨੁਸਾਰ ਡੀਐਸਓ ਵੱਲੋਂ ਆਪਣੀਆਂ ਮੰਗਾਂ ਸਬੰਧੀ ਪਿਛਲੇ ਚਾਰ ਦਿਨਾਂ ਤੋਂ ਵੀਸੀ ਦਫ਼ਤਰ ਅੱਗੇ ਆਪਣਾ ਧਰਨਾ ਜਾਰੀ ਰੱਖਿਆ ਹੋਇਆ ਹੈ। ਧਰਨੇ ਦੇ ਬੈਠੇ ਡੀਐਸਓ ਦੇ ਵਿਦਿਆਰਥੀਆਂ ਨਾਲ ਧਰਨੇ ਦੇ ਦੂਜੇ ਦਿਨ ਰਾਤ ਵੇਲੇ ਇੱਕ ਹੋਰ ਵਿਦਿਆਰਥੀ ਜਥੇਬੰਦੀ ਦੇ ਕਾਰਕੁੰਨਾਂ ਵੱਲੋਂ ਹਮਲਾ ਕਰ ਦਿੱਤਾ ਗਿਆ। ਦੋਸ਼ ਲੱਗ ਰਹੇ ਹਨ ਕਿ ਇਹ ਹਮਲਾ ਯੂਨੀਵਰਸਿਟੀ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਹੀ ਹੋਇਆ ਹੈ।

ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਅੰਦਰ ਸਖਤ ਸਕਿਊਰਟੀ ਹੈ ਅਤੇ ਕੋਈ ਵੀ ਕਾਰ ਜਾਂ ਵਾਹਨ ਚੈਕਿੰਗ ਤੋਂ ਬਿਨਾਂ ਅੰਦਰ ਨਹੀਂ ਆਉਣ ਦਿੱਤਾ ਜਾਂਦਾ, ਤਾ ਉਸ ਦਿਨ ਰਾਤ ਸਮੇਤ ਤਿੰਨ ਗੱਡੀਆਂ ਭਰ ਕੇ ਕਿਸ ਤਰ੍ਹਾ ਅੰਦਰ ਆ ਗਈਆਂ ਜੋਂ ਕਿ ਵੱਡਾ ਸੁਆਲ ਹੈ।  ਉਨ੍ਹਾਂ ਕਿਹਾ ਕਿ ਵਿੱਦਿਅਕ ਅਦਾਰੇ ਅੰਦਰ ਗੁੰਡਾਗਰਦੀ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਵਿਦਿਆਥੀਆਂ ਅੰਦਰ ਪਾੜੋਂ ਤੇ ਰਾਜ ਕਰੋਂ ਦੀ ਨੀਤੀ ਆਪਣਾਈ ਜਾ ਰਹੀ ਹੈ।

ਇੱਧਰ ਯੂਨੀਵਰਸਿਟੀ ਦੇ ਪ੍ਰੋਫੈਸਰ ਵੀ ਯੂਨਵਰਸਿਟੀ ਅੰਦਰ ਬਣੇ ਇਸ ਮਹੌਲ ਤੋਂ ਦੁਖੀ ਹਨ ਅਤੇ ਉਨ੍ਹਾਂ ਵੱਲੋਂ ਸੋਸਲ ਮੀਡੀਆ ਤੇ ਆਪਣੇ ਵਿਚਾਰਾਂ ਰਾਂਹੀ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਇਸ ਮਾਮਲੇ ਦੇ ਹੱਲ ਤੇ ਫੇਲ ਕਰਾਰ ਦਿੱਤਾ ਹੈ। ਇੱਕ ਪ੍ਰੋਫੈਸਰ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਹੈ ਕਿ ਮੌਜੂਦਾ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸ਼ਨ ਬਹੁਤ ਹੀ ਸ਼ਰਮਨਾਕ ਅਤੇ ਘਟੀਆ ਚਾਲਾਂ ਚੱਲ ਰਿਹਾ ਹੈ।  ਪ੍ਰਸ਼ਾਸ਼ਨ ਵਿਦਿਆਰਥੀਆਂ ਨੂੰ ਆਪਸ ਵਿਚ ਲੜਾ ਰਿਹਾ ਹੈ ਤੇ ਭਰਾ ਮਾਰੂ ਜੰਗ ਦੀ ਬਦਨੀਤੀ ਨੂੰ ਪ੍ਰਮੋਟ ਕਰ ਰਿਹਾ ਹੈ ਜਿਸ ਕਰਕੇ ਲੰਮੇ ਸਮੇਂ ਵਿਚ ਪੰਜਾਬੀ ਯੂਨੀਵਰਸਿਟੀ ਅਤੇ ਵਿਦਿਆਰਥੀਆਂ ਦਾ ਬਹੁਤ ਨੁਕਸਾਨ ਹੋਣ ਦਾ ਡਰ ਹੈ ।

ਇੱਕ ਪ੍ਰੋਫੈਸਰ ਦਾ ਕਹਿਣਾ ਹੈ ਕਿ ਉਹ ਇੱਥੇ 1982 ਤੋਂ ਵਿਦਿਆਰਥੀ ਰਿਹਾ ਅਤੇ ਹੁਣ ਪੜ੍ਹਾ ਰਿਹਾ ਹੈ, ਪਰ ਅਜਿਹਾ ਮਹੌਲ ਪਹਿਲਾ ਕਦੇ ਵੀ ਨਹੀਂ ਬਣਿਆ। ਪੰਜਾਬੀ ਯੂਨੀਵਰਸਿਟੀ ਵੱਲੋਂ ਦੋ ਦਿਨਾਂ ਦੀਆਂ ਕੀਤੀਆਂ ਛੁੱਟੀਆਂ ਤੇ ਵੀ ਸੁਆਲ ਖੜ੍ਹੇ ਹੋ ਗਏ ਹਨ। ਇਸ ਤੋਂ ਇਲਾਵਾ ਇੱਕ ਹੋਰ ਪ੍ਰੋਫੈਸਰ ਦਾ ਕਹਿਣਾ ਹੈ ਕਿ ਸਮੇਂ ਦੇ ਹਿਸਾਬ ਨਾਲ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਬਦਲਣਾ ਚਾਹੀਦਾ ਹੈ ਅਤੇ ਵਿਦਿਆਰਥੀਆਂ ਦੀਆਂ ਜਾਇਜ਼ ਮੰਗਾਂ ਨੂੰ ਗੱਲਬਾਤ ਜਰੀਏ ਨਜਿੱਠਣਾ ਚਾਹੀਦਾ ਹੈ।

ਪੁਲਿਸ ਵੱਲੋਂ 13 ਵਿਦਿਆਰਥੀਆਂ ‘ਤੇ ਪਰਚੇ ਦਰਜ

ਇੱਧਰ ਡੀਐਸਓ ਦੇ ਵਿਦਿਆਰਥੀਆਂ ਆਗੂ ਜਗਜੀਤ ਨੇ ਦੱਸਿਆ ਕਿ ਧਰਨੇ ਨੂੰ ਤਾਰ-ਪੀਡੋ ਕਰਨ ਲਈ ਯੂਨੀਵਰਸਿਟੀ ਅਤੇ ਰਾਜਨੀਤਿਕ ਦਬਾਅ ਹੇਠਾਂ ਡੀਐਸਓ ਅਤੇ ਪੀਐਸਯੂ ਦੇ ਮੂਹਰਲੀ ਕਤਾਰ ਦੇ 13 ਕਾਰਕੁੰਨਾਂ ਤੇ ਸਾਜਿਸ਼ ਤਹਿਤ ਪਰਚੇ ਦਰਜ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਅਮਿਤੋਜ ਯੂਕੋ, ਵਿਕਰਮ ਸਿੰਘ, ਅਮਰਜੀਤ ਸਿੰਘ, ਅਮਨਦੀਪ ਸਿੰਘ, ਗਗਨਦੀਪ ਸਿੰਘ, ਕਿਰਨ, ਅਮਨਦੀਪ ਸਿੰਘ, ਜਗਤਾਰ ਸਿੰਘ, ਗੁਰਵਿੰਦਰ ਸਿੰਘ, ਬਲਕਾਰ ਸਿੰਘ, ਜਗਜੀਤ ਸਿੰਘ, ਗੁਰਸੇਵਕ ਸਿੰਘ, ਆਦਿ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਪਰਚਿਆਂ ਤੋਂ ਡਰਨ ਦੀ ਥਾਂ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।