ਕਈ ਥਾਵਾਂ ‘ਤੇ ਪੈਰਾਮਿਲਟਰੀ ਫੋਰਸ ਨੇ ਸੰਭਾਲੀ ਡਿਊਟੀ, ਸਖਤ ਸੁਰਖਿਆ ਇੰਤਜਾਮ | Election
ਚੰਡੀਗੜ੍ਹ (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ)। ਪੰਜਾਬ ਵਿੱਚ ਹੋਣ ਜਾ ਰਹੀਆਂ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦਾ ਪ੍ਰਚਾਰ ਸੋਮਵਾਰ ਸ਼ਾਮ ਨੂੰ ਬੰਦ ਹੋ ਗਿਆ ਹੈ, ਇਸ ਨਾਲ ਹੀ ਪੰਜਾਬ ਭਰ ਦੇ ਸਾਰੇ ਜਿਲ੍ਹਿਆਂ ਵਿੱਚ ਧਾਰਾ 144 ਲਗਾਉਂਦੇ ਹੋਏ 5 ਜਾਂ ਫਿਰ ਇਸ ਤੋਂ ਜਿਆਦਾ ਵਿਅਕਤੀਆਂ ਦੇ ਇਕੱਠਾ ਹੋਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਭਲਕੇ 19 ਸਤੰਬਰ ਦਿਨ ਬੁੱਧਵਾਰ ਨੂੰ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਲਈ ਚੋਣਾਂ ਹੋਣਗੀਆਂ ਜਿਨ੍ਹਾਂ ਸਬੰਧੀ ਸਾਰੇ ਜਿਲ੍ਹਾ ਪ੍ਰਸ਼ਾਸਨ ਨੇ ਤਿਆਰੀਆਂ ਮੁਕੰਮਲ ਕਰਦੇ ਹੋਏ ਸਖ਼ਤ ਸੁਰੱਖਿਆ ਇੰਤਜਾਮ ਕਰ ਲਏ ਹਨ। ਇਸ ਨਾਲ ਹੀ ਪੰਜਾਬ ਦੇ ਕਈ ਜਿਲ੍ਹੇ ਪੈਰਾਮਿਲਟਰੀ ਫੋਰਸ ਦੇ ਹਵਾਲੇ ਕਰ ਦਿੱਤੇ ਗਏ ਹਨ ਤਾਂ ਕਿ ਇਨ੍ਹਾਂ ਚੋਣਾਂ ਵਿੱਚ ਕਿਸੇ ਵੀ ਤਰ੍ਹਾਂ ਹਿੰਸਾ ਨਾ ਹੋਵੇ।
ਜਾਣਕਾਰੀ ਅਨੁਸਾਰ ਪੰਜਾਬ ਵਿੱਚ ਬੁੱਧਵਾਰ ਨੂੰ 22 ਜਿਲ੍ਹਾ ਪਰੀਸ਼ਦ ਅਤੇ 150 ਤੋਂ ਜਿਆਦਾ ਬਲਾਕ ਸੰਮਤੀਆਂ ਦੀਆਂ ਚੋਣਾਂ ਹੋਣ ਜਾ ਰਹੀਆ ਹਨ। ਇਨਾਂ ਚੋਣਾਂ ਵਿੱਚ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਲੋਂ ਕਈ ਥਾਂਵਾ ‘ਤੇ ਬਾਈਕਾਟ ਕੀਤਾ ਹੋਇਆ ਹੈ ਤਾਂ ਕਈ ਥਾਂਵਾਂ ‘ਤੇ ਇਨ੍ਹਾਂ ਦੀ ਪਾਰਟੀਆਂ ਦੇ ਉਮੀਦਵਾਰਾਂ ਦੇ ਕਾਗਜ਼ ਹੀ ਰੱਦ ਕਰ ਦਿੱਤੇ ਗਏ ਸਨ, ਜਿਸ ਕਾਰਨ ਕੁਝ ਜਿਲ੍ਹਾਂ ਪਰੀਸ਼ਦ ਅਤੇ ਬਲਾਕ ਸੰਮਤੀਆਂ ਵਿੱਚ ਚੋਣ ਤੱਕ ਨਹੀਂ ਹੋਣ ਜਾ ਰਹੀ ਹੈ।