ਮੈਨੇਜਮੈਂਟ ਨਾਲ ਹੋਈ ਗੱਲਬਾਤ ਟੁੱਟੀ
ਬਿਜਲੀ ਕਾਮੇ 26 ਸਤੰਬਰ ਨੂੰ ਕਰਨਗੇ ਇੱਕ ਰੋਜ਼ਾ ਸੂਬਾ ਪੱਧਰੀ ਹੜਤਾਲ
ਪਟਿਆਲਾ, ਸੱਚ ਕਹੂੰ ਨਿਊਜ
ਪਟਿਆਲਾ, ਸੰਗਰੂਰ, ਬਰਨਾਲਾ, ਰੋਪੜ, ਮੋਹਾਲੀ, ਖੰਨਾ ਸਰਕਲ, ਬਠਿੰਡਾ ਥਰਮਲ, ਰੋਪੜ ਥਰਮਲ ਤੇ ਹਾਈਡਲ ਜੋਨ ਦੇ ਹਜ਼ਾਰਾਂ ਬਿਜਲੀ ਕਾਮਿਆਂ ਨੇ ਬਿਜਲੀ ਨਿਗਮ ਦੇ ਮੁੱਖ ਦਫਤਰ ਦੇ ਤਿੰਨਾਂ ਗੇਟਾਂ ‘ਤੇ ਸਵੇਰੇ ਤਿੰਨ ਘੰਟੇ ਤੱਕ ਬਿਜਲੀ ਨਿਗਮ ਦੀ ਮੈਨੇਜਮੈਂਟ ਵਿਰੁੱਧ ਕਾਲੇ ਝੰਡਿਆਂ ਨਾਲ ਰੋਸ ਵਿਖਾਵਾ ਕੀਤਾ। ਇਸ ਚੱਲ ਰਹੇ ਰੋਸ ਵਿਖਾਵੇ ਦੌਰਾਨ ਬਿਜਲੀ ਨਿਗਮ ਦੀ ਮੈਨੇਜਮੈਂਟ ਨੇ ਪੀਐੱਸਈਬੀ ਇੰਪਲਾਈਜ਼ ਜੁਆਇੰਟ ਫੋਰਮ ਨੂੰ ਮੀਟਿੰਗ ਦਿੱਤੀ, ਜੋ ਬਿਨਾਂ ਕਿਸੇ ਸਿੱਟੇ ਤੋਂ ਟੁੱਟ ਗਈ।
ਇਸ ਮੀਟਿੰਗ ਵਿੱਚ ਮੈਨੇਜਮੈਂਟ ਵੱਲੋਂ ਆਰ. ਪੀ. ਪਾਂਡਵ ਡਾਇਰੈਕਟਰ ਪ੍ਰਬੰਧਕੀ, ਇੰਜੀ. ਓ. ਪੀ. ਗਰਗ ਡਾਇਰੈਕਟਰ ਵਣਜ, ਜਤਿੰਦਰਪਾਲ ਗੋਇਲ ਡਾਇਰੈਕਟਰ ਵਿੱਤ, ਇੰਜੀ. ਜਸਵਿੰਦਰ ਪਾਲ ਮੁੱਖ ਇੰਜੀਨੀਅਰ ਐਚ. ਆਰ. ਡੀ., ਬੀ. ਐੱਸ. ਗੁਰਮ ਡਿਪਟੀ ਸਕੱਤਰ ਕਿਰਤ ਤੇ ਭਲਾਈ, ਇੰਜੀ. ਗੁਰਬਖਸ਼ ਸਿੰਘ ਉਪ ਮੁੱਖ ਇੰਜੀਨੀਅਰ ਆਦਿ ਅਧਿਕਾਰੀ ਤੇ ਜੁਆਇੰਟ ਫੋਰਮ ਵੱਲੋਂ ਸਰਵ ਸ੍ਰੀ ਕਰਮਚੰਦ ਭਾਰਦਵਾਜ, ਰਣਬੀਰ ਪਾਤੜਾਂ, ਹਰਮੇਸ਼ ਧੀਮਾਨ, ਹਰਭਜਨ ਸਿੰਘ, ਬ੍ਰਿਜ ਲਾਲ ਆਦਿ ਸਾਥੀ ਸ਼ਾਮਲ ਹੋਏ।
ਇਸ ਮੌਕੇ ਮੀਟਿੰਗ ‘ਚੋਂ ਪੀਐੱਸਈਬੀ ਇੰਪਲਾਈਜ ਜੁਆਇੰਟ ਫੋਰਮ ਦੇ ਆਗੂਆਂ ਨੇ ਰੋਸ ਵਜੋਂ ਵਾਕਆਊਟ ਕਰਨ ਉਪਰੰਤ ਦੱਸਿਆ ਕਿ ਜਿੱਥੇ ਪਿਛਲੀ ਮੀਟਿੰਗ ‘ਚ ਬਿਜਲੀ ਨਿਗਮ ਦੇ ਚੇਅਰਮੈਨ ਤੇ ਡਾਇਰੈਕਟਰ ਪ੍ਰਬੰਧਕੀ ਜਿਨ੍ਹਾਂ ਨਾਲ ਮੁਲਾਜ਼ਮ ਮੰਗਾਂ ‘ਤੇ 30 ਜੂਨ 2018 ਦੀ ਮੀਟਿੰਗ ‘ਚ ਸਹਿਮਤੀ ਬਣੀ ਸੀ, ਉਨ੍ਹਾਂ ਦੀ ਮੀਟਿੰਗ ਵਿੱਚ ਗੈਰ ਹਾਜ਼ਰੀ ਮੈਨੇਜਮੈਂਟ ਦੀ ਗੈਰ ਸੰਜੀਦਗੀ ਦਰਸਾਉਂਦੀ ਹੈ। ਉੱਥੇ ਮੈਨੇਜਮੈਂਟ ਨੇ ਕਿਸੇ ਵੀ ਸਹਿਮਤੀ ਨੂੰ ਲਾਗੂ ਨਹੀਂ ਕੀਤਾ।
ਫੋਰਮ ਦੇ ਸਕੱਤਰ ਕਰਮਚੰਦ ਭਾਰਦਵਾਜ ਨੇ ਦੱਸਿਆ ਕਿ ਬਿਜਲੀ ਕਰਮਚਾਰੀਆਂ ਦੀਆਂ ਮੰਨੀਆਂ ਮੰਗਾਂ ਸਬੰਧੀ ਤੇ ਬਣੀਆਂ ਸਹਿਮਤੀਆਂ ‘ਚੋਂ ਇੱਕ ਵੀ ਸਹਿਮਤੀ ਲਾਗੂ ਨਹੀਂ ਕੀਤੀ, ਸਗੋਂ 23 ਸਾਲ ਦੀ ਸੇਵਾ ਸਬੰਧੀ ਲਾਭ ਦੇਣ ਲਈ ਜੋ ਸਰਕੂਲਰ ਜਾਰੀ ਕੀਤਾ ਗਿਆ ਹੈ ਉਸ ਨਾਲ ਲਾਭ ਦੇਣ ਦੀ ਥਾਂ ਵਿੱਤੀ ਲਾਭ ਖੋਹ ਲਿਆ ਗਿਆ ਹੈ ਤੇ ਗਿਣੀ ਮਿੱਥੀ ਸਾਜਿਸ਼ ਤਹਿਤ ਮੁਲਾਜ਼ਮਾਂ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ‘ਤੇ ਜੁਆਇੰਟ ਫੋਰਮ ਦੇ ਆਗੂਆਂ ਨੇ ਮੀਟਿੰਗ ‘ਚੋਂ ਵਾਕਆਊਟ ਕੀਤਾ ਤੇ ਬਿਜਲੀ ਨਿਗਮ ਦੇ ਮੁੱਖ ਦਫਤਰ ਅੱਗੇ ਮੈਨੇਜਮੈਂਟ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ।
ਇਨ੍ਹਾਂ ਆਗੂਆਂ ਨੇ ਐਲਾਨ ਕੀਤਾ ਕਿ ਮੈਨੇਜਮੈਂਟ ਦੇ ਮੁਲਾਜ਼ਮ ਵਿਰੋਧੀ ਰਵੱਈਏ ਵਿਰੁੱਧ ਪੰਜਾਬ ਦੇ ਹਜ਼ਾਰਾਂ ਬਿਜਲੀ ਕਾਮੇ ਬਿਜਲੀ ਮੰਤਰੀ ਪੰਜਾਬ ਦੇ ਪਿੰਡ ਕਾਂਗੜ ਵਿਖੇ 21 ਸਤੰਬਰ 2018 ਨੂੰ ਰੋਸ ਵਿਖਾਵਾ ਕਰਨਗੇ ਤੇ 26 ਸਤੰਬਰ 2018 ਨੂੰ ਪੰਜਾਬ ਪੱਧਰੀ ਇੱਕ ਰੋਜ਼ਾ ਹੜਤਾਲ ਕੀਤੀ ਜਾਵੇਗੀ। ਬਿਜਲੀ ਕਾਮੇ ਵਰਕ ਟੂ ਰੂਲ ਅਨੁਸਾਰ ਕੰਮ ਤੇ ਸੀਐੱਮਡੀ ਅਤੇ ਸਮੁੱਚੇ ਡਾਇਰੈਕਟਰਜ਼ ਵਿਰੁੱਧ ਫੀਲਡ ਵਿੱਚ ਦੌਰਿਆਂ ਸਮੇਂ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਜਾਰੀ ਰੱਖਣਗੇ।
ਜੇਕਰ ਮੈਨੇਜਮੈਂਟ ਨੇ ਦਿੱਤੇ ਵਿਸ਼ਵਾਸ ਅਨੁਸਾਰ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਫਲਜੀਤ ਸਿੰਘ, ਰਵੇਲ ਸਿੰਘ ਸਹਾਏਪੁਰ, ਸੁਖਦੇਵ ਸਿੰਘ ਰੋਪੜ, ਗੁਰਸੇਵਕ ਸਿੰਘ ਸੰਧੂ, ਹਰਜਿੰਦਰ ਸਿੰਘ ਦੁਧਾਲਾ, ਪਰਮਜੀਤ ਸਿੰਘ ਭੀਖੀ, ਕਮਲਜੀਤ ਸਿੰਘ, ਪਰਮਜੀਤ ਸਿੰਘ ਦਸੂਹਾ, ਕਰਮਚੰਦ ਖੰਨਾ ਆਦਿ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।