ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਪੁਲਿਸ ਮੁਖੀ ਸੁਰੇਸ਼ ਕੁਮਾਰ ਦੇ ਸੇਵਾਕਾਲ ਵਿੱਚ ਕੇਂਦਰ ਸਰਕਾਰ ਨੇ 3 ਮਹੀਨਿਆਂ ਦਾ ਵਾਧਾ ਕਰ ਦਿੱਤਾ ਹੈ, ਜਿਸ ਕਾਰਨ ਹੁਣ 30 ਸਤੰਬਰ ਨੂੰ ਰਿਟਾਇਰ ਹੋ ਰਹੇ ਸੁਰੇਸ਼ ਅਰੋੜਾ 31 ਦਸੰਬਰ ਤੱਕ ਪੰਜਾਬ ਪੁਲਿਸ ਮੁੱਖੀ ਰਹਿਣਗੇ। ਇਸ ਸਮੇਂ ਤੱਕ ਪੰਜਾਬ ਸਰਕਾਰ ਨੂੰ ਨਵਾਂ ਪੰਜਾਬ ਪੁਲਿਸ ਮੁਖੀ ਬਣਾਉਣ ਦੀ ਪ੍ਰਕਿਰਿਆ ਮੁਕੰਮਲ ਕਰਨੀ ਹੋਵੇਗੀ। ਸੁਰੇਸ਼ ਕੁਮਾਰ ਦੇ ਕਾਰਜਕਾਲ ਵਿੱਚ ਵਾਧੇ ਦੇ ਆਦੇਸ਼ ਕੇਂਦਰੀ ਪਰਸੋਨਲ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਹਨ।
ਸੂਬਾ ਸਰਕਾਰਾਂ ਵੱਲੋਂ ਤੈਨਾਤ ਕੀਤੇ ਜਾਣ ਵਾਲੇ ਪੁਲਿਸ ਮੁਖੀਆਂ ਨੂੰ ਤੈਨਾਤ ਕਰਨ ਸਬੰਧੀ ਸੁਪਰੀਮ ਕੋਰਟ ਵੱਲੋਂ ਆਏ ਨਵੇਂ ਆਦੇਸ਼ਾਂ ਸਬੰਧੀ ਸੂਬਾ ਸਰਕਾਰ ਭੰਬਲਭੂਸੇ ਦਾ ਸ਼ਿਕਾਰ ਹੋ ਰਹੀ ਸੀ, ਜਿਸ ਕਾਰਨ ਸੂਬਾ ਸਰਕਾਰ ਨੇ ਕੇਂਦਰ ਸਰਕਾਰ ਤੋਂ ਸੁਰੇਸ਼ ਅਰੋੜਾ ਦੇ ਸੇਵਾ ਕਾਲ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਸੀ ਤਾਂ ਕਿ ਉਨਾਂ ਵਲੋਂ ਇਸ ਮਾਮਲੇ ਵਿੱਚ ਡੁੰਘਾਈ ਨਾਲ ਸਮਝਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇ। ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਹੁਣ ਸੂਬਾ ਸਰਕਾਰਾਂ ਨੂੰ ਆਪਣਾ ਡੀਜੀਪੀ ਸਿੱਧਾ ਲਗਾਉਣ ਦਾ ਕੋਈ ਅਧਿਕਾਰ ਨਹੀਂ ਹੈ ਅਤੇ ਇਸ ਸਬੰਧੀ ਯੂ.ਪੀ.ਐਸ.ਸੀ. ਨੂੰ ਪੈਨਲ ਭੇਜਣਾ ਪਏਗਾ ਅਤੇ ਇਸ 3 ਮੈਂਬਰੀ ਪੈਨਲ ਵਿੱਚੋਂ ਹੀ ਇੱਕ ਅਧਿਕਾਰੀ ਨੂੰ ਡੀਜੀਪੀ ਲਗਾਉਣ ਦੇ ਆਦੇਸ਼ ਯੂ.ਪੀ.ਐਸ.ਸੀ. ਵਲੋਂ ਜਾਰੀ ਕੀਤੇ ਜਾਣਗੇ।
ਪਿਛਲੀ 10 ਅਗਸਤ ਨੂੰ ਪੰਜਾਬ ਸਰਕਾਰ ਨੇ ਇਸ ਫੈਸਲੇ ਦੇ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਜਾਣ ਸਬੰਧੀ ਵੀ ਕਿਹਾ ਸੀ ਕਿਉਂਕਿ ਇਸ ਨਾਲ ਸੂਬਾ ਸਰਕਾਰਾਂ ਦੇ ਕੰਮਕਾਜ ਵਿੱਚ ਪਰੇਸ਼ਾਨੀ ਆਏਗੀ। ਮੁੱਖ ਮੰਤਰੀ ਦਫ਼ਤਰ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਬੀਤੇ ਕੁਝ ਦਿਨਾਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਗਈ ਸੀ। ਜਿੱਥੇ ਕਿ ਇਸ ਸਬੰਧੀ ਗੱਲਬਾਤ ਕੀਤੀ ਗਈ, ਜਿਸ ਤੋਂ ਬਾਅਦ ਇਹ ਸਾਫ਼ ਹੋ ਗਿਆ ਸੀ ਕਿ ਸੁਰੇਸ ਅਰੋੜਾ ਦੇ ਕਾਰਜਕਾਲ ਵਿੱਚ ਵਾਧਾ ਹੋ ਜਾਏਗਾ ਪਰ ਵਾਧਾ ਇੱਕ ਸਾਲ ਲਈ ਹੋਵੇਗਾ ਜਾਂ ਫਿਰ ਤਿੰਨ ਮਹੀਨੇ ਲਈ ਹੋਵੇਗਾ, ਇਸ ਸਬੰਧੀ ਸਪਸ਼ਟ ਜਾਣਕਾਰੀ ਨਹੀਂ ਮਿਲ ਰਹੀਂ ਸੀ। ਹੁਣ ਸੁਰੇਸ਼ ਅਰੋੜਾ ਦੇ ਸੇਵਾਕਾਲ ਵਿੱਚ ਵਾਧਾ ਹੋਣ ਤੋਂ ਬਾਅਦ ਪੰਜਾਬ ਸਰਕਾਰ ਕੋਲ 3 ਮਹੀਨੇ ਦਾ ਸਮਾਂ ਹੈ, ਜਿਸ ਦਰਮਿਆਨ ਉਨ੍ਹਾਂ ਵੱਲੋਂ ਆਪਣੇ ਨਵੇਂ ਡੀਜੀਪੀ ਦੀ ਚੋਣ ਕਰਨ ਲਈ ਯੂ.ਪੀ.ਐਸ.ਸੀ. ਨੂੰ ਪੈਨਲ ਭੇਜਿਆ ਜਾ ਸਕਦਾ ਹੈ।