ਅਦਾਲਤ ਨੇ ਕਿਹਾ ਕਿਉਂ ਨਾ ਤੁਹਾਨੂੰ ਸਖ਼ਤ ਸਜ਼ਾ ਸੁਣਾਈ ਜਾਵੇ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਵਿਵਾਦਾਂ ਵਿੱਚ ਰਹਿਣ ਵਾਲੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਸੁਪਰੀਮ ਕੋਰਟ ਨੇ ਵੱਡਾ ਝਟਕਾ ਦਿੰਦੇ ਹੋਏ, ਉਨ੍ਹਾਂ ਖ਼ਿਲਾਫ਼ ਰੋਡਰੇਜ ਦਾ ਉਹ ਪੁਰਾਣਾ ਮਾਮਲਾ ਮੁੜ ਤੋਂ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ, ਜਿਸ ਵਿੱਚ ਉਨ੍ਹਾਂ ਨੂੰ ਕੁਝ ਹਫ਼ਤੇ ਪਹਿਲਾਂ ਰਾਹਤ ਮਿਲੀ ਸੀ ਅਤੇ ਨਵਜੋਤ ਸਿੱਧੂ ਨੇ ਸ਼ੁਕਰ ਮਨਾਇਆ ਸੀ ਕਿ ਉਹ ਵੱਡੇ ਖ਼ਤਰੇ ਤੋਂ ਬਚ ਗਏ ਹਨ, ਪਰ ਹੁਣ ਜੇਕਰ ਉਨ੍ਹਾਂ ਖ਼ਿਲਾਫ਼ ਫੈਸਲਾ ਆਇਆ ਤਾਂ ਉਨ੍ਹਾਂ ਨੂੰ ਜੇਲ੍ਹ ਦੀ ਹਵਾ ਖਾਣੀ ਪੈ ਸਕਦੀ ਹੈ।
ਰੋਡਰੇਜ਼ ਦੇ ਪੁਰਾਣੇ ਮਾਮਲੇ ‘ਚ ਪੀੜਤ ਪਰਿਵਾਰ ਵੱਲੋਂ ਫੈਸਲੇ ਬਾਰੇ ਮੁੜ ਵਿਚਾਰ ਕਰਨ ਸਬੰਧੀ ਪਾਈ ਪਟੀਸ਼ਨ ਨੂੰ ਸਵੀਕਾਰ ਕਰਦਿਆਂ ਸੁਪਰੀਮ ਕੋਰਟ ਦੇ ਬੈਂਚ ਨੇ ਨਵਜੋਤ ਸਿੱਧੂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਕਿ ਉਨ੍ਹਾਂ ਨੂੰ ਇਸ ਤੋਂ ਸਖ਼ਤ ਸਜ਼ਾ ਕਿਉਂ ਨਾ ਦਿੱਤੀ ਜਾਵੇ ਸੁਪਰੀਮ ਕੋਰਟ ਹੁਣ ਇਸ ਗੱਲ ‘ਤੇ ਵਿਚਾਰ ਕਰੇਗੀ ਕਿ ਸਿੱਧੂ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਜਾਵੇ ਜਾਂ ਨਹੀਂ ਦੇਸ਼ ਦੀ ਸਰਵਉੱਚ ਅਦਾਲਤ ਵੱਲੋਂ ਸਿੱਧੂ ਨੂੰ ਜਾਰੀ ਨੋਟਿਸ ਦਾ ਵਿਸ਼ਾ ਸਜ਼ਾ ਬਾਰੇ ਮੁੜ ਵਿਚਾਰ ਲਿਖਿਆ ਗਿਆ ਹੈ, ਜਿਸ ਦਾ ਮਤਲਬ ਹੈ ਕਿ ਗ਼ੈਰ ਇਰਾਦਤਨ ਹੱਤਿਆ (ਧਾਰਾ 304) ਮਾਮਲੇ ਵਿੱਚ ਸੁਣਵਾਈ ਨਹੀਂ ਹੋਵੇਗੀ। ਨਵਜੋਤ ਸਿੱਧੂ ਕੁੱਟਮਾਰ ਕਰਨ (ਧਾਰਾ 323) ਮਾਮਲੇ ਵਿੱਚ ਮੁਲਜ਼ਮ ਹਨ ਅਤੇ ਇਨ੍ਹਾਂ ਵਿੱਚ ਹੀ ਸਜ਼ਾ ਵਧਾਏ ਜਾਣ ‘ਤੇ ਸੁਣਵਾਈ ਹੋਵੇਗੀ। ਜ਼ਿਕਰਯੋਗ ਹੈ ਕਿ ਧਾਰਾ 323 ਵਿੱਚ ਵੱਧ ਤੋਂ ਵੱਧ ਇੱਕ ਸਾਲ ਦੀ ਸਜ਼ਾ ਹੋ ਸਕਦੀ ਹੈ।
ਜਾਣਕਾਰੀ ਅਨੁਸਾਰ 1988 ਵਿੱਚ ਪਟਿਆਲਾ ਵਿਖੇ ਸ਼ੇਰਾਂ ਵਾਲਾ ਚੌਂਕ ਦੇ ਨੇੜੇ ਗੱਡੀ ਪਾਰਕ ਕਰਨ ਦੇ ਮਾਮਲੇ ‘ਚ ਨਵਜੋਤ ਸਿੱਧੂ ਨੇ ਕਥਿਤ ਤੌਰ ‘ਤੇ ਗ਼ੁੱਸੇ ਵਿੱਚ ਆ ਕੇ ਇੱਕ ਬਜ਼ੁਰਗ ਨੂੰ ਮੁੱਕਾ ਮਾਰ ਦਿੱਤਾ ਸੀ, ਜਿਸ ਤੋਂ ਬਾਅਦ ਬਜ਼ੁਰਗ ਦੀ ਮੌਤ ਹੋ ਗਈ ਸੀ ਅਤੇ ਇਸ ਮਾਮਲੇ ਵਿੱਚ ਹੇਠਲੀ ਅਦਾਲਤ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਇਹ ਮਾਮਲਾ ਚਲਦਾ ਰਿਹਾ ਹੈ। ਇਸ ਮਾਮਲੇ ਵਿੱਚ ਸਜਾ ਹੋਣ ਤੋਂ ਬਾਅਦ ਨਵਜੋਤ ਸਿੱਧੂ ਨੂੰ ਬਤੌਰ ਸੰਸਦ ਮੈਂਬਰ ਅਸਤੀਫ਼ਾ ਵੀ ਦੇਣਾ ਪਿਆ ਸੀ। ਪਿਛਲੀ 15 ਮਈ ਨੂੰ ਸੁਪਰੀਮ ਕੋਰਟ ਵਲੋਂ ਮ੍ਰਿਤਕ ਗੁਰਨਾਮ ਸਿੰਘ ਦੀ ਮੌਤ ਦਾ ਦੋਸ਼ੀ ਨਵਜੋਤ ਸਿੱਧੂ ਨੂੰ ਨਾਠਹਿਰਾਉਂਦੇ ਹੋਏ ਸਿਰਫ਼ 1 ਹਜ਼ਾਰ ਰੁਪਏ ਜੁਰਮਾਨਾ ਕੀਤਾ ਸੀ। ਜਿਸ ਤੋਂ ਬਾਅਦ ਮ੍ਰਿਤਕ ਗੁਰਨਾਮ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਇਸ ਮਾਮਲੇ ਵਿੱਚ ਅਪੀਲ ਦਾਇਰ ਕਰਕੇ ਮੁੜ ਤੋਂ ਸੁਣਵਾਈ ਕਰਨ ਦੀ ਬੇਨਤੀ ਕੀਤੀ ਸੀ। ਜਿਸ ਤੋਂ ਬਾਅਦ ਸੁਪਰੀਮ ਕੋਰਟ ਮੁੜ ਤੋਂ ਇਸ ਮਾਮਲੇ ਵਿੱਚ ਸੁਣਵਾਈ ਕਰਨ ਲਈ ਤਿਆਰ ਹੋ ਗਿਆ ਹੈ ਅਤੇ ਨਵਜੋਤ ਸਿੱਧੂ ਨੂੰ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ।
ਜਿਸ ਕਾਰਨ ਹੁਣ ਨਵਜੋਤ ਸਿੱਧੂ ਲਈ ਮੁੜ ਤੋਂ ਖਤਰਾ ਪੈਦਾ ਹੋ ਗਿਆ ਹੈ, ਕਿਉਂਕਿ ਜੇਕਰ ਇਸ ਮਾਮਲੇ ਵਿੱਚ ਹੁਣ ਉਨ੍ਹਾਂ ਦੇ ਖ਼ਿਲਾਫ਼ ਫੈਸਲਾ ਆ ਜਾਂਦਾ ਹੈ ਤਾਂ ਉਨਾਂ ਨੂੰ ਆਪਣੀ ਕੈਬਨਿਟ ਦੀ ਕੁਰਸੀ ਨੂੰ ਛੱਡਦੇ ਹੋਏ ਜੇਲ੍ਹ ਜਾਣਾ ਪੈ ਸਕਦਾ ਹੈ।
ਜਿਸ ਦਾ ਪਿਤਾ ਮਾਰਿਆ ਜਾਵੇ ਉਸ ਬੱਚੇ ‘ਤੇ ਕੀ ਬੀਤਦੀ ….
15 ਮਈ 2018 ਨੂੰ 30 ਸਾਲ ਪੁਰਾਣੇ ਰੋਡਰੇਜ ਮਾਮਲੇ ਦਾ ਫੈਸਲਾ ਸੁਣਾਉਂਦਿਆ ਸੁਪਰੀਮ ਕੋਰਟ ਵੱਲੋਂ ਨਵਜੋਤ ਸਿੱਧੂ ਨੂੰ ਇੱਕ ਹਜਾਰ ਰੁਪਏ ਜ਼ੁਰਮਾਨਾ ਕੀਤਾ ਗਿਆ ਸੀ। ਇਸ ਫੈਸਲੇ ‘ਤੇ ਮ੍ਰਿਤਕ ਗੁਰਨਾਮ ਸਿੰਘ ਦਾ ਪਰਿਵਾਰ ਦੁਖੀ ਸੀ। ਉਨ੍ਹਾਂ ਦੇ ਪੁੱਤਰ ਨਰਦੇਵ ਇੰਦਰ ਸਿੰਘ ਦਾ ਇਸ ਮੌਕੇ ਕਹਿਣਾ ਸੀ ਕਿ ਜਿਸਦਾ ਪਿਤਾ ਮਾਰਿਆ ਜਾਵੇ, ਉਸ ਬੱਚੇ ‘ਤੇ ਕੀ ਬੀਤਦੀ ਹੈ, ਇਹ ਉਸ ਨੂੰ ਹੀ ਪਤਾ ਹੁੰਦਾ ਹੈ ਉਸਨੇ ਕਿਹਾ ਕਿ ਉਸਦੇ ਪਿਤਾ ਦੀ ਮੌਤ ਤੋਂ ਬਾਅਦ ਜੋ ਸੰਤਾਪ ਉਹਨਾਂ ਭੋਗਿਆ ਹੈ, ਉਹ ਹੀ ਜਾਣਦਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਪਿਤਾ ਦੇ ਇਨਸਾਫ਼ ਦੀ ਲੜਾਈ ਲੜ ਰਹੇ ਹਨ।