ਮਾਨਸਾ (ਸੱਚ ਕਹੂੰ ਨਿਊਜ਼)। ਏਸ਼ੀਆਈ ਖੇਡਾਂ ‘ਚੋਂ ਭਾਰਤੀ ਦਲ ਦੀਆਂ ਕਈ ਖਿਡਾਰਨਾਂ ਤਮਗੇ ਜਿੱਤ ਕੇ ਪਰਤੀਆਂ ਹਨ ਇਨ੍ਹਾਂ ਖਿਡਾਰਨਾਂ ਦੇ ਤਮਗਿਆਂ ਨੇ ਉਨ੍ਹਾਂ ਮਾਪਿਆਂ ਦੀਆਂ ਅੱਖਾਂ ਖੋਲ੍ਹੀਆਂ ਨੇ ਜੋ ਧੀਆਂ ਨੂੰ ਖੇਡਣ ਭੇਜਣ ਤਾਂ ਦੂਰ ਜੰਮਣੋਂ ਵੀ ਡਰਦੇ ਨੇ ਜਿੱਤ ਮਗਰੋਂ ਦੇਸ਼ ਪਰਤੀਆਂ ਇਨ੍ਹਾਂ ਖਿਡਾਰਨਾਂ ਦੇ ਚਹੁੰ ਪਾਸੇ ਹੋ ਰਹੇ ਸਵਾਗਤ ਨੇ ਦਰਸਾ ਦਿੱਤਾ ਹੈ ਕਿ ਜੇ ਮੌਕੇ ਮਿਲਣ ਤਾਂ ਧੀਆਂ ਵੀ ਮਾਪਿਆਂ ਦਾ ਨਾਂਅ ਚਮਕਾ ਸਕਦੀਆਂ ਹਨ ਜ਼ਿਲ੍ਹਾ ਮਾਨਸਾ ਦੇ ਪਿੰਡ ਕਾਸਿਮਪੁਰ ਛੀਨਾ ਦੀ ਕਬੱਡੀ ਖਿਡਾਰਨ ਮਨਪ੍ਰੀਤ ਕੌਰ ਨੇ ਵੀ ਧੀਆਂ ਨੂੰ ਵੱਧ ਤੋਂ ਵੱਧ ਮੌਕੇ ਦੇਣ ਦਾ ਸੁਨੇਹਾ ਦਿੱਤਾ ਹੈ।
ਨੈਸ਼ਨਲ ਸਟਾਈਲ ਕਬੱਡੀ ਮੁਕਾਬਲਿਆਂ ‘ਚੋਂ ਭਾਰਤ ਦੀ ਝੋਲੀ ਚਾਂਦੀ ਦਾ ਤਮਗਾ ਪਾਉਣ ਵਾਲੀ ਮਨਪ੍ਰੀਤ ਕੌਰ ਨੇ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਅਜਿਹੀ ਗੱਲ ਨਹੀਂ ਹੈ ਕਿ ਧੀਆਂ ਮਾਪਿਆਂ ਦਾ ਨਾਂਅ ਰੌਸ਼ਨ ਨਹੀਂ ਕਰ ਸਕਦੀਆਂ ਪਰ ਜ਼ਰੂਰਤ ਧੀਆਂ ਨੂੰ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ ਦੀ ਹੁੰਦੀ ਹੈ ਉਨ੍ਹਾਂ ਆਪਣੀ ਹੀ ਉਦਾਹਰਨ ਦਿੰਦਿਆਂ ਆਖਿਆ ਕਿ ਅੱਜ ਸਭ ਦੇ ਸਾਹਮਣੇ ਹੈ ਕਿ ਜੇਕਰ ਉਸਦੇ ਮਾਪਿਆਂ ਨੇ ਮੌਕੇ ਦਿੱਤੇ ਤਾਂ ਉਹ ਦੇਸ਼ ਲਈ ਏਸ਼ੀਆਈ ਖੇਡਾਂ ‘ਚੋਂ ਚਾਂਦੀ ਤਗਮਾ ਲੈ ਕੇ ਆਈ ਹੈ ਮਨਪ੍ਰੀਤ ਨੇ ਦੱਸਿਆ ਕਿ ਉਸ ਦੇ ਮਾਪੇ ਹਮੇਸ਼ਾ ਇਹੋ ਕਹਿੰਦੇ ਕਿ ਉਹ ਪੜ੍ਹੇ ਵੀ ਤੇ ਖੇਡੇ ਵੀ ਪਰ ਕਾਮਯਾਬੀ ਜ਼ਰੂਰ ਚਾਹੀਦੀ ਹੈ ਭਾਵੇਂ ਹੀ ਕੁੱਝ ਲੱਤ ਖਿਚਾਈ ਵਾਲੇ ਲੋਕ ਉਸਦੇ ਖੇਡ ਕੈਰੀਅਰ ਦੀ ਸ਼ੁਰੂਆਤ ਵੇਲੇ ਗਲਤ ਸੋਚਦੇ ਰਹੇ ਹੋਣਗੇ ।
ਪਰ ਅੱਜ ਉਸਦੀ ਪ੍ਰਾਪਤੀ ਸਦਕਾ ਪੂਰਾ ਪਿੰਡ ਮਾਣ ਮਹਿਸੂਸ ਕਰ ਰਿਹਾ ਹੈ ਮਨਪ੍ਰੀਤ ਨੇ ਆਪਣੇ ਟੀਚੇ ਸਬੰਧੀ ਪੁੱਛਣ ‘ਤੇ ਦੱਸਿਆ ਕਿ ਉਹ ਅਗਲੀਆਂ ਏਸ਼ੀਆਈ ਖੇਡਾਂ ‘ਚੋਂ ਸੋਨ ਤਗਮਾ ਜਿੱਤ ਕੇ ਅਰਜਨ ਐਵਾਰਡ ਹਾਸਲ ਕਰਨਾ ਚਾਹੁੰਦੀ ਹੈ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਇਨਾਮੀ ਰਾਸ਼ੀ ਸਬੰਧੀ ਪੁੱਛੇ ਜਾਣ ‘ਤੇ ਮਨਪ੍ਰੀਤ ਕੌਰ ਨੇ ਆਖਿਆ ਕਿ ਉਸਦਾ ਤਾਂ ਹਾਲੇ ਨਵੰਬਰ 2017 ‘ਚ ਇਰਾਨ ਵਿਖੇ ਹੋਈ ਏਸ਼ੀਆਈ ਚੈਂਪੀਅਨਸ਼ਿਪ ਦਾ ਇਨਾਮ ਵੀ ਪੰਜਾਬ ਸਰਕਾਰ ਵੱਲ ਬਕਾਇਆ ਪਿਆ ਹੈ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੂੰ ਬਾਕੀ ਖਿਡਾਰੀਆਂ ਦੀ ਤਰ੍ਹਾਂ ਉਸ ਨੂੰ ਵੀ ਇਨਾਮ ਦੇਣਾ ਚਾਹੀਦਾ ਹੈ।
ਕਿਉਂਕਿ ਭਾਵੇਂ ਹੀ ਉਹ ਰਾਜਸਥਾਨ ‘ਚ ਨੌਕਰੀ ਕਰਦੀ ਹੈ ਪਰ ਉਹ ਪੰਜਾਬ ਦੇ ਰਿਹਾਇਸ਼ੀ ਖੇਤਰ ਨਾਲ ਸਬੰਧਿਤ ਹੈ ਜ਼ਿਕਰਯੋਗ ਹੈ ਕਿ ਪਿਤਾ ਹਰਦੀਪ ਸਿੰਘ ਤੇ ਮਾਤਾ ਪਰਮਿੰਦਰ ਕੌਰ ਦੇ ਘਰ ਜਨਮੀ ਮਨਪ੍ਰੀਤ ਕੌਰ ਨੇ ਆਪਣੇ ਖੇਡ ਕੈਰੀਅਰ ਦੀ ਸ਼ੁਰੂਆਤ ਪਿੰਡ ਕਾਸਿਮਪੁਰ ਛੀਨਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਮਾ. ਜਸਵਿੰਦਰ ਸਿੰਘ ਲਾਲੀ ਦੀ ਅਗਵਾਈ ‘ਚ ਕੀਤੀ ਸੀ ਮਨਪ੍ਰੀਤ ਕੌਰ ਨੇ ਪੰਜਾਬੀ ਯੂਨੀਵਰਸਿਟੀ ਵੱਲੋਂ ਖੇਡਦਿਆਂ ਲਗਾਤਾਰ 3 ਸਾਲ ਕੁੱਲ ਹਿੰਦ ਅੰਤਰਵਰਸਿਟੀ ਮੁਕਾਬਲਿਆਂ ‘ਚੋਂ ਕਾਂਸੀ ਦੇ ਤਗਮੇ ਜਿੱਤੇ ਇਸ ਤੋਂ ਇਲਾਵਾ ਸਰਕਲ ਸਟਾਈਲ ਦੇ ਵਿਸ਼ਵ ਕਬੱਡੀ ਕੱਪ ‘ਚ ਵੀ ਜਾਫੀ ਵਜੋਂ ਹਿੱਸਾ ਲਿਆ ਸੀ ਮਨਪ੍ਰੀਤ ਕੌਰ ਇਸ ਵੇਲੇ ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿਖੇ ਸਬ ਇੰਸਪੈਕਟਰ ਵਜੋਂ ਸੇਵਾਵਾਂ ਨਿਭਾਅ ਰਹੀ ਹੈ।