ਹਲਕਾ ਬੱਲੂਆਣਾ ਦੇ ਵਿਧਾਇਕ ਨੱਥੂ ਰਾਮ ਨੇ ਕਾਂਗਰਸ ਪ੍ਰਧਾਨ ‘ਤੇ ਲਾਇਆ ਹਲਕੇ ‘ਚ ਦਖ਼ਲਅੰਦਾਜ਼ੀ ਕਰਨ ਦਾ ਦੋਸ਼
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਖ਼ਿਲਾਫ਼ ਕਾਂਗਰਸੀ ਵਿਧਾਇਕ ਨੱਥੂ ਰਾਮ ਹੁਣ ਕਾਂਗਰਸ ਹਾਈ ਕਮਾਨ ਕੋਲ ਜਾਣ ਦੀ ਤਿਆਰੀ ਵਿੱਚ ਹਨ ਤਾਂ ਕਿ ਉਨ੍ਹਾਂ ਦੇ ਹਲਕੇ ਬੱਲੂਆਣਾ ਵਿੱਚ ਨਾ ਸਿਰਫ਼ ਸੁਨੀਲ ਜਾਖੜ, ਸਗੋਂ ਉਨ੍ਹਾਂ ਦੇ ਕਰੀਬੀ ਸਾਥੀਆਂ ਦੀ ਦਖਲ ਅੰਦਾਜ਼ੀ ਖਤਮ ਹੋ ਸਕੇ। ਨੱਥੂ ਰਾਮ ਵੱਲੋਂ ਆਪਣੀ ਸਾਰੀ ਪ੍ਰੇਸ਼ਾਨੀ ਲਈ ਪੰਜਾਬ ਇੰਚਾਰਜ਼ ਆਸ਼ਾ ਕੁਮਾਰੀ ਨੂੰ ਸਾਰੀ ਜਾਣਕਾਰੀ ਦਿੰਦੇ ਹੋਏ ਆਪਣੀ ਗੱਲ ਕਹਿ ਦਿੱਤੀ ਹੈ, ਜਦੋਂ ਕਿ ਹੁਣ ਉਨ੍ਹਾਂ ਨੇ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਤੋਂ ਵੀ ਮਿਲਣ ਲਈ ਸਮਾਂ ਮੰਗਿਆ ਹੈ।
ਸੁਨੀਲ ਜਾਖੜ ਨੂੰ ਇਹ ਸਾਰਾ ਘਟਨਾਕ੍ਰਮ ਕਾਫ਼ੀ ਜ਼ਿਆਦਾ ਮਹਿੰਗਾ ਪੈ ਸਕਦਾ ਹੈ, ਕਿਉਂਕਿ ਇਸ ਸਾਰੇ ਘਟਨਾਕ੍ਰਮ ਪਿੱਛੇ ਵਿਧਾਇਕ ਨੱਥੂ ਰਾਮ ਐਸ.ਸੀ. ਜਾਤੀ ਤੋਂ ਹੋਣ ਦਾ ਕਾਰਨ ਦੱਸ ਰਹੇ ਹਨ, ਜਿਹੜਾ ਕਿ ਕਾਂਗਰਸ ਲਈ ਪੰਜਾਬ ਵਿੱਚ ਨੁਕਸਾਨ ਦਾਇਕ ਸਾਬਤ ਹੋ ਸਕਦਾ ਹੈ, ਕਿਉਂਕਿ ਪੰਜਾਬ ਵਿੱਚ ਇਸ ਸਮੇਂ 35 ਫੀਸਦੀ ਅਬਾਦੀ ਦਲਿਤਾਂ ਦੀ ਹੈ ਅਤੇ ਵਿਧਾਇਕ ਨੱਥੂ ਰਾਮ ਨੇ ਇਸ ਸਬੰਧੀ ਦੱਸਿਆ ਕਿ ਉਨ੍ਹਾਂ ਨੇ ਸੁਨੀਲ ਜਾਖੜ ਨੂੰ ਪੱਤਰ ਲਿਖਦੇ ਹੋਏ ਆਪਣਾ ਰੋਸ ਜ਼ਾਹਿਰ ਕਰ ਦਿੱਤਾ ਹੈ ਪਰ ਅਜੇ ਤੱਕ ਵੀ ਉਨ੍ਹਾਂ ‘ਤੇ ਹੋ ਰਹੇ ਜਾਤੀਵਾਦ ਦੇ ਹਮਲੇ ਰੁਕ ਨਹੀਂ ਰਹੇ ਹਨ, ਸਗੋਂ ਪਹਿਲਾਂ ਨਾਲੋਂ ਵੀ ਜ਼ਿਆਦਾ ਤੇਜ਼ ਹੋ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪ੍ਰਦੇਸ਼ ਕਾਂਗਰਸ ਇੰਚਾਰਜ ਆਸਾ ਕੁਮਾਰੀ ਨਾਲ ਉਨ੍ਹਾਂ ਦੀ ਗੱਲਬਾਤ ਹੋ ਗਈ ਹੈ ਅਤੇ ਉਨ੍ਹਾਂ ਨੇ ਸਾਰੀ ਗੱਲਬਾਤ ਖੁੱਲ੍ਹ ਕੇ ਦੱਸ ਦਿੱਤੀ ਹੈ। ਨੱਥੂ ਰਾਮ ਨੇ ਦਬੀ ਹੋਈ ਜੁਬਾਨ ਵਿੱਚ ਇਹ ਵੀ ਦੱਸਿਆ ਕਿ ਇਸ ਮਾਮਲੇ ਸਬੰਧੀ ਉਹ ਬਹੁਤ ਹੀ ਜਿਆਦਾ ਗੰਭੀਰ ਹਨ ਅਤੇ ਰਾਹੁਲ ਗਾਂਧੀ ਤੋਂ ਵੀ ਉਨ੍ਹਾਂ ਨੇ ਮਿਲਣ ਦਾ ਸਮਾਂ ਮੰਗਿਆਂ ਹੋਇਆ ਹੈ। ਜਿੱਥੇ ਉਹ ਸਾਰੀ ਗੱਲਬਾਤ ਦੱਸਣਗੇ।
ਇਥੇ ਜਿਕਰਯੋਗ ਹੈ ਕਿ ਨੱੱਥੂ ਰਾਮ ਬੱਲੂਆਣਾ ਦੀ ਐਸ.ਸੀ. ਸੀਟ ਤੋਂ ਵਿਧਾਇਕ ਹਨ ਅਤੇ ਸੁਨੀਲ ਜਾਖੜ ਦਾ ਜੱਦੀ ਸ਼ਹਿਰ ਅਬੋਹਰ ਦਾ ਇਸ ਸੀਟ ‘ਤੇ ਕਾਫ਼ੀ ਜਿਆਦਾ ਅਸਰ ਰਹਿੰਦਾ ਹੈ, ਕਿਉਂਕਿ ਬੱਲੂਆਣਾ ਇੱਕ ਦਿਹਾਤੀ ਸੀਟ ਹੈ, ਇਸ ਤੋਂ ਕੁਝ ਹੀ ਦੂਰੀ ‘ਤੇ ਅਬੋਹਰ ਸ਼ਹਿਰ ਪੈਂਦਾ ਹੈ। ਜਿਸ ਕਾਰਨ ਨੱਥੂ ਰਾਮ ਵਲੋਂ ਬੀਤੇ ਦਿਨੀਂ ਸੁਨੀਲ ਜਾਖੜ ਨੂੰ ਪੱਤਰ ਲਿਖਦੇ ਹੋਏ ਇਸ ਸਬੰਧੀ ਸਾਰਾ ਕੁਝ ਨਾ ਸਿਰਫ਼ ਦੱਸਿਆ ਗਿਆ ਸੀ, ਸਗੋਂ ਉਨਾਂ ਦੇ ਹਲਕੇ ਵਿੱਚ ਹੋ ਰਹੀ ਬੇਲੋੜੀ ਦਖ਼ਲ ਅੰਦਾਜ਼ੀ ਲਈ ਉਨਾਂ ਨੇ ਇਤਰਾਜ਼ ਜ਼ਾਹਿਰ ਕਰਦੇ ਹੋਏ ਅਗਾਂਹ ਤੋਂ ਬੱਲੂਆਣਾ ਵਿਖੇ ਕਾਂਗਰਸ ਦਾ ਕੰਮਕਾਜ ਕਰਨ ਤੋਂ ਸਾਫ਼ ਇਨਕਾਰ ਵੀ ਕਰ ਦਿੱਤਾ ਹੈ।
ਪਹਿਲਾਂ ਹੀ ਦਲਿਤ ਨਰਾਜ਼ ਹਨ ਕਾਂਗਰਸ ਤੋਂ ਹੁਣ ਹੋਰ ਵਧ ਸਕਦੀ ਐ ਨਰਾਜ਼ਗੀ
ਪੰਜਾਬ ਕਾਂਗਰਸ ਅਤੇ ਅਮਰਿੰਦਰ ਸਰਕਾਰ ਤੋਂ ਦਲਿਤ ਵਿਧਾਇਕ ਪਹਿਲਾਂ ਤੋਂ ਹੀ ਨਰਾਜ਼ ਚਲਦੇ ਆ ਰਹੇ ਹਨ। ਇਸ ਸਾਲ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਕੈਬਨਿਟ ਵਿੱਚ ਵਾਧਾ ਕਰਨ ਮੌਕੇ ਦਲਿਤ ਵਿਧਾਇਕਾਂ ਨੇ ਉਨ੍ਹਾਂ ਨੂੰ ਮੰਤਰੀ ਨਾ ਬਣਾਏ ਜਾਣ ‘ਤੇ ਸਖ਼ਤ ਨਾਰਾਜ਼ਗੀ ਜ਼ਾਹਿਰ ਕੀਤੀ ਸੀ। ਨੱਥੂ ਰਾਮ ਤੇ ਇੱਕ ਹੋਰ ਵਿਧਾਇਕ ਨੇ ਆਪਣੀ ਨਾਰਾਜ਼ਗੀ ਜ਼ਾਹਿਰ ਕਰਨ ਲਈ ਪ੍ਰੈੱਸ ਕਾਨਫਰੰਸ ਵੀ ਕਰ ਦਿੱਤੀ ਸੀ। ਹੁਣ ਨੱਥੂ ਰਾਮ ਦੀ ਨਾਰਾਜ਼ਗੀ ਨਾਲ ਹੋਰ ਦਲਿਤ ਵਿਧਾਇਕ ਵੀ ਉਨ੍ਹਾਂ ਖੜ੍ਹ ਸਕਦੇ ਹਨ। ਇਹ ਘਟਨਾਵਾਂ ਥੋੜ੍ਹੇ ਦਿਨਾਂ ਤੱਕ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਕਾਂਗਰਸ ਲਈ ਸਿਰਦਰਦੀ ਬਣ ਸਕਦੀਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।