ਵਿਜੀਲੈਂਸ ਵਿਭਾਗ ਦੀ ਟੀਮ ਨੇ ਕਿਸਾਨਾਂ ਨਾਲ ਕੀਤੀ ਗੱਲਬਾਤ
ਖਨੌਰੀ, (ਬਲਕਾਰ ਸਿੰਘ/ਸੱਚ ਕਹੂੰ ਨਿਊਜ਼)। ਨੇੜਲੇ ਪਿੰਡ ਠਸਕਾ ਤੇ ਨਾਲ ਲੱਗਦੇ ਪਿੰਡਾਂ ‘ਚ ਬੇਮੌਸਮੀ ਮੀਂਹ ਤੇ ਭਾਰੀ ਗੜ੍ਹੇਮਾਰੀ ਕਾਰਨ 2016 ‘ਚ ਹੋਈ ਹਾੜ੍ਹੀ ਦੀ ਫਸਲ ਦੀ ਬਰਬਾਦੀ ਦੇ ਖਰਾਬੇ ਲਈ ਮਿਲੇ ਮੁਆਵਜ਼ੇ ਦੇ ਚੈੱਕਾਂ ‘ਚ ਹੋਈ ਗੜਬੜੀ ਦੀ ਜਾਂਚ ਪੜਤਾਲ ਕਰਨ ਲਈ ਵਿਜੀਲੈਂਸ ਦੀ ਟੀਮ ਵੱਲੋਂ ਪਿੰਡ ਠਸਕਾ ਪਹੁੰਚ ਕੇ ਰਿਕਾਰਡ ਜਾਂਚਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰੀਤੀਪਾਲ ਸਿੰਘ ਐਸ.ਪੀ. ਵਿਜੀਲੈਂਸ ਪਟਿਆਲਾ ਨੇ ਦੱਸਿਆ ਕਿ ਵਿਭਾਗ ਨੂੰ ਰਾਜਵੀਰ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਪਿੰਡ ਠਸਕਾ ਵੱਲੋਂ ਇੱਕ ਸ਼ਿਕਾਇਤ ਮਿਲੀ ਸੀ ਕਿ 2016 ਵਿੱਚ ਹਾੜੀ ਦੀ ਫਸਲ ਬੇਮੌਸਮੀ ਬਰਸਾਤ ਅਤੇ ਭਾਰੀ ਗੜ੍ਹੇਮਾਰੀ ਕਾਰਨ ਬਰਬਾਦ ਹੋ ਗਈ ਸੀ, ਜਿਸ ਵਿੱਚ ਹੋਈ ਗਿਰਦਾਵਰੀ ਮੁਤਾਬਿਕ ਪਿੰਡ ਠਸਕਾ ਵਿੱਚ 700 ਏਕੜ ਫਸਲ ਬਰਬਾਦ ਹੋ ਗਈ ਸੀ, ਜਿਸ ਦੇ ਹਰਜਾਨੇ ਵਜੋਂ ਕਿਸਾਨਾਂ ਨੂੰ 8 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਚੈਕ ਵੰਡੇ ਗਏ। (Compensation)
ਉਨਾਂ੍ਹ ਦੱਸਿਆ ਕਿ ਆਈ ਟੀਮ ਦੇ ਮੈਂਬਰ ਐਸ.ਆਈ. ਜਗਦੀਪ ਸਿੰਘ, ਐਚ. ਸੀ.ਸੁਰਿੰਦਰਪਾਲ ਸਿੰਘ ਸਮੇਤ ਹਲਕਾ ਪਟਵਾਰੀ ਜਸਪਾਲ ਸਿੰਘ ਵੱਲੋਂ ਰਿਕਾਰਡ ਦੀ ਪੂਰੀ ਤਰ੍ਹਾਂ ਜਾਂਚ ਪੜ੍ਹਤਾਲ ਕੀਤੀ ਜਾ ਰਹੀ ਹੈ। ਕਿਸਾਨਾਂ ਨੂੰ ਮੌਕੇ ਬੁਲਾ ਕੇ ਪੁੱਛਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰਿਕਾਰਡ ਵਿੱਚ ਮਿਲਿਆ ਹੈ, ਕਿ ਗਿਰਦਾਵਰੀ ਕਿਸੇ ਹੋਰ ਦੇ ਨਾਂਅ ਹੈ, ਕਾਸ਼ਤਕਾਰ ਕੋਈ ਹੋਰ ਅਤੇ ਚੈਕ ਕਿਸੇ ਹੋਰ ਦੇ ਨਾਂਅ ਕੱਟੇ ਗਏ ਹਨ, ਜਿਨ੍ਹਾਂ ਦੀ ਪੂਰੀ ਜਾਂਚ ਪੜ੍ਹਤਾਲ ਕਰਕੇ ਰਿਪੋਰਟ ਹੈਡ ਕੁਆਟਰ ਨੂੰ ਭੇਜੀ ਜਾਵੇਗੀ। (Compensation)
ਇਹ ਵੀ ਪੜ੍ਹੋ : ਮਦਾਨ ਹਸਪਤਾਲ ’ਚੋਂ ਚੋਰੀ ਕਰਨ ਵਾਲਾ ਨਿਕਲਿਆ ਹਸਪਤਾਲ ਦੇ ਮੈਡੀਕਲ ਸਟੋਰ ਦਾ ਮਾਲਕ
ਇਸ ਮੌਕੇ ਸ਼ਿਕਾਇਤ ਕਰਤਾ ਰਾਜਵੀਰ ਸਿੰਘ ਨੇ ਦੱਸਿਆ ਕਿ ਚੈਕਾਂ ਦੀ ਵੰਡ ਸਮੇਂ ਹੋਈ ਗੜ੍ਹਬੜੀ ਦੀ ਸਿਕਾਇਤ ਡੀ. ਜੀ. ਪੀ. ਵਿਜੀਲੈਂਸ ਪਟਿਆਲਾ ਨੂੰ ਭੇਜੀ ਸੀ ਅਤੇ ਪਿਛਲੇ 2 ਸਾਲਾਂ ਤੋਂ ਮੈਂ ਆਰ.ਟੀ. ਆਈ ਪਾਈ ਹੋਈ ਸੀ। ਇਸ ਸਬੰਧੀ ਅੱਜ ਜਾਂਚ ਕਰਨ ਲਈ ਇਹ ਟੀਮ ਆਈ ਹੋਈ ਹੈ। ਉਨ੍ਹਾਂ ਦੱਸਿਆ ਕਿ 50 ਲੱਖ ਰੁਪਏ ਦੇ ਚੈਕ ਵੰਡੇ ਦਿਖਾਏ ਗਏ ਹਨ ਜਦੋਂ ਕਿ 6 ਲੱਖ ਰੁਪਏ ਦੇ ਚੈੱਕਾਂ ਦਾ ਕੋਈ ਹਿਸਾਬ-ਕਿਤਾਬ ਨਹੀਂ ਦਿਖਾਇਆ ਗਿਆ ਹੈ। ਉਨਾਂ ਕਿਹਾ ਕਿ ਚੈਕਾਂ ਦੀ ਵੰਡ ਵਿੱਚ ਭਾਰੀ ਗੜਬੜੀ ਹੋਈ ਹੈ। ਸਾਨੂੰ ਹੁਣ ਆਸ ਹੋਈ ਹੈ ਕਿ ਇਲਾਕਾ ਨਿਵਾਸੀਆਂ ਨੂੰ ਇਨਸਾਫ ਮਿਲੇਗਾ ਜੋ ਕਿਸਾਨ ਚੈਕਾਂ ਤੋਂ ਵਾਂਝੇ ਰਹਿ ਗਏ ਸਨ ਉਨ੍ਹਾਂ ਵੀ ਪਿਛਲਾ ਹਰਜ਼ਾਨਾ ਮਿਲਣ ਦੀ ਆਸ ਜਾਗੀ ਹੈ। ਇਸ ਮੌਕੇ ਕਮਲ ਸਿੰਘ, ਜੋਗਿੰਦਰ ਸਿੰਘ, ਦੀਦਾਰ ਸਿੰਘ, ਸਾਬਕਾ ਸਰਪੰਚ ਰਾਮਪਾਲ ਸਿੰਘ, ਪਰਮਿੰਦਰ ਸਿੰਘ, ਖੁਸ਼ਵਿੰਦਰ ਸਿੰਘ, ਚਰਨਜੀਤ ਸਿੰਘ, ਜਸਵੰਤ ਸਿੰਘ, ਰਿੰਕੂ ਸਿੰਘ, ਅੰਮ੍ਰਿਤ ਲਾਲ ਭੂੱਲਣ, ਰਣਧੀਰ ਸਿੰਘ ਭੂੱਲਣ ਆਦਿ ਹਾਜ਼ਰ ਸਨ।