ਬਾਗੀ ਖਹਿਰਾ ਅਤੇ ਕੰਵਰ ਸੰਧੂ ਅੱਗੋਂ ਉਠਾ ਪਿਛਾਂਹ ਤੋਰੇ

ਚੰਡੀਗੜ੍ਹ (ਸੱਚ ਕਹੂੰ ਨਿਊਜ਼) । ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਨੂੰ ਸਬਕ ਸਿਖਾਉਣ ਲਈ ਵਿਧਾਨ ਸਭਾ ਸੈਸ਼ਨ ਦੌਰਾਨ ਅਗਲੀ ਕਤਾਰ ਦੀ ਥਾਂ ਪਿਛਲੀ ਕਤਾਰ ਵਿੱਚ ਬਿਠਾਇਆ ਜਾ ਰਿਹਾ ਹੈ। ਵਿਰੋਧੀ ਧਿਰ ਦੇ ਲੀਡਰ ਵੱਲੋਂ ਤਿਆਰ ਕੀਤੇ ਗਏ ਸੀਟਿੰਗ ਪਲਾਨ ਵਿੱਚ ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਨੂੰ ਸਭ ਤੋਂ ਪਿੱਛੇ ਸੀਟ ਦਿੱਤੀ ਗਈ ਹੈ। ਹੁਣ ਤੱਕ ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਵਿਧਾਨ ਸਭਾ ਦੇ ਅੰਦਰ ਆਮ ਆਦਮੀ ਪਾਰਟੀ ਵੱਲੋਂ ਪਹਿਲੀ ਕਤਾਰ ਵਿੱਚ ਬੈਠਦੇ ਆ ਰਹੇ ਹਨ ਪਰ ਪਿਛਲੇ ਕੁਝ ਦਿਨਾਂ ਤੋਂ ਚਲ ਰਹੇ ਘਟਨਾਕ੍ਰਮ ਦੇ ਚਲਦੇ ਇਨ੍ਹਾਂ ਨੂੰ ਪਿਛਲੀਆਂ ਸੀਟਾਂ ਵੱਲ ਕਰ ਦਿੱਤਾ ਗਿਆ ਹੈ। ਇਸ ਨਾਲ ਹੀ ਇਨ੍ਹਾਂ ਦੇ ਸਾਥੀ ਵਿਧਾਇਕਾਂ ਦਾ ਵੀ ਸਿਟਿੰਗ ਪਲਾਨ ਬਦਲਿਆ ਗਿਆ ਹੈ। ਉਨ੍ਹਾਂ ਦਾ ਸਾਥ ਦੇ ਰਹੇ ਪਿਰਮਲ ਸਿੰਘ, ਜਗਦੇਵ ਸਿੰਘ, ਮਾਸਟਰ ਬਲਦੇਵ ਸਿੰਘ, ਨਾਜ਼ਰ ਸਿੰਘ ਮਾਨਸਾਹੀਆ, ਜੈ ਕ੍ਰਿਸ਼ਨ ਸਿੰਘ ਰੋੜੀ ਅਤੇ ਜਗਦੇਵ ਸਿੰਘ ਕਮਾਲੂ ਨੂੰ ਵੱਖ-ਵੱਖ ਕਰਕੇ ਪਿੱਛੇ ਬਿਠਾਇਆ ਗਿਆ ਹੈ।

ਆਮ ਆਦਮੀ ਪਾਰਟੀ ਦੇ ਸੂਤਰਾਂ ਅਨੁਸਾਰ ਕੰਵਰ ਸੰਧੂ ਅਤੇ ਸੁਖਪਾਲ ਖਹਿਰਾ ਵੱਲੋਂ ਵਿਧਾਨ ਸਭਾ ਸੈਸ਼ਨ ਦੌਰਾਨ ਕਿਸੇ ਵੀ ਤਰ੍ਹਾਂ ਪਾਰਟੀ ਦੀ ਅਨੁਸ਼ਾਸਨਹੀਣਤਾ ਨੂੰ ਭੰਗ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ, ਇਸ ਲਈ ਇਨ੍ਹਾਂ ਨੂੰ ਪਿੱਛੇ ਹੀ ਬਿਠਾਉਣ ਦਾ ਫੈਸਲਾ ਕੀਤਾ ਗਿਆ ਹੈ, ਕਿਉਂਕਿ ਪਹਿਲੀ ਕਤਾਰ ਵਿੱਚ ਇਹ ਪਾਰਟੀ ਦੇ ਲੀਡਰ ਦੀ ਇਜਾਜ਼ਤ ਤੋਂ ਬਿਨਾਂ ਆਪਣੀ ਸੀਟ ਤੋਂ ਖੜ੍ਹੇ ਹੋ ਕੇ ਬੋਲਣ ਦੀ ਨਾ ਸਿਰਫ਼ ਕੋਸ਼ਿਸ਼ ਕਰ ਸਕਦੇ ਹਨ, ਸਗੋਂ ਪਾਰਟੀ ਦੇ ਵਿਧਾਨ ਸਭਾ ਦੇ ਅੰਦਰ ਸਮੇਂ ਨੂੰ ਵੀ ਖਰਾਬ ਕਰ ਸਕਦੇ ਹਨ। ਇਸ ਲਈ ਖ਼ਾਸ ਕਰਕੇ ਕੰਵਰ ਸੰਧੂ ਅਤੇ ਸੁਖਪਾਲ ਖਹਿਰਾ ਨੂੰ ਪਹਿਲੀ ਕਤਾਰ ਤੋਂ ਦੂਰ ਕਰਦੇ ਹੋਏ ਪਿਛਲੀ ਕਤਾਰ ਵਿੱਚ ਬਿਠਾਇਆ ਜਾ ਰਿਹਾ ਹੈ।

ਪਾਰਟੀ ਦੇ ਹੀ ਇੱਕ ਲੀਡਰ ਨੇ ਦੱਸਿਆ ਕਿ ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਨੂੰ ਵਿਧਾਨ ਸਭਾ ਦੇ ਅੰਦਰ ਬਹਿਸ ਵਿੱਚ ਬੋਲਣ ਲਈ ਸਮਾਂ ਨਹੀਂ ਦਿੱਤਾ ਜਾਏਗਾ, ਕਿਉਂਕਿ ਉਨਾਂ ਨੇ ਪਾਰਟੀ ਦੇ ਫੈਸਲੇ ਤੋਂ ਉਲਟ ਬੋਲਣ ਦੀ ਕੋਸ਼ਸ਼ ਕਰਨੀ ਹੈ, ਇਸ ਲਈ ਕਿਸੇ ਵੀ ਬਹਿਸ ਵਿੱਚ ਪਾਰਟੀ ਨੂੰ ਮਿਲਣ ਵਾਲੇ ਸਮੇਂ ਵਿੱਚ ਕੰਵਰ ਸੰਧੂ ਅਤੇ ਸੁਖਪਾਲ ਖਹਿਰਾ ਨੂੰ ਇੱਕ ਮਿੰਟ ਦਾ ਵੀ ਸਮਾਂ ਨਹੀਂ ਦਿੱਤਾ ਜਾਏਗਾ। ਇਹ ਦੋਹੇ ਕਿਸੇ ਵੀ ਤਰਾਂ ਦਾ ਹੰਗਾਮਾ ਨਾ ਕਰਨ, ਇਸ ਲਈ ਸਦਨ ਵਿੱਚ ਪਿਛਲੇ ਬਿਠਾਇਆ ਗਿਆ ਹੈ।