ਫਰਿਆਦਾਂ ਕਰ-ਕਰ ਹਾਰੇ ਪਰ ਸਰਕਾਰ ਦੇ ਨਹੀਂ ਮੁੱਕਦੇ ਲਾਰੇ | Barnala News
- ਜਾਨਾਂ ਦਾ ਖੌਅ ਬਣਦੇ ਜਾ ਰਹੇ ਨੇ ਟੁੱਟੇ ਪੁਲ ਤੇ ਸੜਕਾਂ | Barnala News
ਬਰਨਾਲਾ, (ਜੀਵਨ ਰਾਮਗੜ੍ਹ/ਰਜਿੰਦਰ ਕੁਮਾਰ)। ਜਦੋਂ ਸਰਕਾਰਾਂ ਲਈ ਪਿੰਡਾਂ ਦੇ ਲੋਕ ਸਿਰਫ਼ ਵੋਟਾਂ ਬਣਕੇ ਰਹਿ ਜਾਣ ਫਿਰ ਵਿਕਾਸ ਝੁਰਦਾ ਹੈ। ਸਮੱਸਿਆਵਾਂ ਵੋਟਾਂ ਵੇਲੇ ਮੁੱਦਾ ਬਣਦੀਆਂ ਨੇ ਪਰ ਮਸਲਾ ਹੱਲ ਨਹੀਂ ਹੁੰਦਾ। ਪ੍ਰਸ਼ਾਸਨਿਕ ਅਧਿਕਾਰੀ ਹਾਕਮਾਂ ਤੱਕ ਗੱਲ ਪਹੁੰਚਾਉਣ ਦਾ ਦਮ ਭਰਕੇ ਸੁਰਖ਼ੁਰੂ ਹੋ ਜਾਂਦੇ ਨੇ ਪਰ ਫਾਈਲਾਂ ਘੱਟਾ ਢੋਂਹਦੀਆਂ ਨੇ। ਜਦੋਂ ਸਮੱਸਿਆ ਜਾਨਲੇਵਾ ਬਣ ਜਾਂਦੀ ਹੈ ਤਾਂ ਹਾਕਮ ਸੱਥਰ ‘ਤੇ ਸਿਰ ਸੁੱਟ ਕੇ ਮੁਆਵਜ਼ਾ ਦੇਣ ਆਉਂਦੇ ਹਨ ਪ੍ਰੰਤੂ ਸਮੱਸਿਆ ਭਖ਼ਵੇਂ ਮੁੱਦੇ ਲਈ ਸੁਰੱਖਿਅਤ ਰੱਖੀ ਜਾਂਦੀ ਹੈ ਸ਼ਾਇਦ ਵੋਟਾਂ ਲਈ। ਇਹ ਸਭ ਬਰਨਾਲਾ ਜ਼ਿਲ੍ਹੇ ਦੇ ਸੱਤ ਪਿੰਡਾਂ ਨੂੰ ਜੋੜਦੇ ਇੱਕ ਨਹਿਰ ਦੇ ਧਸੇ ਪੁਲ਼ ਹੇਠਲੀ ਹਕੀਕਤ ਹੈ। ਜਿੱਥੇ ਅਕਾਲੀ ਹਕੂਮਤ ਨੇ ਵੀ ਵੋਟਾਂ ਲਈਆਂ ਤੇ ਕਾਂਗਰਸ ਨੇ ਵੀ। ਇਸੇ ਖਸਤਾ ਹਾਲ ਪੁਲ਼ ‘ਤੇ ਖੜ੍ਹ ਕੇ ਸੰਗਰੂਰ ਦੇ ਸਾਂਸਦ ਭਗਵੰਤ ਮਾਨ ਨੇ ਵੀ ਪ੍ਰਸ਼ਾਸਨ ਨੂੰ ਝਾੜ ਪਾਈ ਸੀ ਪਰ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ।
ਇਹ ਵੀ ਪੜ੍ਹੋ : ਦਿੱਲੀ ਏਅਰਪੋਰਟ ‘ਤੇ ਸਪਾਈਸ ਜੈੱਟ ਦੇ ਜਹਾਜ਼ ਨੂੰ ਲੱਗੀ ਅੱਗ
ਇਸੇ ਕਾਰਨ ਹੀ ਲੰਘੇ ਦਿਨ ਇੱਕ ਮਹਿਲਾ ਵੀ ਮੌਤ ਦੇ ਮੂੰਹ ਜਾ ਪਈ। ਬਠਿੰਡਾ ਬ੍ਰਾਂਚ ਨਹਿਰ ‘ਤੇ ਮੂੰਮ ਤੇ ਛੀਨੀਵਾਲ ਖੁਰਦ ਵਿਚਕਾਰਲੇ ਪੁਲ਼ ਦੀ ਅਹਿਮੀਅਤ ਨੂੰ ਜਾਣਿਆਂ ਪਤਾ ਲੱਗਦਾ ਹੈ ਕਿ ਇਹ ਪੁਲ਼ 7 ਪਿੰਡਾਂ ਨੂੰ ਆਪਸ ‘ਚ ਜੋੜਦਾ ਹੈ। ਪਿੰਡਾਂ ਦੀਆਂ ਪੈਲ਼ੀਆਂ ਪੁਲ਼ ਤੋਂ ਪਾਰ ਹੋਣ ਕਾਰਨ ਲੋਕਾਂ ਨੂੰ ਇਸੇ ਪੁਲ਼ ਤੋਂ ਗੁਜ਼ਰਨਾ ਪੈਂਦਾ ਹੈ। ਲੋਕਾਂ ਨੇ ਫਰਿਆਦ ਕਰ-ਕਰ ਕੇ ਦੇਖ ਲਈ ਪਰ ਸੰਵਰਿਆ ਕੁਝ ਵੀ ਨਹੀਂ। ਪੀੜਤ ਪਿੰਡਾਂ ਦੇ ਵਸਨੀਕਾਂ ਪਿਆਰਾ ਸਿੰਘ, ਸਵਰਨਜੀਤ ਸਿੰਘ, ਹਰਨੇਕ ਸਿੰਘ, ਸੁਰਜੀਤ ਸਿੰਘ, ਰਜਿੰਦਰ ਸਿੰਘ, ਓਮ ਪ੍ਰਕਾਸ਼ ਦੀਵਾਨਾਂ ਭਜ਼ਨ ਸਿੰਘ, ਗੁਰਦੇਵ ਸਿੰਘ ਆਦਿ ਨੇ ਦੱਸਿਆ ਇਹ ਪੁਲ਼ ਪਿਛਲੇ 10 ਸਾਲ ਤੋਂ ਲਗਾਤਾਰ ਟੁੱਟ ਰਿਹਾ ਹੈ ਤੇ ਧਸਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਵਜ਼ਾਰਤ ਸਮੇਂ ਉਨ੍ਹਾਂ ਨੇ ਮੰਤਰੀਆਂ ਤੱਕ ਇਸ ਸਮੱਸਿਆ ਨੂੰ ਹੱਲ ਕਰਵਾਉਣ ਦਾ ਯਤਨ ਕੀਤਾ ਪ੍ਰੰਤੂ ਕਿਸੇ ਨੇ ਕੋਈ ਗੱਲ ਨਹੀਂ ਸੁਣੀ। ਡੇਢ ਸਾਲ ਤੋਂ ਹੁਣ ਸੂਬੇ ‘ਚ ਕਾਂਗਰਸ ਸੱਤਾ ‘ਚ ਹੈ। (Barnala News)
ਚਿੱਠੀਆਂ ਤੇ ਮੰਗ ਪੱਤਰ ਇਸ ਸਰਕਾਰ ‘ਤੇ ਵੀ ਕੋਈ ਅਸਰ ਨਾ ਕਰ ਸਕੇ। ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਇਸ ਸਮੱਸਿਆ ਸਬੰਧੀ ਬਾਖ਼ੂਬੀ ਪਤਾ ਹੈ ਪ੍ਰੰਤੂ ਹਮਦਰਦੀ ਦੇ ਸਿਵਾ ਕੱਖ ਨਹੀਂ ਸੰਵਾਰਿਆ। ਪਿੰਡ ਵਾਸੀਆਂ ਕਿਹਾ ਇਸ ਦੀ ਤਰਸਯੋਗ ਹਾਲਤ ਕਾਰਨ ਪਿੰਡਾਂ ਦੇ ਲੋਕਾਂ ਨੂੰ 10 ਤੋਂ 15 ਕਿੱਲੋਮੀਟਰ ਵੱਧ ਸਫ਼ਰ ਤੈਅ ਕਰਕੇ ਇਧਰੋਂ ਉਧਰ ਜਾਣਾ ਆਉਣਾ ਪੈ ਰਿਹਾ ਹੈ। ਪਿੰਡ ਵਾਸੀਆਂ ਦਾ ਕਹਿਣਾਂ ਹੈ ਕਿ ਉਨ੍ਹਾਂ ਦੇ ਪਿੰਡਾਂ ਦੇ ਲੋਕਾਂ ਨੂੰ ਸਿਆਸੀ ਸਿਰਫ਼ ਵੋਟਾਂ ਵੇਲੇ ਵਰਤਦੇ ਨੇ ਤੇ ਫਿਰ ਕੋਈ ਮੂੰਹ ਨਹੀਂ ਦਿਖਾਉਂਦਾ। ਪੁਲ਼ ਦੇਖ ਕੇ ਤਾਂ ਇੰਜ ਜਾਪਦਾ ਹੈ ਕਿ ਜਿਵੇਂ ਉਹ ਪਾਕਿਸਤਾਨ ਦੇ ਬਾਰਡਰ ‘ਤੇ ਵਸਦੇ ਹੋਣ। ਇੱਕ ਸਰਕਾਰ ਲਈ ਸੱਤ ਪਿੰਡਾਂ ਦੇ ਜਿੰਦਗੀ ਕੋਈ ਮਾਇਨੇ ਨਹੀਂ ਰੱਖਦੀ ਹੋਣੀਂ ਇਹੀ ਕਾਰਨ ਹੈ ਕਿ ਸਰਕਾਰ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਰਿਆਂ ‘ਤੇ ਮੁਆਵਜ਼ੇ ਦੇਣ ਦੀ ਬਜਾਇ ਸਰਕਾਰ ਨੂੰ ਮਨੁੱਖੀ ਜਾਨਾਂ ਪ੍ਰਤੀ ਫਿਕਰਮੰਦ ਹੋਣਾ ਚਾਹੀਦਾ ਹੈ। (Barnala News)