ਆਪ ਖ਼ਿਲਾਫ਼ ਬੋਲਣ ਵਾਲੇ ਬੂਟਾ ਸਿੰਘ ਨੂੰ ਡਾ. ਬਲਬੀਰ ਨੇ ਹਟਾਇਆ, ਖਹਿਰਾ ਨੇ ਮੁੜ ਲਾਇਆ
ਆਮ ਆਦਮੀ ਪਾਰਟੀ ਵੱਲੋਂ ਬੂਟਾ ਸਿੰਘ ਸਨ ਮੀਡੀਆ ਪੈਨਲ ਲਿਸਟ
ਖਹਿਰਾ ਨੂੰ ਕੋਈ ਹੱਕ ਨਹੀਂ ਤੈਨਾਤੀਆਂ ਕਰਨ ਦਾ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਆਮ ਆਦਮੀ ਪਾਰਟੀ ਦੀ ਆਪਸੀ ਫੁੱਟ ਤੋਂ ਬਾਅਦ ਹੁਣ ਇਸ ਲੜਾਈ ‘ਚ ਅਹੁਦੇਦਾਰੀਆਂ ਦੀ ਵੰਡ ਵੀ ਸ਼ਾਮਲ ਹੋ ਗਈਆਂ ਹੈ। ਆਮ ਆਦਮੀ ਪਾਰਟੀ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਇੱਕ ਲੀਡਰ ਬੂਟਾ ਸਿੰਘ ਬੈਰਾਗੀ ਨੂੰ ਮੀਡੀਆ ਪੈਨਲ ਲਿਸਟ ਤੋਂ ਬਾਹਰ ਕੱਢ ਰਹੇ ਹਨ ਤਾਂ ਸੁਖਪਾਲ ਖਹਿਰਾ ਅਗਲੇ ਦਿਨ ਹੀ ਡਾ. ਬਲਬੀਰ ਸਿੰਘ ਦੇ ਫੈਸਲੇ ਨੂੰ ਪਲਟਦੇ ਹੋਏ ਬੂਟਾ ਸਿੰਘ ਬੈਰਾਗੀ ਨੂੰ ਮੁੜ ਤੋਂ ਮੀਡੀਆ ਪੈਨਲ ਲਿਸਟ ‘ਚ ਸ਼ਾਮਲ ਕਰਨ ਦਾ ਐਲਾਨ ਕਰ ਰਹੇ ਹਨ। ਆਮ ਆਦਮੀ ਪਾਰਟੀ ਦੀ ਇਸ ਆਪਸੀ ਲੜਾਈ ‘ਚ ਕਾਫ਼ੀ ਜਿਆਦਾ ਸਥਿਤੀ ਭੰਬਲਭੂਸੇ ਵਾਲੀ ਬਣੀ ਹੋਈ ਹੈ ਕਿ ਕਿਹੜਾ ਲੀਡਰ ਪਾਰਟੀ ਦਾ ਅਹੁਦੇਦਾਰ ਹੈ ਜਾਂ ਫਿਰ ਕਿਹੜਾ ਲੀਡਰ ਪਾਰਟੀ ਦਾ ਅਹੁਦੇਦਾਰ ਨਹੀਂ ਹੈ।
ਇੱਥੇ ਇਹ ਦੱਸਣ ਯੋਗ ਹੈ ਕਿ ਬੀਤੇ ਦਿਨੀਂ ਇੱਕ ਟੀਵੀ ਚੈਨਲ ਦੀ ਡਿਬੇਟ ‘ਤੇ ਆਮ ਆਦਮੀ ਪਾਰਟੀ ਦੇ ਮੀਡੀਆ ਪੈਨਲ ‘ਚ ਸ਼ਾਮਲ ਬੂਟਾ ਸਿੰਘ ਬੈਰਾਗੀ ਨੇ ਆਪਣੀ ਹੀ ਪਾਰਟੀ ਨੂੰ ਗਲਤ ਠਹਿਰਾਉਂਦੇ ਹੋਏ ਸੁਖਪਾਲ ਖਹਿਰਾ ਦਾ ਪੱਖ ਮਾਰਿਆ ਸੀ। ਜਿਸ ਤੋਂ ਬਾਅਦ ਡਾ. ਬਲਬੀਰ ਸਿੰਘ ਨੇ ਇੱਕ ਆਦੇਸ਼ ਜਾਰੀ ਕਰਦੇ ਹੋਏ ਬੂਟਾ ਸਿੰਘ ਬੈਰਾਗੀ ਨੂੰ ਮੀਡੀਆ ਟੀਮ ਵਿੱਚੋਂ ਬਾਹਰ ਕਰ ਦਿੱਤਾ ਸੀ ਤਾਂ ਕਿ ਉਹ ਪਾਰਟੀ ਵਲੋਂ ਕਿਸੇ ਵੀ ਤਰਾਂ ਦੀ ਮੀਡੀਆ ਵਿੱਚ ਬਿਆਨ ਨਾ ਦੇ ਸਕਣ ਪਰ ਸੁਖਪਾਲ ਖਹਿਰਾ ਨੇ ਐਤਵਾਰ ਨੂੰ ਇੱਕ ਆਦੇਸ਼ ਜਾਰੀ ਕਰਦੇ ਹੋਏ ਬੂਟਾ ਸਿੰਘ ਬੇਰਾਗੀ ਨੂੰ ਮੁੜ ਤੋਂ ਮੀਡੀਆ ਪੈਨਲਲਿਸਟ ਘੋਸ਼ਿਤ ਕਰ ਦਿੱਤਾ ਹੈ।
ਹੁਣ ਸਮਝ ਨਹੀਂ ਆ ਰਿਹਾ ਹੈ ਕਿ ਕਿਹੜਾ ਆਮ ਆਦਮੀ ਪਾਰਟੀ ਦਾ ਪੈਨਲਿਸਟ ਮੰਨਿਆ ਜਾਵੇ ਅਤੇ ਕਿਹੜਾ ਨਾ ਮੰਨਿਆ ਜਾਵੇ, ਕਿਉਂਕਿ ਹੁਣ ਤੱਕ ਸੁਖਪਾਲ ਖਹਿਰਾ ਨੇ ਨਾਲ ਹੀ ਪਾਰਟੀ ਛੱਡੀ ਹੈ ਅਤੇ ਨਾ ਹੀ ਪਾਰਟੀ ਨੇ ਉਨਾਂ ਨੂੰ ਕੱਢਿਆ ਹੈ ਪਰ ਉਨਾਂ ਕੋਲ ਕਿਸੇ ਦੀ ਤੈ ਨਾਤੀ ਕਰਨ ਦਾ ਵੀ ਕੋਈ ਹੱਕ ਨਹੀਂ ਹੈ ਪਰ ਇਸ ਲੜਾਈ ਵਿੱਚ ਹੁਣ ਅਹੁਦੇ ਦਾਰੀਆ ਦੇ ਵੰਡਣ ਦਾ ਵੀ ਕੰਮ ਸ਼ੁਰੂ ਹੋ ਗਿਆ ਹੈ।
ਖਹਿਰਾ ਨਹੀਂ ਵੰਡ ਸਕਦੇ ਅਹੁਦੇਦਾਰੀ : ਡਾ. ਬਲਬੀਰ ਸਿੰਘ
ਆਮ ਆਦਮੀ ਪਾਰਟੀ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸੁਖਪਾਲ ਖਹਿਰਾ ਇਸ ਸਮੇਂ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਵਿੱਚ ਲੱਗੇ ਹੋਏ ਹਨ ਤੇ ਉਨ੍ਹਾਂ ਕੋਲ ਇੱਕ ਵਿਧਾਇਕ ਹੁੰਦੇ ਹੋਏ ਕੋਈ ਅਧਿਕਾਰ ਨਹੀਂ ਹੈ ਕਿ ਉਹ ਅਹੁਦੇਦਾਰੀਆਂ ਦੀ ਵੰਡ ਕਰਨ। ਕਿਸੇ ਵੀ ਤਰ੍ਹਾਂ ਦੀ ਅਹੁਦੇਦਾਰੀ ਦੀ ਵੰਡ ਕਰਨਾ ਪਾਰਟੀ ਪ੍ਰਧਾਨ ਤੇ ਸਹਿ ਪ੍ਰਧਾਨ ਕੋਲ ਹੀ ਅਧਿਕਾਰ ਹੈ ਪਰ ਸੁਖਪਾਲ ਖਹਿਰਾ ਇਹੋ ਜਿਹੀਆਂ ਹਰਕਤਾਂ ਕਰਦੇ ਹੋਏ ਪਾਰਟੀ ਦੇ ਸਿਸਟਮ ਦੇ ਉਲਟ ਚੱਲ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।