2019 ਤੱਕ ਨਾ ਕੀਤਾ ਜਾਵੇ ਪੰਜਾਬ ‘ਚ ਕੋਈ ਫੇਰਬਦਲ, ਹੋ ਸਕਦਾ ਐ ਨੁਕਸਾਨ
ਕਾਂਗਰਸ ਦੇ ਵੱਡੇ ਲੀਡਰ ਨੇ ਕੀਤਾ ਖ਼ੁਲਾਸਾ, ਜਾਖੜ ਨੂੰ ਹੀ ਪ੍ਰਧਾਨ ਚਾਹੁੰਦੇ ਹਨ ਅਮਰਿੰਦਰ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਹੱਕ ਵਿੱਚ ਨਿੱਤਰ ਆਏ ਹਨ। ਅਮਰਿੰਦਰ ਸਿੰਘ ਚਾਹੁੰਦੇ ਹਨ ਕਿ 2019 ਦੀਆਂ ਲੋਕ ਸਭਾ ਚੋਣਾਂ ਤੱਕ ਪੰਜਾਬ ਦੀ ਪ੍ਰਧਾਨਗੀ ਵਿੱਚ ਕੋਈ ਵੀ ਫੇਰਬਦਲ ਨਾ ਕੀਤਾ ਜਾਵੇ, ਇਸ ਸਬੰਧੀ ਅਮਰਿੰਦਰ ਸਿੰਘ ਨੇ ਬੀਤੇ ਦਿਨੀਂ ਰਾਹੁਲ ਗਾਂਧੀ ਨਾਲ ਮੁਲਾਕਾਤ ਦੌਰਾਨ ਆਪਣੀ ਗੱਲ ਵੀ ਰੱਖੀ ਹੈ।
ਅਮਰਿੰਦਰ ਸਿੰਘ ਵੱਲੋਂ ਕੀਤੀ ਗਈ ਸਿਫ਼ਾਰਸ਼ ‘ਤੇ ਕਾਂਗਰਸ ਦੀ ਦਿੱਲੀ ਬੈਠੀ ਸੀਨੀਅਰ ਲੀਡਰਸ਼ਿਪ ਅਤੇ ਰਾਹੁਲ ਗਾਂਧੀ ਨੇ ਵਿਚਾਰ ਕਰਨ ਲਈ ਵਿਸ਼ਵਾਸ ਦਿੱਤਾ ਹੈ, ਜਿਸ ਕਾਰਨ ਇਹ ਉਮੀਦ ਲਗਾਈ ਜਾ ਰਹੀ ਹੈ ਕਿ ਜੇਕਰ ਅਮਰਿੰਦਰ ਸਿੰਘ ਦੀ ਦਿੱਲੀ ਦਰਬਾਰ ਵਿੱਚ ਮੰਨੀ ਗਈ ਤਾਂ ਸੁਨੀਲ ਜਾਖੜ ਲੋਕ ਸਭਾ ਚੋਣਾਂ ਤੱਕ ਪੰਜਾਬ ਕਾਂਗਰਸ ਪ੍ਰਧਾਨ ਬਣੇ ਰਹਿ ਸਕਦੇ ਹਨ। ਇਹ ਖ਼ੁਲਾਸਾ ਦਿੱਲੀ ਦਰਬਾਰ ਵਿੱਚ ਬੈਠੇ ਇੱਕ ਵੱਡੇ ਕਾਂਗਰਸੀ ਲੀਡਰ ਨੇ ਹੀ ਕੀਤਾ ਹੈ।
ਆਪਣਾ ਨਾਂਅ ਨਾ ਛਾਪਣ ਦੀ ਸ਼ਰਤ ‘ਤੇ ਉਨ੍ਹਾਂ ਦੱਸਿਆ ਕਿ ਕਾਂਗਰਸ ਹਾਈ ਕਮਾਨ ਪੰਜਾਬ ਵਿੱਚ ਦਲਿਤਾਂ ਨੂੰ ਖੁਸ਼ ਕਰਨ ਲਈ ਕਾਂਗਰਸ ਪ੍ਰਧਾਨ ਲਗਾਉਣ ਦੀ ਤਿਆਰੀ ਵਿੱਚ ਲੱਗੀ ਹੋਈ ਹੈ, ਇਸ ਗੱਲ ਦੀ ਭਿਣਕ ਇੱਕ ਮਹੀਨੇ ਪਹਿਲਾਂ ਹੀ ਪੰਜਾਬ ਦੇ ਲੀਡਰਾਂ ਨੂੰ ਲੱਗ ਗਈ ਸੀ ਕਿਉਂਕਿ ਪੰਜਾਬ ਦੇ ਦਲਿਤ ਲੀਡਰਾਂ ਨੂੰ ਦਿੱਲੀ ਸੱਦ ਕੇ ਰਾਹੁਲ ਗਾਂਧੀ ਨੇ ਵਿਸ਼ਵਾਸ ਤੱਕ ਦੇ ਦਿੱਤਾ ਸੀ ਕਿ ਜਲਦ ਹੀ ਪ੍ਰਧਾਨਗੀ ਦੀ ਕੁਰਸੀ ਕਿਸੇ ਦਲਿਤ ਲੀਡਰ ਨੂੰ ਦਿੱਤੀ ਜਾਏਗੀ।
ਇਸ ਸਬੰਧੀ ਦਲਿਤ ਲੀਡਰਾਂ ਵਿੱਚੋਂ ਪ੍ਰਧਾਨ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਸੀ ਪਰ ਬੀਤੇ ਦਿਨੀਂ ਦਿੱਲੀ ਵਿਖੇ ਇੱਕ ਸਮਾਗਮ ਦੌਰਾਨ ਅਮਰਿੰਦਰ ਸਿੰਘ ਵੱਲੋਂ ਰਾਹੁਲ ਗਾਂਧੀ ਅਤੇ ਦਿੱਲੀ ਬੈਠੇ ਕਾਂਗਰਸੀ ਲੀਡਰਾਂ ਨੂੰ ਪ੍ਰਧਾਨ ਨਾ ਬਦਲਣ ਦੀ ਗੁਹਾਰ ਲਗਾਈ ਗਈ ਜਿੱਥੇ ਅਮਰਿੰਦਰ ਸਿੰਘ ਨੇ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਤੱਕ ਸੁਨੀਲ ਜਾਖੜ ਨੂੰ ਹੀ ਪ੍ਰਧਾਨ ਰਹਿਣ ਦਿੱਤਾ ਜਾਵੇ ਨਹੀਂ ਤਾਂ ਪੰਜਾਬ ਵਿੱਚ ਕੋਈ ਗਲਤ ਸੰਦੇਸ਼ ਵੀ ਜਾ ਸਕਦਾ ਹੈ। ਇਸ ਨਾਲ ਹੀ ਪਹਿਲਾਂ ਵੀ ਇੱਕ ਦਲਿਤ ਨੂੰ ਵਿਰੋਧੀ ਧਿਰ ਦਾ ਲੀਡਰ ਬਣਾਉਣ ਲਈ ਹਟਾਇਆ ਗਿਆ ਸੀ ਅਤੇ ਹੁਣ ਮੁੜ ਤੋਂ ਉਸੇ ਪੈਟਰਨ ‘ਤੇ ਸੁਨੀਲ ਜਾਖੜ ਤੋਂ ਕੁਰਸੀ ਲੈਣਾ ਬਿਲਕੁਲ ਗਲਤ ਹੈ। ਅਮਰਿੰਦਰ ਸਿੰਘ ਦੀ ਇਸ ਗੱਲ ‘ਤੇ ਰਾਹੁਲ ਗਾਂਧੀ ਅਤੇ ਦਿੱਲੀ ਬੈਠੀ ਸੀਨੀਅਰ ਲੀਡਰਸ਼ਿਪ ਨੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਹੈ।
ਇਸ ਲੀਡਰ ਨੇ ਦੱਸਿਆ ਕਿ ਅਮਰਿੰਦਰ ਸਿੰਘ ਦੇ ਕਹਿਣ ਤੋਂ ਬਾਅਦ ਫਿਲਹਾਲ ਪ੍ਰਧਾਨਗੀ ਕਿਸੇ ਹੋਰ ਨੂੰ ਦੇਣ ਲਈ ਟਾਲਣ ‘ਤੇ ਵਿਚਾਰ ਕਰ ਚੱਲ ਰਿਹਾ ਹੈ ਅਤੇ ਜੇਕਰ ਅਕਤੂਬਰ ਮਹੀਨੇ ਤੱਕ ਇਸ ਸਬੰਧੀ ਕੋਈ ਫੈਸਲਾ ਨਾ ਹੋਇਆ ਤਾਂ ਲੋਕ ਸਭਾ ਚੋਣਾਂ ਤੱਕ ਸੁਨੀਲ ਜਾਖੜ ਹੀ ਕਾਂਗਰਸ ਦੇ ਪ੍ਰਧਾਨ ਬਣੇ ਰਹਿਣ ਦੀ ਸੰਭਾਵਨਾ ਹੈ, ਕਿਉਂਕਿ ਕੁਝ ਸੂਬਿਆਂ ਦੇ ਕਾਂਗਰਸ ਪ੍ਰਧਾਨ ਇਸ ਸਮੇਂ ਤੋਂ ਪਹਿਲਾਂ ਹੀ ਤਬਦੀਲ ਕੀਤੇ ਜਾਣੇ ਹਨ।
‘ਆਪ’ ਦੇ ਫੇਰਬਦਲ ਤੋਂ ਬਾਅਦ ਵੱਧ ਗਿਆ ਐ ਦਬਾਅ
ਆਮ ਆਦਮੀ ਪਾਰਟੀ ਵੱਲੋਂ ਦਲਿਤ ਕਾਰਡ ਖੇਡਦੇ ਹੋਏ ਹਰਪਾਲ ਚੀਮਾ ਨੂੰ ਵਿਰੋਧੀ ਧਿਰ ਦਾ ਲੀਡਰ ਬਣਾਉਣ ਤੋਂ ਬਾਅਦ ਕਾਂਗਰਸ ਪਾਰਟੀ ‘ਤੇ ਕਾਫ਼ੀ ਜਿਆਦਾ ਦਬਾਅ ਬਣ ਗਿਆ ਹੈ, ਕਿਉਂਕਿ ਕੈਬਨਿਟ ਵਿੱਚ ਵੀ ਦਲਿਤ ਮੰਤਰੀਆਂ ਦਾ ਕੋਈ ਜ਼ਿਆਦਾ ਹਿੱਸਾ ਨਹੀਂ ਹੈ। ਇਸ ਲਈ ਪ੍ਰਧਾਨ ਦੀ ਕੁਰਸੀ ਦਲਿਤ ਲੀਡਰ ਮੰਗ ਰਹੇ ਹਨ। ਆਪ ਦੇ ਇਸ ਫੈਸਲੇ ਤੋਂ ਬਾਅਦ ਦਲਿਤ ਲੀਡਰਾਂ ਨੇ ਦਿੱਲੀ ਵਿਖੇ ਆਪਣਾ ਦਬਾਅ ਬਣਾਉਣਾ ਫਿਰ ਸ਼ੁਰੂ ਕਰ ਦਿੱਤਾ ਹੈ ਤਾਂ ਕਿ ਹਰ ਹਾਲਤ ਵਿੱਚ ਉਨ੍ਹਾਂ ਨੂੰ ਇਹ ਅਹੁਦਾ ਦਿੱਤਾ ਜਾ ਸਕੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।