ਸਪੈਸ਼ਲ ਸੰਡੇ ਸਟੋਰੀ (ਸੁਖਜੀਤ ਮਾਨ)
<ਮਾਨਸਾ>
ਸਕੂਲਾਂ ਦੀ ਨੁਹਾਰ ਬਦਲਣ ਲਈ ਖੁਦ ਕਰਵਾਉਂਦਾ ਹੈ ਬਦਲੀ
ਕਦੇ ਨਹੀਂ ਕੀਤਾ ਰਿਹਾਇਸ਼ ਨੇੜਲੇ ਸਕੂਲਾਂ ‘ਚ ਜਾਣ ਦਾ ਲਾਲਚ
ਵੱਡੀ ਗਿਣਤੀ ਸਰਕਾਰੀ ਮੁਲਾਜ਼ਮਾਂ ਦੀ ਇੱਛਾ ਹੁੰਦੀ ਹੈ ਕਿ ਉਸਦੀ ਡਿਊਟੀ ਉਸਦੇ ਰਿਹਾਇਸ਼ੀ ਖੇਤਰ ਦੇ ਨੇੜੇ ਹੀ ਹੋਵੇ ਪਰ ਅਜਿਹੇ ਦੌਰ ‘ਚ ਇੱਕ ਸਰਕਾਰੀ ਅਧਿਆਪਕ ਅਜਿਹਾ ਵੀ ਹੈ, ਜਿਸਦੀ ਬਦਲੀ ਹੁੰਦੀ ਨਹੀਂ ਪਰ ਉਹ ਖੁਦ ਕਰਵਾ ਲੈਂਦਾ ਹੈ ਘਰ ਨੇੜੇ ਸਟੇਸ਼ਨ ਖਾਲੀ ਵੀ ਹੁੰਦੇ ਨੇ ਪਰ ਉਹ ਨੇੜੇ ਦਾ ਲਾਲਚ ਛੱਡ ਕੇ ਅਜਿਹਾ ਸਕੂਲ ਚੁਣਦਾ ਹੈ, ਜਿਸਦੀ ਹਾਲਤ ਨੂੰ ਸੁਧਾਰ ਕੇ ਬਿਹਤਰ ਬਣਾਇਆ ਜਾ ਸਕੇ। ਮੰਦੀ ਹਾਲਤ ਵਾਲੇ ਸਕੂਲਾਂ ‘ਚ ਬਦਲੀ ਕਰਵਾਉਣ ਦਾ ਸ਼ੌਕੀਨ ਅਧਿਆਪਕ ਅਮਰਜੀਤ ਸਿੰਘ ਬੁਢਲਾਡਾ ਤੋਂ ਹੈ।
‘ਸੱਚ ਕਹੂੰ’ ਨਾਲ ਗੱਲਬਾਤ ਦੌਰਾਨ ਅਮਰਜੀਤ ਸਿੰਘ ਨੇ ਦੱਸਿਆ ਕਿ ਉਸਨੂੰ ਘਰ ਤੋਂ ਦੂਰ ਸਕੂਲ ਦਾ ਕਦੇ ਕੋਈ ਫਿਕਰ ਨਹੀਂ ਹੋਇਆ ਸਗੋਂ ਉਸਦਾ ਫਿਕਰ ਸਕੂਲਾਂ ਨੂੰ ਚੰਗੇ ਬਣਾਉਣ ਦਾ ਹੁੰਦਾ ਹੈ। ਅਮਰਜੀਤ ਸਿੰਘ ਨੇ ਆਪਣੇ ਅਧਿਆਪਨ ਕਿੱਤੇ ਦੀ ਸ਼ੁਰੂਆਤ ਅਗਸਤ 2006 ‘ਚ ਸ਼ੇਖੂਪੁਰ ਖੁਡਾਲ ਤੋਂ ਕੀਤੀ। ਨਵੀਂ ਪਾਰੀ ਦੌਰਾਨ ਉਸਨੇ ਇਸ ਸਕੂਲ ‘ਚ ਭਾਵੇਂ ਪੜ੍ਹਾਈ ਤੋਂ ਇਲਾਵਾ ਹੋਰ ਕਾਰਜ਼ਾਂ ‘ਚ ਵਧੇਰੇ ਦਿਲਚਸਪੀ ਨਹੀਂ ਵਿਖਾਈ ਪਰ ਸਫਲਤਾਪੂਰਵਕ ਸਕੂਲੀ ਖੇਡਾਂ ਅਤੇ ਪਿੰਡ ਵਾਸੀਆਂ ਨੂੰ ਸਕੂਲ ਦੀ ਭਲਾਈ ਲਈ ਅਧਿਆਪਕਾਂ ਨਾਲ ਸਹਿਯੋਗ ਵਧਾਉਣ ਲਈ ਜ਼ਰੂਰ ਪ੍ਰੇਰਿਤ ਕੀਤਾ।
ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਬਦਲੀ ਪਿੰਡ ਰੱਲੀ ਦੀ ਕਰਵਾਈ ਇਸ ਸਕੂਲ ‘ਚ ਅਜਿਹੇ ਨਿਵੇਕਲੇ ਕਾਰਜ਼ ਕੀਤੇ, ਜਿਨ੍ਹਾਂ ਨੂੰ ਵੇਖਦਿਆਂ ਪੰਜਾਬ ਦੇ ਵੱਡੀ ਗਿਣਤੀ ਸਰਕਾਰੀ ਸਕੂਲਾਂ ‘ਚ ਤਬਦੀਲੀ ਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਇੱਕ ਵਾਰ ਸਕੂਲ ‘ਚ ਜਦੋਂ ਉਹ ਵਿਦਿਆਰਥੀਆਂ ਨੂੰ ਪੜ੍ਹਾ ਰਿਹਾ ਸੀ ਤਾਂ ਵੇਲ੍ਹ ਮੱਛੀ ਦੇ ਪਾਠ ਦੌਰਾਨ ਉਨ੍ਹਾਂ ਨੇ ਉਸਦੀ ਲੰਬਾਈ ਬਾਰੇ ਦੱਸਿਆ ਤਾਂ ਵਿਦਿਆਰਥੀਆਂ ਨੂੰ ਸਮਝਣ ‘ਚ ਬੜੀ ਮੁਸ਼ਕਲ ਆਈ। ਇਸ ਸਮੱਸਿਆ ਦੇ ਹੱਲ ਲਈ ਉਨ੍ਹਾਂ ਨੂੰ ਫੁਰਨਾ ਫੁਰਿਆ ਕਿ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਤੌਰ ‘ਤੇ ਪੜ੍ਹਾਇਆ ਜਾਵੇ, ਜਿਸ ਲਈ ਉਨ੍ਹਾਂ ਨੇ ਸਕੂਲ ‘ਚ ਐਜੂਕੇਸ਼ਨ ਪਾਰਕ ਬਣਾਇਆ।
ਇਸ ਪਾਰਕ ‘ਚ ਸਾਇੰਸ ਤੇ ਗਣਿਤ ਨੂੰ ਸੌਖੇ ਢੰਗ ਨਾਲ ਸਮਝਣ ਤੋਂ ਇਲਾਵਾ ਟ੍ਰੈਫਿਕ ਨਿਯਮਾਂ ਦੀ ਵੀ ਪੂਰੀ ਜਾਣਕਾਰੀ ਮਿਲਦੀ ਹੈ। ਮਨੋਰੰਜਕ ਕਮ ਵਿੱਦਿਅਕ ਖੇਡਾਂ ਵੀ ਵਿਦਿਆਰਥੀ ਇਸ ਪਾਰਕ ‘ਚ ਖੇਡਦੇ ਹਨ। ਭਾਖੜਾ ਡੈਮ ਅਤੇ ਪੌਣ ਚੱਕੀ ਨੂੰ ਕਿਤਾਬਾਂ ‘ਚ ਔਖੇ ਢੰਗ ਨਾਲ ਸਮਝਣ ਵਾਲੇ ਵਿਦਿਆਰਥੀ ਪਾਰਕ ‘ਚ ਇਨ੍ਹਾਂ ਦੇ ਮਾਡਲ ਵੇਖਕੇ ਛੇਤੀ ਅਤੇ ਸੌਖੇ ਢੰਗ ਨਾਲ ਸਮਝਦੇ ਹਨ। ਰੱਲੀ ਦੇ ਸਕੂਲ ‘ਚ ਖੇਡ ਸਮਾਗਮਾਂ ਦੌਰਾਨ ਪਹੁੰਚੇ ਇੱਕ ਅਧਿਕਾਰੀ ਨੇ ਪ੍ਰਬੰਧਾਂ ਤੋਂ ਖੁਸ਼ ਹੋ ਕੇ ਉਨ੍ਹਾਂ ਨੂੰ ਸਕੂਲ ਲਈ ਛੇ ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਵੀ ਦਿੱਤੀ ਸੀ। ਰੱਲੀ ਦੇ ਸਕੂਲ ਨੂੰ ਸ਼ਿੰਗਾਰਨ ਮਗਰੋਂ ਅਮਰਜੀਤ ਸਿੰਘ ਨੇ ਆਪਣਾ ਤਬਾਦਲਾ ਸਤੰਬਰ 2017 ‘ਚ ਜੀਤਸਰ ਦੇ ਸਕੂਲ ‘ਚ ਕਰਵਾ ਲਿਆ।
ਇਸ ਸਕੂਲ ‘ਚ ਜਦੋਂ ਉਹ ਆਏ 43 ਬੱਚੇ ਸਨ ਪਰ ਥੋੜ੍ਹੇ ਸਮੇਂ ‘ਚ ਹੀ ਗਿਣਤੀ 93 ਹੋ ਗਈ ਬੱਚਿਆਂ ਦੀ ਵਧੀ ਗਿਣਤੀ ‘ਚੋਂ ਜ਼ਿਆਦਾਤਰ ਬੱਚੇ ਪ੍ਰਾਈਵੇਟ ਸਕੂਲਾਂ ‘ਚੋਂ ਹਟਕੇ ਆਏ ਹਨ। ਜੀਤਸਰ ਦੇ ਸਕੂਲ ‘ਚ ਵੀ ਉਨ੍ਹਾਂ ਨੇ ਐਨਆਰਆਈਜ਼ ਦੇ ਸਹਿਯੋਗ ਨਾਲ ਸਾਊਂਡ ਸਿਸਟਮ, ਪੀਟੀ ਡਰੰਮ ਅਤੇ ਸਮਾਰਟ ਕਲਾਸ ਰੂਮ ਬਣਵਾਇਆ ਹੈ ।
ਪੰਜਾਬ ਦੀ ਪਹਿਲੀ ਈ-ਲਾਇਬ੍ਰੇਰੀ ਵਾਲਾ ਬਣਾਇਆ ਸਕੂਲ
ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਰੱਲੀ ਦੇ ਸਕੂਲ ‘ਚ ਪੰਜਾਬ ਦੀ ਪਹਿਲੀ ‘ਈ ਐਂਡ ਲਿਸਨਿੰਗ ਲਾਇਬ੍ਰ੍ਰ੍ਰੇਰੀ’ ਬਣਵਾਈ ਹੈ। ਰੱਲੀ ਦੇ ਸਕੂਲ ਨੂੰ ਵੇਖਣ ਲਈ ਵੱਡੀ ਗਿਣਤੀ ਸਕੂਲਾਂ ਦੇ ਅਧਿਆਪਕ ਅਤੇ ਪੰਚਾਇਤਾਂ ਵੀ ਆਈਆਂ, ਜਿਨ੍ਹਾਂ ਨੇ ਇਸ ਸਕੂਲ ਨੂੰ ਰੋਲ ਮਾਡਲ ਮੰਨ ਕੇ ਆਪਣੇ ਸਕੂਲਾਂ ਦੀ ਵੀ ਨੁਹਾਰ ਬਦਲੀ ਹੈ ।
ਹੁਣ ਬੋਹਾ ਦੇ ਸਕੂਲ ਨੂੰ ਬਣਾਉਣਾ ਹੈ ਮਾਡਲ ਸਮਾਰਟ ਸਕੂਲ
ਬਤੌਰ ਸਾਇੰਸ ਅਧਿਆਪਕ ਤਰੱਕੀ ਹੋਣ ਤੋਂ ਬਾਅਦ ਭਾਵੇਂ ਅਮਰਜੀਤ ਸਿੰਘ ਨੂੰ ਰਿਹਾਇਸ਼ ਨੇੜਲੇ ਖਾਲੀ ਸਟੇਸ਼ਨਾਂ ਬੀਰੋਕੇ, ਗੁੜੱਦੀ, ਰੰਘੜਿਆਲ ਤੋਂ ਇਲਾਵਾ ਲੋਕਲ ਬੁਢਲਾਡਾ ‘ਚ ਵੀ ਸਕੂਲ ਮਿਲ ਸਕਦਾ ਸੀ ਪਰ ਉਨ੍ਹਾਂ ਨੇ ਆਪਣੀ ਨਿਯੁਕਤੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬੋਹਾ ਦੀ ਕਰਵਾਈ ਹੈ। ਉਨ੍ਹਾਂ ਦੱਸਿਆ ਕਿ ਹੁਣ ਉਨ੍ਹਾਂ ਦਾ ਸੁਪਨਾ ਬੋਹਾ ਦੇ ਇਸ ਸਕੂਲ ਨੂੰ ਪ੍ਰਿੰਸੀਪਲ ਮੁਕੇਸ਼ ਕੁਮਾਰ ਦੀ ਅਗਵਾਈ ‘ਚ ਪੰਜਾਬ ਦਾ ਪਹਿਲਾ ਮਾਡਲ ਸਮਾਰਟ ਸਕੂਲ ਬਣਾਉਣਾ ਹੈ।
ਰਾਜ ਪੁਰਸਕਾਰ ਨਾਲ ਹੋਇਆ ਹੈ ਸਨਮਾਨ
ਅਮਰਜੀਤ ਸਿੰਘ ਦੀਆਂ ਸਕੂਲਾਂ ਪ੍ਰਤੀ ਅਣਥੱਕ ਸੇਵਾਵਾਂ ਨੂੰ ਵੇਖਦਿਆਂ ਤੱਤਕਾਲੀ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੇ ਉਨ੍ਹਾਂ ਨੂੰ ਸਾਲ 2016 ‘ਚ ਰਾਜ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ। ਇਸ ਤੋਂ ਪਹਿਲਾਂ 2015 ‘ਚ ਉਨ੍ਹਾਂ ਨੂੰ ਸਿੱਖਿਆ ਮੰਤਰੀ ਨੇ ਵਿਸ਼ੇਸ਼ ਤੌਰ ‘ਤੇ ਚੰਡੀਗੜ੍ਹ ਬੁਲਾ ਕੇ ਪ੍ਰਸੰਸਾ ਪੱਤਰ ਨਾਲ ਸਨਮਾਨਿਤ ਕੀਤਾ ਸੀ। ਸਿੱਖਿਆ ਵਿਕਾਸ ਮੰਚ ਮਾਨਸਾ ਦੇ ਪ੍ਰਧਾਨ ਹਰਦੀਪ ਸਿੱਧੂ ਦਾ ਕਹਿਣਾ ਹੈ ਕਿ ਸਕੂਲਾਂ ਦੀ ਨੁਹਾਰ ਬਦਲਣ ਲਈ ਅਜਿਹੇ ਅਧਿਆਪਕਾਂ ਦੀ ਸਰਕਾਰ ਨੂੰ ਹਰ ਪੱਧਰ ਦੀ ਮੱਦਦ ਦੇਣੀ ਚਾਹੀਦੀ ਹੈ।
- Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।