ਪੁਲਿਸ ਨੇ ਧਨੌਲਾ ਵਾਸੀ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ
ਇੱਕ ਰਿਵਾਲਵਰ ਤੇ ਲੁੱਟੀ ਨਗਦੀ ‘ਚੋਂ 1 ਲੱਖ 20 ਹਜ਼ਾਰ ਰੁਪਏ ਕੀਤੇ ਬਰਾਮਦ।
ਬਰਨਾਲਾ, ਜੀਵਨ ਰਾਮਗੜ੍।/ਸੱਚ ਕਹੂੰ ਨਿਊਜ਼
ਲੰਘੀ 5 ਜੁਲਾਈ ਨੂੰ ਸਥਾਨਕ ਸਹਿਰ ਦੇ ਵਾਸੀ ਹਿਮਾਂਸ਼ੂ ਦਾਨੀਆ ਨੂੰ ਕਤਲ ਕਰਕੇ 5 ਲੱਖ ਨਗਦੀ ਲੁੱਟਣ ਵਾਲੇ ਆਖ਼ਰ ਪੁਲਿਸ ਦੇ ਹੱਥ ਆ ਗਏ। ਜਿੰਨ੍ਹਾਂ ਕੋਲੋਂ ਲੁੱਟੀ ਗਈ ਨਗਦੀ ‘ਚੋਂ 1 ਲੱਖ 20 ਹਜ਼ਾਰ ਰੁਪਏ, ਦੇਸੀ ਰਿਵਾਲਵਰ, 3 ਜਿੰਦਾ ਕਾਰਤੂਸ ਤੇ ਘਟਨਾਂ ‘ਚ ਵਰਤਿਆ ਮੋਟਰਸਾਇਕਲ ਬਰਾਮਦ ਕਰਵਾ ਲਿਆ।
ਇਸ ਸਬੰਧੀ ਰੱਖੀ ਗਈ ਵਿਸ਼ੇਸ਼ ਪ੍ਰੈਸ ਕਾਨਫਰੰਸ ਦੌਰਾਨ ਜਿਲ੍ਹਾ ਪੁਲਿਸ ਮੁਖੀ ਹਰਜੀਤ ਸਿੰਘ ਨੇ ਦੱਸਿਆ ਕਿ 5 ਜੁਲਾਈ ਨੂੰ ਰਾਤ ਦੇ ਕਰੀਬ 10 ਕੁ ਵਜੇ ਬਰਨਾਲਾ ਸਹਿਰ ਵਾਸੀ ਹਿਮਾਂਸ਼ੂ ਦਾਨੀਆ ਨੂੰ ਕਤਲ ਕਰਨ ਵਾਲੇ ਧਨੌਲਾ ਵਾਸੀ ਹੀ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਹਿਚਾਣ ਸੁਖਪਾਲ ਸਿੰਘ (35) ਪੁੱਤਰ ਦਲ ਸਿੰਘ ਅਤੇ ਕਰਮਜੀਤ ਸਿੰਘ ਉਰਫ਼ ਕਰਮਾ (25) ਪੁੱਤਰ ਹਰਬੰਤ ਸਿੰਘ ਦੋਵੇਂ ਵਾਸੀ ਧਨੌਲਾ ਵਜੋਂ ਹੋਈ ਹੈ। ਪੁਲਿਸ ਅਨੁਸਾਰ ਮੁਲਜ਼ਮ ਸੁਖਪਾਲ ਸਿੰਘ ਅਪਰੈਲ ਮਹੀਨੇ ‘ਚ ਹਿਮਾਂਸ਼ੂ ਦਾਨੀਆਂ ਦੇ ਸ਼ਰਾਬ ਦੇ ਠੇਕੇ ‘ਤੇ ਕਰਿੰਦੇ ਵਜੋਂ ਲੱਗਿਆ ਸੀ ਜਿਸ ਦੀ ਤੀਜੇ ਕੁ ਦਿਨ ਹੀ ਤਕਰਾਰਬਾਜੀ ਹੋ ਗਈ ਅਤੇ ਉਸਨੂੰ ਉਥੋਂ ਹਟਾ ਦਿੱਤਾ ਗਿਆ।
ਜਿਸ ਮਗਰੋਂ ਬਦਲੇ ਦੀ ਭਾਵਨਾ ਤਹਿਤ ਅਤੇ ਆਪਣੇ ਘਰ ਦੀ ਆਰਥਿਕ ਤੰਗੀ ਨੂੰ ਦੂਰ ਕਰਨ ਲਈ ਉਸਨੇ ਆਪਣੇ ਦੂਜੇ ਸਾਥੀ ਨਾਲ ਹਿਮਾਂਸ਼ੂ ਦਾਨੀਆਂ ਦੇ ਆਉਣ ਜਾਣ ਦੀ ਟਰੈਕਿੰਗ ਕਰਦਿਆਂ ਲੁੱਟ ਤੇ ਕਤਲ ਦੀ ਘਟਨਾ ਨੂੰ ਅੰਜ਼ਾਮ ਦਿੱਤਾ। ਘਟਨਾਂ ਦਾ ਭਿਣਕ ਸੀਆਈਏ ਸਟਾਫ਼ ਹੰਡਿਆਇਆ ਦੇ ਇੰਚਾਰਜ਼ ਬਲਜੀਤ ਸਿੰਘ ਦੇ ਖੁਫੀਆ ਸੂਤਰ ਨੇ ਦਿੱਤੀ। ਘਟਨਾਂ ਵੇਲੇ ਮੁਲਜ਼ਮਾਂ ਨੇ ਆਪਣਾਂ ਬੰਦ ਫੋਨ ਹੀ ਕੰਨ ਨੂੰ ਲਗਾ ਕੇ ਸ਼ੱਕ ਪੈਦਾ ਨਾ ਹੋਣ ਦੀ ਤਕਨੀਕ ਵਰਤੀ ਅਤੇ ਬਚਾਅ ਹਿੱਤ ਮੋਟਰਸਾਇਕਲ ‘ਤੇ ਸਹਿਰ ਦੇ ਵੱਖ ਵੱਖ ਖੇਤਰਾਂ ‘ਚੋਂ ਘੁੰਮਾਇਆ। ਐਸਐਸਪੀ ਨੇ ਦੱਸਿਆ ਕਿ ਸੁਖਪਾਲ ਨੇ ਜਿਸ ਦੇਸੀ ਰਿਵਾਲਵਰ ਨਾਲ ਗੋਲੀ ਚਲਾਈ ਉਹ ਰਾਜਸਥਾਨ ਦੇ ਇੱਕ ਵਿਅਕਤੀ ਤੋਂ ਲਿਆਂਦਾ ਸੀ। ਜੋ ਕਿ ਬਰਨਾਲਾ ਜੇਲ੍ਹ ‘ਚ ਬੰਦੀ ਰਿਹਾ ਹੈ।
ਜਿਲ੍ਹਾ ਪੁਲਿਸ ਮੁਖੀ ਅਨੁਸਾਰ ਕਾਬੂ ਕੀਤੇ ਗਏ ਮੁਲਜ਼ਮ ਸੁਖਪਾਲ ਸਿੰਘ ਖਿਲਾਫ਼ ਵੱਖ ਵੱਖ ਥਾਣਿਆਂ ‘ਚ 12 ਅਪਰਾਧਿਕ ਮਾਮਲੇ ਦਰਜ਼ ਹਨ ਅਤੇ ਉਸਦੇ ਦੂਜੇ ਸਾਥੀ ਕਰਮਜੀਤ ਕਰਮਾ ਖਿਲਾਫ਼ 3 ਮਾਮਲੇ ਦਰਜ਼ ਹਨ। ਐਸਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮੁਲਜ਼ਮਾਂ ਕੋਲੋਂ ਹੋਰ ਪੁੱਛਗਿਛ ਰਿਮਾਂਡ ਲੈਣ ਉਪਰੰਤ ਕਰੇਗੀ। ਇਸ ਮਾਮਲੇ ਨੂੰ ਸੁਲਝਾਉੁਣ ‘ਚ ਸੁਖਦੇਵ ਸਿੰਘ ਵਿਰਕ ਐਸਪੀ ਡੀ, ਰਾਜੇਸ਼ ਕੁਮਾਰ ਛਿੱਬਰ ਡੀਐਸਪੀ, ਬਲਜੀਤ ਸਿੰਘ ਸੀਆਈਏ ਹੰਡਿਆਇਆ, ਥਾਣਾ ਸਿਟੀ ਬਰਨਾਲਾ ਦੀ ਐਸਆਈਟੀ ਨੇ ਅਹਿਮ ਸੈਂਟੇਫਿਕ ਢੰਗਾਂ ਨਾਲ ਤਫਤੀਸ ‘ਚ ਭੂਮਿਕਾ ਨਿਭਾਈ।
ਇਨਸਾਫ਼ ਮਿਲਣ ਤੱਕ ਗਵਾਹਾਂ ਨੂੰ ਖੜ੍ਹਨ ਦੀ ਲੋੜ।
ਪ੍ਰੈਸ ਕਾਨਫਰੰਸ ਦੌਰਾਨ ਜਦੋਂ ਪ੍ਰੀਵਾਰ ਨੂੰ ਇਨਸਾਫ਼ ਮਿਲਣ ਸਬੰਧੀ ਸੁਆਲ-ਜੁਆਬ ਹੋ ਰਹੇ ਸਨ ਤਾਂ ਪੁਲਿਸ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਰੋਸ ਮਾਰਚ ਕਰਨ ਵਾਲਿਆਂ ਨੂੰ ਹੁਣ ਪ੍ਰੀਵਾਰ ਨੂੰ ਇਨਸਾਫ਼ ਮਿਲਣ ਤੱਕ ਉਸਦੇ ਨਾਲ ਖੜਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਘਟਨਾ ਤੋਂ ਬਾਅਦ ਮੁਲਜ਼ਮਾਂ ਦੀ ਸੂਹ ਵਾਲੇ ਹੋਰ ਗਵਾਹਾਂ ਨੂੰ ਸਾਹਮਣੇ ਆਉਣਾਂ ਚਾਹੀਦਾ ਤਾਂ ਕਿ ਪ੍ਰੀਵਾਰ ਨੂੰ ਠੋਸ ਗਵਾਹੀਆਂ ਸਦਕਾ ਜਲਦ ਇਨਸਾਫ਼ ਮਿਲ ਸਕੇ। ਜਿਕਰਯੋਗ ਹੈ ਕਿ ਇਸ ਮਾਮਲੇ ਨੂੰ ਲੈ ਕੇ ਸਹਿਰ ਵਾਸੀਆਂ ਤੇ ਕੁਝ ਮੁਲਾਜ਼ਮਾਂ ਵੱਲੋਂ ਪੁਲਿਸ ਖਿਲਾਫ਼ ਦੋ ਵਾਰ ਮੋਮਬੱਤੀ ਤੇ ਮੋਟਰਸਾਇਕਲ ਮਾਰਚ ਕੱਢਿਆ ਗਿਆ ਸੀ ਅਤੇ ਪੁਲਿਸ ਕੀ ਕਾਰਗੁਜ਼ਾਰੀ ‘ਤੇ ਸੁਆਲ ਖੜ੍ਹੇ ਕੀਤੇ ਸਨ।
ਅਜੇ ਪੂਰੀ ਸਤੁੰਸ਼ਟੀ ਨਹੀਂ- ਪੀੜਤ ਮਾਂ
ਹਿਮਾਂਸ਼ੂ ਦਾਨੀਆਂ ਦੇ ਕਤਲ ਮਾਮਲੇ ‘ਚ ਕਾਬੂ ਕੀਤੇ ਗਏ ਮੁਲਜ਼ਮਾਂ ਸਬੰਧੀ ਰੱਖੀ ਗਈ ਪ੍ਰੈਸ ਕਾਨਫਰੰਸ ‘ਚ ਉਸਦੀ ਪੀੜਤ ਮਾਂ ਨੀਰਜ਼ ਰਾਣੀ ਵੀ ਹਾਜ਼ਰ ਸੀ ਜਿਸ ਨੇ ਕਿਹਾ ਕਿ ਮੁਲਜ਼ਮਾਂ ਨੇ ਉਸ ਕੋਲ ਵੀ ਕਤਲ ਸਬੰਧੀ ਮੰਨਿਆ ਹੈ। ਨੀਰਜ਼ ਰਾਣੀ ਨੇ ਕਿਹਾ ਕਿ ਪੁਲਿਸ ਕਾਰਵਾਈ ਤੋਂ ਉਹ ਸਤੁੰਸ਼ਟ ਹੈ ਪ੍ਰੰਤੂ ਉਹ ਪੂਰੀ ਤਰ੍ਹਾਂ ਸਤੁੰਸ਼ਟ ਉਸ ਸਮੇਂ ਹੀ ਹੋਵੇਗੀ ਜਦੋਂ ਅਦਾਲਤ ਨੇ ਉਸਦੇ ਪੁੱਤਰ ਦੇ ਕਾਤਲਾਂ ਨੂੰ ਮੌਤ ਦੀ ਸਜ਼ਾ ਸੁਣਾਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।