ਆਮ ਆਦਮੀ ਪਾਰਟੀ ਦੇ ਦੋ ਫਾੜ ਹੋਣ ਕਾਰਨ ਘੱਟ ਸਕਦੀ ਐ ਵਿਧਾਇਕਾਂ ਦੀ ਗਿਣਤੀ
ਅਕਾਲੀ-ਭਾਜਪਾ ਕੋਲ ਹਨ 17 ਵਿਧਾਇਕ, ਆਪ ਨੂੰ ਚਾਹੀਦੇ ਹਨ 18 ਵਿਧਾਇਕ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਪਿਛਲੇ ਡੇਢ ਸਾਲ ਤੋਂ ਨੁੱਕਰ ‘ਚ ਲੱਗੇ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਮੁੜ ਤੋਂ ਵਿਧਾਨ ਸਭਾ ਵਿੱਚ ਸਰਦਾਰੀ ਕਾਇਮ ਹੋ ਸਕਦੀ ਹੈ, ਕਿਉਂਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਦੋ ਫਾੜ ਹੋਣ ਦੇ ਕਾਰਨ ਵਿਧਾਨ ਸਭਾ ਵਿੱਚ ਇਨ੍ਹਾਂ ਦੀ ਗਿਣਤੀ ਘੱਟ ਹੋ ਸਕਦੀ ਹੈ, ਇਸ ਸੂਰਤ ਵਿੱਚ ਵਿਰੋਧੀ ਧਿਰ ਦੇ ਲੀਡਰ ਦੀ ਕੁਰਸੀ ਸ਼੍ਰੋਮਣੀ ਅਕਾਲੀ ਦਲ ਦੇ ਖਾਤੇ ਵਿੱਚ ਜਾ ਸਕਦੀ ਹੈ। ਇਸ ਜੋੜ-ਤੋੜ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲ ਦਲ ਨੇ ਆਪਣੀ ਸਰਗਰਮੀ ਵਧਾ ਦਿੱਤੀ ਹੈ ਤਾਂ ਕਿ ਕਿਸੇ ਵੀ ਹਾਲਤ ਵਿੱਚ ਵਿਰੋਧੀ ਧਿਰ ਵਜੋਂ ਉਹ ਵਾਪਸੀ ਕਰ ਸਕਣ।
ਇਸ ਸਮੇਂ ਦੀ ਤਾਜ਼ਾ ਤਸਵੀਰ ਅਨੁਸਾਰ ਆਮ ਆਦਮੀ ਪਾਰਟੀ ਕੋਲ 20 ਵਿਧਾਇਕ ਹਨ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਕੋਲ 14 ਅਤੇ ਅਤੇ ਭਾਜਪਾ ਕੋਲ 3 ਵਿਧਾਇਕ ਹਨ। ਆਮ ਆਦਮੀ ਪਾਰਟੀ ਦੁਫਾੜ ਹੋਣ ਕਾਰਨ ਇੱਕ ਪਾਸੇ 9 ਵਿਧਾਇਕ ਹਨ ਅਤੇ ਦੂਜੇ ਪਾਸੇ 11 ਵਿਧਾਇਕ ਹਨ, ਇਸ ਲਈ ਆਮ ਆਦਮੀ ਪਾਰਟੀ ਦੇ ਦੋਵਾਂ ਗੁੱਟਾਂ ਦੇ ਵਿਧਾਇਕਾਂ ਦੀ ਗਿਣਤੀ ਸ਼੍ਰੋਮਣੀ ਅਕਾਲੀ ਦਲ ਤੋਂ ਘੱਟ ਰਹਿ ਸਕਦੀ ਹੈ। ਇਸ ਸੂਰਤ ਵਿੱਚ ਵਿਧਾਨ ਸਭਾ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਵਿਰੋਧੀ ਧਿਰ ਬਣਨ ਲਈ ਅੱਗੇ ਆ ਸਕਦਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਅਤੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਤਾਂ ਇੱਥੋਂ ਤੱਕ ਦਾਅਵਾ ਕਹਿ ਰਹੇ ਹਨ ਕਿ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਦਰਜਾ ਹੁਣ ਅਕਾਲੀ ਦਲ ਦੇ ਹੱਥ ਹੀ ਆਏਗਾ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਆਮ ਆਦਮੀ ਪਾਰਟੀ ਦੇ 6 ਵਿਧਾਇਕ ਆਮ ਆਦਮੀ ਪਾਰਟੀ ਨੂੰ ਛੱਡ ਦਿੰਦੇ ਹਨ ਜਾਂ ਫਿਰ ਕਿਸੇ ਹੋਰ ਪਾਰਟੀ ਵਿੱਚ ਚਲੇ ਜਾਂਦੇ ਹਨ ਜਾਂ ਫਿਰ ਆਪਣੇ ਲੀਡਰ ਨੂੰ ਵੋਟ ਨਹੀਂ ਦਿੰਦੇ ਹਨ ਤਾਂ ਹਰ ਹਾਲ ਆਮ ਆਦਮੀ ਪਾਰਟੀ ਦੇ ਹੱਥੋਂ ਵਿਰੋਧੀ ਧਿਰ ਦਾ ਦਰਜਾ ਖੁੱਸ ਜਾਣਾ ਤੈਅ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਵਿਧਾਇਕ ਹੀ ਵਿਰੋਧੀ ਧਿਰ ਦਾ ਲੀਡਰ ਆਏਗਾ।
ਸ਼੍ਰੋਮਣੀ ਅਕਾਲੀ ਦਲ ਨੇ ਅੰਦਰ ਖਾਤੇ ਗੇਮ ਖੇਡਣੀ ਵੀ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਸਮਾਂ ਰਹਿੰਦੇ ਹੋਏ ਉਹ ਆਪਣੇ ਗੇਮ ਪਲਾਨ ਨਾਲ ਵਿਧਾਨ ਸਭਾ ਵਿੱਚ ਮੁੱਖ ਵਿਰੋਧੀ ਧਿਰ ਵਜੋਂ ਵਾਪਸੀ ਕਰ ਲੈਣ।
ਮਜੀਠੀਆ-ਖਹਿਰਾ ‘ਚ ਮੀਟਿੰਗ ਦੀ ਅਫਵਾਹ
ਵਿਰੋਧੀ ਧਿਰ ਦੇ ਲੀਡਰ ਨੂੰ ਲੈ ਕੇ ਬਿਕਰਮ ਮਜੀਠੀਆ ਅਤੇ ਸੁਖਪਾਲ ਖਹਿਰਾ ਵਿਚਕਾਰ ਮੀਟਿੰਗ ਹੋਣ ਸਬੰਧੀ ਮੰਗਲਵਾਰ ਨੂੰ ਸਾਰਾ ਦਿਨ ਹੀ ਅਫ਼ਵਾਹਾਂ ਦਾ ਦੌਰ ਜਾਰੀ ਰਿਹਾ ਸੀ। ਇੱਕ ਖਬਰੀ ਚੈੱਨਲ ਨੇ ਤਾਂ ਦੋਵਾਂ ਲੀਡਰਾਂ ਦੀ ਮੀਟਿੰਗ ਹੋਣ ਸਬੰਧੀ ਤਸਦੀਕ ਕਰਦੇ ਹੋਏ ਖ਼ਬਰ ਤੱਕ ਚਲਾਈ। ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਮੁੱਖ ਵਿਰੋਧੀ ਧਿਰ ਦਾ ਦਰਜਾ ਹਾਸਲ ਕਰਨ ਲਈ ਕਿੰਨੀ ਤੇਜ਼ੀ ਨਾਲ ਕੋਸ਼ਿਸ਼ ਕਰ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।