ਸੁਖਪਾਲ ਖਹਿਰਾ ਨੇ ਕਿਹਾ ਉਸਦੇ ਸਾਥੀ ਵਿਧਾਇਕਾਂ ਨੂੰ ਡਰਾ ਧਮਕਾ ਰਹੀ ਹੈ ਆਪ ਹਾਈਕਮਾਨ | Sukhpal Khaira
- ਦਿੱਲੀ ਵਿਖੇ ਆਪ ਹਾਈਕਮਾਨ ਨਾਲ ਮੀਟਿੰਗ ਲੈਣ ਲਈ ਰਵਾਨਾ ਹੋਏ ਖਹਿਰਾ ਤੇ ਉਨਾ ਦੇ ਸਾਥੀ ਵਿਧਾਇਕ | Sukhpal Khaira
ਬਰਨਾਲਾ, (ਜੀਵਨ ਰਾਮਗੜ/ਸੱਚ ਕਹੂੰ ਨਿਊਜ਼)। ਆਮ ਆਦਮੀ ਪਾਰਟੀ ਹਾਈਕਮਾਨ ਵੱਲੋਂ ਵਿਰੋਧੀ ਧਿਰ ਨੇਤਾ ਦੇ ਅਹੁਦੇ ਤੋਂ ਲਾਂਭੇ ਕਰਨ ਪਿੱਛੋਂ ਸੁਖਪਾਲ ਸਿੰਘ ਖਹਿਰਾ ਅੱਜ ਬਰਨਾਲਾ ਵਿਖੇ ਪੁੱਜੇ। ਸਥਾਨਕ ਰੈਸਟ ਹਾਊਸ ਵਿਖੇ ਉਨ੍ਹਾਂ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ‘ਦਿੱਲੀ’ ਦੀ ਗੁਲਾਮੀਂ ਨਹੀਂ ਕਰਨਗੇ। ਖਹਿਰਾ ਨੇ ਆਪ ਦੀ ਹਾਈਕਮਾਨ ‘ਤੇ ਉਨ੍ਹਾਂ ਨਾਲ ਖੜ੍ਹੇ ਵਿਧਾਇਕਾਂ ਨੂੰ ਧਮਕਾਉਣ ਤੇ ਡਰਾਉਣ ਦੇ ਦੋਸ਼ ਵੀ ਲਗਾਏ। ਮੀਡੀਆ ਦੇ ਮੁਖ਼ਤਿਬ ਹੁੰਦਿਆਂ ਕਿਹਾ ਕਿ ਉਹ ਪਾਰਟੀ ‘ਚ ਬਗਾਵਤ ਨਹੀ ਕਰ ਰਹੇ ਬਲਕਿ ਪਾਰਟੀ ‘ਚ ਖਤਮ ਹੁੰਦੀ ਜ਼ਮਹੂਰੀਅਤ ਦੇ ਖਿਲਾਫ਼ ਉੱਤਰੇ ਹਨc
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹਾਈਕਮਾਨ ਨੇ ਤਾਂ ਅਕਾਲੀਆਂ ਦੇ ‘ਲਿਫਾਫਾ ਕਲਚਰ’ ਨੂੰ ਵੀ ਮਾਤ ਦਿੰਦਿਆਂ ‘ਬਟਨ ਕਲਚਰ’ ਸ਼ੁਰੂ ਕਰ ਦਿੱਤਾ ਅਤੇ ਦਿੱਲੀ ਬੈਠਿਆਂ ਹੀ ‘ਟਵੀਟ’ ਦਾ ਬਟਨ ਦੱਬ ਕੇ ਅਹੁਦੇ ਤੋਂ ਲਾਹੁਣ ਦੀ ਪ੍ਰਕਿਰਿਆ ਸ਼ੂਰੂ ਕਰ ਦਿੱਤੀ ਹੈ। ਉੁਨ੍ਹਾਂ ਕਿਹਾ ਕਿ ਬਿਨ੍ਹਾਂ ਕੋਈ ਨੋਟਿਸ, ਬਿਨ੍ਹਾਂ ਕੋਈ ਕਸੂਰ, ਬਿਨ੍ਹਾਂ ਕਿਸੇ ਰਾਇ ਮਸ਼ਵਰੇ ਦੇ ਸਨਮਾਨਜਨਕ ਅਹੁਦੇ ਤੋਂ ਹਟਾ ਦੇਣਾਂ ਕਿਥੋਂ ਦੀ ਜ਼ਮਹੂਰੀਅਤ ਹੈ? ਸ੍ਰੀ ਖਹਿਰਾ ਨੇ ਕਿਹਾ ਕਿ ਉਹ ਅਹੁਦੇ ਤੋਂ ਲਾਹੇ ਜਾਣ ਦੇ ਖਿਲਾਫ਼ ਨਹੀਂ ਬਲਕਿ ਉਸ ਪ੍ਰਕਿਰਿਆ ਦੇ ਖਿਲਾਫ਼ ਨੇ ਜਿਸ ਤਹਿਤ ਉਨ੍ਹਾਂ ਨੂੰ ਹਟਾਇਆ ਗਿਆ ਹੈ। ਉਨ੍ਹਾਂ ਅਪੀਲ ਕੀਤੀ ਕਿ ਆਪ ਦੇ ਵਿਧਾਇਕਾਂ ਨੂੰ ਆਮ ਲੋਕਾਂ ਦੀ ਨਬਜ਼ ਟਟੋਲ ਕੇ ਜ਼ਮੀਰ ਦੀ ਅਵਾਜ਼ ਸੁਣ ਕੇ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਪੰਜਾਬ, ਹਰਿਆਣਾ ’ਚ ਭਾਰੀ ਮੀਂਹ ਦੀ ਚੇਤਾਵਨੀ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਉਨ੍ਹਾਂ ਆਪ ਹਾਈ ਕਮਾਨ ‘ਤੇ ਬਹਿਬਲ ਕਲਾਂ ਸਮੇਤ ਵੱਖ ਵੱਖ ਪੰਜਾਬ ਤੇ ਪੰਜਾਬੀਅਤ ਦੇ ਹਿਤੈਸ਼ੀ ਮੁੱਦਿਆਂ ਤੋਂ ਟਾਲ਼ਾ ਵੱਟਣ ਦਾ ਦਬਾਅ ਪਾਉਣ ਦੇ ਦੋਸ਼ ਵੀ ਲਗਾਏ। ਬਰਨਾਲਾ ਮੀਟਿੰਗ ਤੋਂ ਬਾਅਦ ਉਨ੍ਹਾਂ ਅੱਜ ਦਿੱਲੀ ਵਿਖੇ ਆਪ ਹਾਈਕਮਾਨ ਵਲੋਂ ਬੁਲਾਈ ਗਈ ਮੀਟਿੰਗ ਚ ਹਿੱਸਾ ਲੈਣ ਲਈ ਆਪਸੀ ਰਾਏ ਤੋਂ ਬਾਅਦ ਰਵਾਨਗੀ ਪਾ ਦਿੱਤੀ| ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਭਦੌੜ ਤੋਂ ਵਿਧਾਇਕ ਪਿਰਮਲ ਸਿੰਘ ਧੌਲਾ, ਹਲਕਾ ਮੌੜ ਤੋਂ ਵਿਧਾਇਕ ਜਗਦੇਵ ਸਿੰਘ ਕਮਾਲੂ, ਹਲਕਾ ਮਾਨਸਾ ਤੋਂ ਨਾਜ਼ਰ ਸਿੰਘ ਮਾਨਸ਼ਾਹੀਆ, ਜਿਲ੍ਹਾ ਬਰਨਾਲਾ ਦੇ ਆਪ ਪ੍ਰਧਾਨ ਕਾਲ਼ਾ ਢਿੱਲੋਂ, ਐਡਵੋਕੇਟ ਨਰੇਸ਼ ਕੁਮਾਰੀ ਬਾਵਾ ਸਮੇਤ ਯੂਥ ਆਗੂ ਹਾਜ਼ਰ ਸਨ।