ਸਰਕਾਰ ਵੱਲ ਪਾਵਰਕੌਮ ਦੀ 4768.55 ਕਰੋੜ ਦੀ ਸਬਸਿਡੀ ਦੀ ਰਕਮ ਬਕਾਇਆ | Powercom
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਪੰਜਾਬ ਸਰਕਾਰ ਵੱਲੋਂ ਪਾਵਰਕੌਮ (Powercom) ਨੂੰ ਮੁਫ਼ਤ ਦਿੱਤੀ ਜਾਣ ਵਾਲੀ ਬਿਜਲੀ ਸਬੰਧੀ ਜਾਰੀ ਕੀਤੀ ਜਾਣ ਵਾਲੀ ਸਬਸਿਡੀ ਡੰਗ ਟਪਾਊ ਨੀਤੀ ਤਹਿਤ ਹੀ ਜਾਰੀ ਕੀਤੀ ਜਾ ਰਹੀ ਹੈ। ਆਲਮ ਇਹ ਹੈ ਕਿ ਪਾਵਰਕੌਮ ਦੀ ਸਰਕਾਰ ਵੱਲ ਅਜੇ ਪਿਛਲੇ ਸਾਲਾਂ ਦੀ ਹੀ ਹਜ਼ਾਰਾਂ ਕਰੋੜ ਰੁਪਏ ਦੀ ਸਬਸਿਡੀ ਦੀ ਰਕਮ ਪੈਡਿੰਗ ਖੜ੍ਹੀ ਹੈ। ਇਸ ਚਾਲੂ ਵਰ੍ਹੇ ਦੀ ਸਬਸਿਡੀ ਦਾ ਸਰਕਾਰ ਵੱਲੋਂ ਅਜੇ ਤੱਕ ਇੱਕ ਨਵਾਂ ਪੈਸਾ ਵੀ ਜਾਰੀ ਨਹੀਂ ਕੀਤਾ ਗਿਆ। ਇੱਧਰ ਪਾਵਰਕੌਮ ਦੀ ਹਾਲਤ ਦਿਨੋਂ ਦਿਨ ਪਤਲੀ ਹੁੰਦੀ ਜਾ ਰਹੀ ਹੈ ਤੇ ਲੋਨਾਂ ਦੇ ਸਹਾਰੇ ਆਪਣੀ ਗੱਡੀ ਰੋੜੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਭਾਵੇਂ ਪਿਛਲੇ ਦਿਨੀਂ ਸਰਕਾਰ ਵੱਲੋਂ 400 ਕਰੋੜ ਦੀ ਸਬਸਿਡੀ ਦੀ ਰਕਮ ਜਾਰੀ ਕਰ ਦਿੱਤੀ ਹੈ, ਪਰ ਇਸ ਨਾਲ ਤਾਂ ਪਿਛਲੇ ਸਾਲਾਂ ਦੀ ਸਬਸਿਡੀ ਦਾ ਵੀ ਹਿਸਾਬ ਕਿਤਾਬ ਪੂਰ ਨਹੀਂ ਚੜ੍ਹਿਆ। ਪਾਵਰਕੌਮ ਦੀ ਸਰਕਾਰ ਵੱਲ ਪਿਛਲੇ ਦੋ ਤਿੰਨ ਸਾਲਾਂ ਦੀ ਅਜੇ 4768. 55 ਕਰੋੜ ਦੀ ਸਬਸਿਡੀ ਦੀ ਰਕਮ ਪੈਡਿੰਗ ਖੜ੍ਹੀ ਹੈ। ਜਦਕਿ ਸਰਕਾਰ ਵੱਲੋਂ ਅਜੇ ਤੱਕ ਸਿਰਫ਼ 2026. 01 ਕਰੋੜ ਦੀ ਹੀ ਅਦਾਇਗੀ ਕੀਤੀ ਗਈ ਹੈ।
ਸਰਕਾਰ ਵੱਲ ਪਾਵਰਕੌਮ ਦੀ ਹਰ ਮਹੀਨੇ ਲਗਭਗ 750 ਕਰੋੜ ਰੁਪਏ ਦੀ ਸਬਸਿਡੀ ਦੀ ਰਕਮ ਬਣਦੀ ਹੈ। ਪਾਵਰਕੌਮ ਦੇ ਸਾਲ 2018-19 ਟੈਰਿਫ ਅਨੁਸਾਰ ਸਰਕਾਰ ਵੱਲੋਂ ਪਾਵਰਕੌਮ ਨੂੰ ਕੁੱਲ 13718.02 ਕਰੋੜ ਦੀ ਸਬਸਿਡੀ ਦਾ ਭੁਗਤਾਨ ਕਰਨਾ ਹੈ, ਜਿਸ ‘ਚੋਂ ਲਗਭਗ 9 ਹਜ਼ਾਰ ਕਰੋੜ ਰੁਪਏ ਦੀ ਸਬਸਿਡੀ ਦੀ ਰਕਮ ਬਕਾਇਆ ਹੈ। ਪਾਵਰਕੌਮ ਲਈ ਮੁਸ਼ਕਿਲ ਦੀ ਗੱਲ ਇਹ ਹੈ ਕਿ ਚੱਲ ਰਹੇ ਚਾਲੂ ਵਰ੍ਹੇ ਦਾ ਤਾਂ ਸਰਕਾਰ ਵੱਲੋਂ ਅਜੇ ਤੱਕ ਇੱਕ ਵੀ ਧੇਲਾ ਸਬਸਿਡੀ ਦਾ ਨਹੀਂ ਦਿੱਤਾ ਗਿਆ। ਇਸ ਵਰ੍ਹੇ ਤੱਕ ਸਰਕਾਰ ਉਸ ਸਮੇਂ ਹੀ ਪੁੱਜੇਗੀ ਜਦੋਂ ਪਿਛਲੇ ਸਾਲਾਂ ਦੀ ਸਬਸਿਡੀ ਦਾ ਹਿਸਾਬ ਬਰਾਬਰ ਕਰੇਗੀ।
ਪਾਵਰਕੌਮ ਕਰਜ਼ੇ ਚੁੱਕ ਕੇ ਚਲਾ ਰਹੀ ਐ ਆਪਣੀ ਗੱਡੀ | Powercom
ਦੱਸਣਯੋਗ ਹੈ ਕਿ ਸਬਸਿਡੀ ਦੀ ਰਕਮ ਨਾ ਮਿਲਣ ਕਾਰਨ ਪਿਛਲੇ ਦਿਨੀ ਹੀ ਰੈਗੂਲੇਟਰੀ ਕਮਿਸ਼ਨ ਵੱਲੋਂ ਪਾਵਰਕੌਮ ਦੀ ਹਾਲਤ ਨੂੰ ਦੇਖਦਿਆਂ ਆਦੇਸ਼ ਦਿੱਤੇ ਗਏ ਹਨ ਕਿ ਜੇਕਰ ਸਰਕਾਰ ਸਬੰਧਿਤ ਸਬਡਿਸੀ ਦੀ ਰਕਮ ਮੁਹੱਈਆ ਨਹੀਂ ਕਰਵਾ ਰਹੀ ਤਾਂ, ਪਾਵਰਕੌਮ ਵੱਲੋਂ ਮੁਫਤ ਦਿੱਤੀ ਜਾ ਰਹੀ ਬਿਜਲੀ ਵਾਲਿਆਂ ਤੋਂ ਬਿੱਲ ਲਾ ਕੇ ਵਸੂਲ ਸਕਦੀ ਹੈ। ਪਾਵਰਕੌਮ ਵੱਲੋਂ ਇਹ ਮੁਫ਼ਤ ਬਿਜਲੀ ਕਿਸਾਨਾਂ ਨੂੰ ਟਿਊਬਵੈੱਲਾਂ ਸਮੇਤ ਹੋਰ ਕੈਟਾਗਰੀਆਂ ਨੂੰ ਦਿੱਤੀ ਜਾ ਰਹੀ ਹੈ, ਜਿਸਦੀ ਸਰਕਾਰ ਵੱਲੋਂ ਅਡਵਾਸ ‘ਚ ਹੀ ਬਣਦੀ ਸਬਸਿਡੀ ਦੀ ਰਕਮ ਪਾਵਰਕੌਮ ਨੂੰ ਮੁਹੱਈਆ ਕਰਵਾਉਣੀ ਬਣਦੀ ਹੈ, ਪਰ ਇੱਥੇ ਉਲਟਾ ਹੋ ਰਿਹਾ ਹੈ ਕਿ ਅਜੇ ਪਿਛਲੇ ਸਾਲਾਂ ਦੀ ਹੀ ਸਬਸਿਡੀ ਪ੍ਰਾਪਤ ਨਹੀਂ ਹੋਈ। ਇੱਧਰ ਪਾਵਰਕੌਮ ਦੀ ਵਿੱਤੀ ਹਾਲਤ ਇਹ ਹੈ ਕਿ ਉਸ ਵੱਲੋਂ ਲੋਨ ਲੈ ਕੇ ਆਪਣਾ ਡੰਗ ਡਪਾਇਆ ਜਾ ਰਿਹਾ ਹੈ। ਇਸੇ ਕਾਰਨ ਹੀ ਉਸ ਵੱਲੋਂ ਆਏ ਸਾਲ ਰੈਗੂਲੇਟਰੀ ਕਮਿਸ਼ਨ ਕੋਲ ਬਿਜਲੀ ਵਾਧੇ ਲਈ ਆਪਣੀ ਗੁਹਾਰ ਲਗਾਈ ਜਾਂਦੀ ਹੈ, ਜਿਸ ਕਾਰਨ ਪੰਜਾਬ ਦੇ ਖਪਤਕਾਰਾਂ ‘ਤੇ ਬੋਝ ਪਾਇਆ ਜਾਂਦਾ ਹੈ।
ਸਰਕਾਰ ਨਾਲ ਲਗਾਤਾਰ ਰਾਬਤਾ ਕਾਇਮ : ਡਾਇਰੈਕਟਰ ਫਾਇਨਾਂਸ | Powercom
ਇੱਧਰ ਜਦੋਂ ਪਾਵਰਕੌਮ ਦੇ ਡਾਇਰਕੈਟਰ ਫਾਇਨਾਂਸ ਜਤਿੰਦਰ ਗੋਇਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਮੰੰਨਿਆ ਕਿ ਉਨ੍ਹਾਂ ਦੀ ਪਿਛਲੇ ਸਾਲਾਂ ਦੀ ਰਕਮ ਪੈਡਿੰਗ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਸਬਸਿਡੀ ਦੀ ਰਕਮ ਲੈਣ ਲਈ ਲਗਾਤਾਰ ਸੰਪਰਕ ਬਣਾਇਆ ਜਾਂਦਾ ਹੈ, ਜਿਸ ਕਾਰਨ ਹੀ ਪਿਛਲੇ ਦਿਨੀਂ 400 ਕਰੋੜ ਦੀ ਰਕਮ ਪਾਵਰਕੌਮ ਦੇ ਖਾਤੇ ਆਈ ਹੈ।