ਸੋਸ਼ਲ ਮੀਡੀਆ ‘ਤੇ ਜ਼ਾਹਿਰ ਕੀਤਾ ਦੁਖ | Sukhpal Khaira
- ਡਾ. ਬਲਬੀਰ ਸਿੰਘ ਖ਼ਿਲਾਫ਼ ਜੰਮ ਕੇ ਕੀਤਾ ਹਮਲਾ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਮੈਂ ਬਹੁਤ ਹੀ ਦੁਖੀ ਹਾਂ, ਕਿਉਂਕਿ ਮੈਂ ਅਕਾਲੀ ਦਲ ਤੇ ਭਾਜਪਾ ਜਾਂ ਫਿਰ ਕਾਂਗਰਸ ਖ਼ਿਲਾਫ਼ ਲੜਾਈ ਲੜਾ ਜਾਂ ਫਿਰ ਆਪਣੀ ਹੀ ਪਾਰਟੀ ਦੇ ਲੀਡਰਾਂ ਖ਼ਿਲਾਫ਼ ਲੜਾਈ ਲੜਨ, ਕਿਉਂਕਿ ਉਨ੍ਹਾਂ ਦੀ ਪਾਰਟੀ ਦੇ ਸੀਨੀਅਰ ਲੀਡਰ ਹੀ ਉਨ੍ਹਾਂ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਹਨ। ਇਸ ਲਈ ਉਹ ਇਸ ਮਾਮਲੇ ਨੂੰ ਪਾਰਟੀ ਹਾਈ ਕਮਾਨ ਤੱਕ ਲੈ ਕੇ ਜਾਣਗੇ ਤਾਂ ਕਿ ਸਾਰਾ ਮਾਮਲਾ ਇੱਕ ਪਾਸੇ ਹੋ ਸਕੇ। ਇਹ ਦੁਖੜਾ ਸੁਖਪਾਲ ਖਹਿਰਾ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਜਾਰੀ ਕਰਦੇ ਹੋਏ ਰੋਇਆ ਹੈ। (Sukhpal Khaira)
ਸੁਖਪਾਲ ਖਹਿਰਾ ਨੇ ਆਪਣੀ ਇਸ ਵੀਡੀਓ ਵਿੱਚ ਆਪਣੀ ਪਾਰਟੀ ਦੇ ਉਪ ਪ੍ਰਧਾਨ ਡਾ. ਬਲਬੀਰ ਸਿੰਘ ‘ਤੇ ਜੰਮ ਕੇ ਹਮਲਾ ਕੀਤਾ ਹੈ। ਸੁਖਪਾਲ ਖਹਿਰਾ ਨੇ ਆਪਣੀ ਵੀਡੀਓ ਵਿੱਚ ਕਿਹਾ ਹੈ ਕਿ ਉਨ੍ਹਾਂ ਖ਼ਿਲਾਫ਼ ਡਾ. ਬਲਬੀਰ ਸਿੰਘ ਵਰਕਰਾਂ ਤੇ ਪਾਰਟੀ ਲੀਡਰਾਂ ਨੂੰ ਝੂਠਾ ਪ੍ਰਚਾਰ ਕਰਕੇ ਭੜਕਾ ਰਹੇ ਹਨ ਖਹਿਰਾ ਨੇ ਕਿਹਾ ਕਿ ਪਿਛਲੇ ਦਿਨੀਂ ਉਹ ਪਟਿਆਲਾ ਗਏ ਸਨ, ਜਿੱਥੇ ਕਿ ਵਰਕਰਾਂ ਨਾਲ ਮੀਟਿੰਗ ਕੀਤੀ ਤੇ ਚਾਹ-ਪਾਣੀ ਪੀਣ ਤੋਂ ਬਾਅਦ ਉਨ੍ਹਾਂ ਨੂੰ ਇੱਕ ਵਰਕਰ ਨੇ ਇੱਕ ਸ਼ਾਦੀ ਦਾ ਕਾਰਡ ਦਿੱਤਾ, ਜਿਸ ਨੂੰ ਲੈ ਕੇ ਉਹ ਵਾਪਸ ਆ ਗਏ।
ਇਹ ਵੀ ਪੜ੍ਹੋ : ਪੱਛਮੀ ਬੰਗਾਲ ਪੰਚਾਇਤੀ ਚੋਣਾਂ ’ਚ ਹਿੰਸਾ ਦੁਖਦਾਈ
ਇਸ ਤੋਂ ਕੁਝ ਦਿਨਾਂ ਬਾਅਦ ਸ਼ੁਤਰਾਣਾ ਹਲਕੇ ਦੇ ਕੁਝ ਪਾਰਟੀ ਲੀਡਰ ਡਾ. ਬਲਬੀਰ ਸਿੰਘ ਨੂੰ ਮਿਲਣ ਲਈ ਗਏ ਤਾਂ ਡਾ. ਬਲਬੀਰ ਸਿੰਘ ਨੇ ਉਨ੍ਹਾਂ ਨੂੰ ਕਿਹਾ ਕਿ ਸੁਖਪਾਲ ਖਹਿਰਾ ਤਾਂ ਪਾਰਟੀ ਲੀਡਰਾਂ ਤੋਂ ਹੀ ਨੋਟਾਂ ਦੇ ਲਿਫਾਫੇ ਲੈਣ ‘ਚ ਲੱਗੇ ਹੋਏ ਹਨ। ਖਹਿਰਾ ਨੇ ਕਿਹਾ ਕਿ ਇਸ ਮਾਮਲੇ ‘ਚ ਉਨ੍ਹਾਂ ਨੇ ਡਾ. ਬਲਬੀਰ ਸਿੰਘ ਨੂੰ ਪੁੱਛਿਆ ਤਾਂ ਉਹ ਮੁੱਕਰ ਗਏ ਪਰ ਉਨ੍ਹਾਂ ਡਾ. ਬਲਬੀਰ ਸਿੰਘ ਨੂੰ ਕਹਿ ਦਿੱਤਾ ਹੈ ਕਿ ਉਨ੍ਹਾਂ ਨੂੰ ਸ਼ੁਤਰਾਣਾ ਦੇ ਲੀਡਰਾਂ ਦਾ ਸਾਹਮਣਾ ਕਰਨਾ ਪਏਗਾ, ਜਿਨ੍ਹਾਂ ਕੋਲ ਉਨ੍ਹਾਂ ਝੂਠੇ ਦੋਸ਼ ਲਗਾਏ ਹਨ।
ਖਹਿਰਾ ਨੇ ਕਿਹਾ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕਿ ਇਸ ਤੋਂ ਪਹਿਲਾਂ ਵੀ ਡਾ. ਬਲਬੀਰ ਸਿੰਘ ਨੇ ਕਈ ਵਾਰ ਉਨ੍ਹਾਂ ‘ਤੇ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਰੈਫਰੰਡਮ 2020 ਨੂੰ ਸਮਰਥਨ ਕਰਨ ਬਾਰੇ ਉਨ੍ਹਾਂ ‘ਤੇ ਦੋਸ਼ ਲਗੇ ਸਨ ਤਾਂ ਵਿਰੋਧੀ ਪਾਰਟੀਆਂ ਨੇ ਤਾਂ ਬਾਅਦ ਵਿੱਚ ਹਮਲਾ ਕਰਨਾ ਸੀ, ਪਹਿਲਾਂ ਡਾ. ਬਲਬੀਰ ਸਿੰਘ ਨੇ ਬਿਆਨ ਜਾਰੀ ਕੀਤਾ ਕੇ ਇਸ ਮਾਮਲੇ ਵਿੱਚ ਉਹ ਖਹਿਰਾ ਤੋਂ ਸਪੱਸ਼ਟੀਕਰਨ ਲੈਣਗੇ, ਜਿਸ ਕਾਰਨ ਵਿਰੋਧੀਆਂ ਨੂੰ ਉਨ੍ਹਾਂ ‘ਤੇ ਹਮਲਾ ਕਰਨ ਦਾ ਮੌਕਾ ਮਿਲ ਗਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਉਨ੍ਹਾਂ ਨੇ ਮਨੀਸ਼ ਸਸੋਦੀਆ ਨੂੰ ਜਾਣਕਾਰੀ ਦੇ ਦਿੱਤੀ ਹੈ ਤੇ ਜਲਦ ਹੀ ਉਹ ਮਨੀਸ਼ ਸਸੋਦੀਆ ਨੂੰ ਮਿਲਣ ਲਈ ਦਿੱਲੀ ਜਾ ਰਹੇ ਹਨ।
ਪਾਰਟੀ ਫੋਰਮ ਤੋਂ ਬਾਹਰ ਗੱਲ ਕਰਨਾ ਗਲਤ: ਡਾ. ਬਲਬੀਰ | Sukhpal Khaira
ਖਹਿਰਾ ਵੱਲੋਂ ਲਗਾਏ ਦੋਸ਼ਾਂ ਬਾਰੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਚੰਗਾ ਹੁੰਦਾ ਕਿ ਸੁਖਪਾਲ ਖਹਿਰਾ ਪਾਰਟੀ ਫੋਰਮ ‘ਤੇ ਇਸ ਬਾਰੇ ਗੱਲਬਾਤ ਕਰਦੇ ਤੇ ਹਰ ਤਰ੍ਹਾਂ ਦਾ ਸ਼ੱਕ ਦੂਰ ਕੀਤਾ ਜਾ ਸਕਦਾ ਸੀ ਪਰ ਖਹਿਰਾ ਨੇ ਪਾਰਟੀ ਫੋਰਮ ਨੂੰ ਛੱਡ ਕੇ ਪਾਰਟੀ ਦੇ ਮਸਲੇ ਜਨਤਕ ਕੀਤੇ ਹਨ ਪਰ ਉਹ ਇਹੋ ਜਿਹਾ ਕੁਝ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਉਹ ਆਪਣਾ ਪੱਖ ਜਾਂ ਫਿਰ ਗੱਲਬਾਤ ਸਿਰਫ਼ ਪਾਰਟੀ ਫੋਰਮ ‘ਤੇ ਹੀ ਰੱਖਣਗੇ।