ਪੁਰਾਣੀਆਂ ਮੰਗਾਂ ਦੇ ਹੱਕ ‘ਚ ਅੱਜ ਤੋਂ ਹੜਤਾਲ ਸ਼ੁਰੂ ਕਰਨ ਦਾ ਐਲਾਨ | Strike
ਨਵੀਂ ਦਿੱਲੀ (ਏਜੰਸੀ)। ਸਰਕਾਰ ਦੀ ਟਰਾਂਸਪੋਰਟ ਨੀਤੀ ਵਿਰੁੱਧ ਸ਼ੁੱਕਰਵਾਰ ਤੋਂ ਟਰੱਕ ਆਪਰੇਟਰ ਅਤੇ ਟਰਾਂਸਪੋਰਟਰ ਬੇਮਿਆਦੀ ਹੜਤਾਲ ਸ਼ੁਰੂ ਕਰਨਗੇ। ਟਰੱਕ ਅਤੇ ਬੱਸ ਆਪਰੇਟਰਜ਼ ਸੰਗਠਨ (ਏਆਈਐੱਮਟੀਸੀ) ਨੇ ਆਪਣੀਆਂ ਪੁਰਾਣੀਆਂ ਮੰਗਾਂ ਦੇ ਹੱਕ ‘ਚ ਅੱਜ 20 ਜੁਲਾਈ ਤੋਂ ਹੜਤਾਲ ‘ਤੇ ਜਾਣ ਦਾ ਐਲਾਨ ਕੀਤਾ ਹੈ। ਜਾਣਕਾਰੀ ਅਨੁਸਾਰ ਸਰਕਾਰ ਨੇ ਟਰਾਂਸਪੋਰਟਰਾਂ ਨੂੰ ਮਨਾਉਣ ਲਈ ਕੁਝ ਰਿਆਇਤਾਂ ਦੇਣ ਦੀ ਪੇਸਕਸ਼ ਕੀਤੀ ਸੀ। ਇਸ ਵਿੱਚ ਲੋਡਿੰਗ ਸੀਮਾ ਵਧਾਉਣ ਨਾਲ-ਨਾਲ ਦੋ ਡਰਾਇਵਰਾਂ ਨੂੰ ਲਾਜ਼ਮੀ ਕਰਨ, ਫ਼ਿਟਨੈੱਸ ਸਰਟੀਫ਼ਿਕੇਟ ਤੇ ਓਵਰਲੋਡਿੰਗ ‘ਤੇ ਰਿਆਇਤ ਜਿਹੀਆਂ ਪੇਸਕਸ਼ਾਂ ਕੀਤੀਆਂ ਗਈਆਂ ਸਨ।
ਇਸ ਦੇ ਬਾਵਜੂਦ ਸਹਿਮਤੀ ਨਾ ਬਣਨ ਕਾਰਨ ਹੁਣ ਹੜਤਾਲ ਤੈਅ ਮੰਨੀ ਜਾ ਰਹੀ ਹੈ। ਜੇ ਹੜਤਾਲ ਸ਼ੁਰੂ ਹੁੰਦੀ ਹੈ, ਤਾਂ ਦੇਸ਼ ਭਰ ‘ਚ ਲਗਭਗ 90 ਲੱਖ ਟਰੱਕ ਤੇ 50 ਲੱਖ ਬੱਸਾਂ ਦੇ ਪਹੀਏ ਰੁਕ ਸਕਦੇ ਹਨ। ਇਸ ਹੜਤਾਲ ਕਾਰਨ ਖਾਣ-ਪੀਣ ਤੇ ਰੋਜ਼ਾਨਾ ਵਰਤੋਂ ‘ਚ ਆਉਣ ਵਾਲੀਆਂ ਵਸਤਾਂ ਟਰੱਕ ਭਰ ਕੇ ਆਉਂਦੀਆਂ ਹਨ, ਦੀਆਂ ਕੀਮਤਾਂ ਵਧਣ ਦਾ ਖ਼ਦਸ਼ਾ ਹੈ। ਟਰੱਕਾਂ ਦੇ ਪਹੀਏ ਰੁਕਣ ਨਾਲ ਆਮ ਵਸਤਾਂ ਦੀ ਸਪਲਾਈ ਪ੍ਰਭਾਵਿਤ ਹੋਵੇਗੀ, ਜਿਸ ਦਾ ਸਿੱਧਾ ਅਸਰ ਖਪਤਕਾਰਾਂ ‘ਤੇ ਪਵੇਗਾ। ਇਸ ਹੜਤਾਲ ਨਾਲ ਰੋਜਾਨਾ 2,000 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ।